ਪੰਜਾਬ ਇਸਤਰੀ ਸਭਾ ਦੀ 16ਵੀਂ ਸੂਬਾਈ ਕਾਨਫਰੰਸ ਅੱਜ ਤੇ ਭਲਕੇ

0
317

ਜਲੰਧਰ : ਪੰਜਾਬ ਇਸਤਰੀ ਸਭਾ ਦੀ 16ਵੀਂ ਸੂਬਾਈ ਕਾਨਫਰੰਸ 7-8 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਹੈ | ਇਸ ਦੀ ਤਿਆਰੀ ਨੂੰ ਅੰਤਮ ਛੋਹ ਦੇਣ ਲਈ ਪੰਜਾਬ ਇਸਤਰੀ ਸਭਾ ਦੇ ਆਗੂ ਜਨਰਲ ਸਕੱਤਰ ਰਾਜਿੰਦਰਪਾਲ ਕੌਰ, ਸੂਬਾਈ ਸਰਪ੍ਰਸਤ ਨਰਿੰਦਰਪਾਲ, ਸਕੱਤਰ ਨਰਿੰਦਰ ਸੋਹਲ, ਮੀਤ ਪ੍ਰਧਾਨ ਰੂਪਿੰਦਰ ਮਾੜੀ ਮੇਘਾ ਸ਼ੁੱਕਰਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ | ਆਗੂਆਂ ਨੇ ਕਿਹਾ ਕਿ ਜਦੋਂ ਸਾਡੀ 16ਵੀਂ ਸੂਬਾਈ ਕਾਨਫਰੰਸ ਹੋ ਰਹੀ ਹੈ ਤਾਂ ਦੇਸ਼ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਬੀ ਜੇ ਪੀ ਸਰਕਾਰ ਮਸਲੇ ਹੱਲ ਕਰਨ ਦੀ ਥਾਂ ਉਲਝਾ ਰਹੀ ਹੈ | ਧਰਮਾਂ, ਫਿਰਕਿਆਂ ਅਤੇ ਜਾਤਾਂ ਦੇ ਨਾਂਅ ‘ਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਅ ਕੇ ਭਰਾ ਮਾਰੂ ਜੰਗ ਵੱਲ ਧੱਕਿਆ ਜਾ ਰਿਹਾ ਹੈ | ਮਨੀਪੁਰ ਅਤੇ ਹਰਿਆਣਾ ਇਸ ਦੀਆਂ ਤਾਜ਼ਾ ਉਦਾਹਰਣਾਂ ਹਨ | ਸਿੱਖਿਆ ਦਿਨੋਂ-ਦਿਨ ਮਹਿੰਗੀ ਅਤੇ ਗੈਰ ਮਿਆਰੀ ਹੁੰਦੀ ਜਾ ਰਹੀ ਹੈ | ਸਿੱਖਿਆ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀ ਅਜ਼ਾਦੀ ਲਈ ਮਰ-ਮਿਟਣ ਵਾਲੇ ਪਰਵਾਨਿਆਂ ਨੂੰ ਇਸ ਤੋਂ ਦੂਰ ਕੀਤਾ ਜਾ ਰਿਹਾ ਹੈ ਤਾਂ ਕਿ ਨਵੀਂ ਪੀੜ੍ਹੀ ਉਹਨਾ ਦੇ ਆਦਰਸ਼ ‘ਤੇ ਚੱਲਦਿਆਂ ਸਰਮਾਏਦਾਰੀ ਲਈ ਖਤਰਾ ਨਾ ਬਣ ਜਾਵੇ | ਬੇਰੁਜ਼ਗਾਰੀ ਦਿਨ-ਬਦਿਨ ਵਧਦੀ ਜਾ ਰਹੀ ਹੈ | ਜਿਸ ਦੇ ਚੱਲਦੇ ਨੌਜਵਾਨ ਵਿਦੇਸ਼ਾਂ ਵੱਲ ਮੁਹਾਜ਼ਾਂ ਮੋੜ ਰਿਹਾ ਹੈ, ਜਿਸ ਨਾਲ ਦੇਸ਼ ਦਾ ਦਿਮਾਗ ਅਤੇ ਧਨ ਵਿਦੇਸ਼ਾਂ ਦੀ ਸ਼ਾਨ ਵਧਾ ਰਿਹਾ ਹੈ | ਅਨੇਕਾਂ ਨੌਜਵਾਨ ਨਸ਼ਿਆਂ ਵਿੱਚ ਪੈ ਕੇ ਜਵਾਨੀ ਤਬਾਹ ਕਰ ਰਹੇ ਹਨ | ਪੰਜਾਬ ਇਸਤਰੀ ਸਭਾ ਇਸ ‘ਤੇ ਗਹਿਰੀ ਚਿੰਤਾ ਵਿਅਕਤ ਕਰਦੀ ਹੈ | ਇਹ ਕਾਨਫਰੰਸ ਮਹਿਲਾ ਰਾਖਵਾਂਕਰਨ ਐਕਟ ‘ਤੇ ਵੀ ਵਿਚਾਰ ਕਰੇਗੀ ਕਿ ਇਸ ਨੂੰ ਲਾਗੂ ਕਰਵਾਉਣ ਵਾਸਤੇ ਕੀ ਕਰਨਾ ਚਾਹੀਦਾ ਹੈ | ਪ੍ਰਬੰਧਾਂ ਵਿੱਚ ਕਾਮਰੇਡ ਰਛਪਾਲ ਕੈਲੇ, ਖੇਤ ਮਜ਼ਦੂਰ ਸਭਾ ਜ਼ਿਲ੍ਹਾ ਪ੍ਰਧਾਨ ਵੀਰ ਕੁਮਾਰ, ਨੌਜਵਾਨ ਆਗੂ ਪੰਕਜ ਵੀ ਪੂਰੀ ਤਰ੍ਹਾਂ ਰੁੱਝੇ ਹੋਏ ਸਨ | ਵਿਦਿਆਰਥੀ ਆਗੂ ਲਵਪ੍ਰੀਤ ਮਾੜੀ ਮੇਘਾ ਵਲੰਟੀਅਰ ਇੰਚਾਰਜ ਅਤੇ ਵਲੰਟੀਅਰ ਗੁਰਵਿੰਦਰ ਵੀ ਮੌਜੂਦ ਸਨ |

LEAVE A REPLY

Please enter your comment!
Please enter your name here