ਪੰਜਾਬ ਇਸਤਰੀ ਸਭਾ ਦੀਆਂ ਜੜ੍ਹਾਂ ਮਜ਼ਬੂਤ ਤੇ ਵਿਰਾਸਤ ਮਾਣਮੱਤੀ : ਡਾ. ਨਵਸ਼ਰਨ

0
198

ਕਾਮਰੇਡ ਗੀਤਾ ਮੁਖਰਜੀ ਹਾਲ/ਜਲੰਧਰ (ਗਿਆਨ ਸੈਦਪੁਰੀ)
ਪੰਜਾਬ ਇਸਤਰੀ ਸਭਾ ਦੀ ਸੋਲ੍ਹਵੀਂ ਸੂਬਾ ਕਾਨਫਰੰਸ ਸ਼ਾਨਦਾਰ ਉਦਘਾਟਨੀ ਰਸਮਾਂ ਨਾਲ ਸ਼ੁਰੂ ਹੋਈ। ਸਭਾ ਦੀ ਸਰਪ੍ਰਸਤ ਕਾਮਰੇਡ ਨਰਿੰਦਰਪਾਲ ਕੌਰ ਪਾਲੀ ਵੱਲੋਂ ਸਭਾ ਦਾ ਝੰਡਾ ਝੁਲਾਇਆ ਗਿਆ। ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂ ਗਣੇਸ਼ ਪਿੰਗਲੇ ਹਾਲ ਨੂੰ ਆਰਜ਼ੀ ਤੌਰ ’ਤੇ ਬਣਾਏ ‘ਕਾਮਰੇਡ ਗੀਤਾ ਮੁਖਰਜੀ ਹਾਲ’ ਵਿੱਚ ਪ੍ਰਧਾਨਗੀ ਮੰਡਲ ਨੂੰ ਪੰਜਾਬ ਇਸਤਰੀ ਸਭਾ ਦੇ ਜਨਰਲ ਸਕੱਤਰ ਕਾਮਰੇਡ ਰਜਿੰਦਰ ਪਾਲ ਕੌਰ ਨੇ ਮੰਚ ’ਤੇ ਬੁਲਾਇਆ। ਇਸ ਵਿੱਚ ਨਰਿੰਦਰ ਪਾਲ ਕੌਰ ਪਾਲੀ, ਕੁਸ਼ਲ ਭੌਰਾ, ਨਿਸ਼ਾ ਸਿੱਧੂ, ਬੰਤ ਸਿੰਘ ਬਰਾੜ, ਜੀਤ ਕੁਮਾਰੀ ਤੇ ਗੁਰਚਰਨ ਕੌਰ ਕੋਚਰ ਆਦਿ ਸ਼ਾਮਲ ਸਨ।
ਸ਼ੁਰੂ ਵਿੱਚ ਸੁਰਜੀਤ ਕੌਰ ਕਾਲੜਾ ਨੇ ਕਾਮਰੇਡ ਅਮੋਲਕ ਦੀ ਰਚਨਾ ਤਰੰਨਮ ਵਿੱਚ ਪੇਸ਼ ਕੀਤੀ, ਜਿਸ ਨੇ ਸਭ ਦਾ ਧਿਆਨ ਖਿੱਚਿਆ। ਕਾਨਫਰੰਸ ਵਿੱਚ ਭਾਰਤੀ ਮਹਿਲਾ ਫੈਡਰੇਸ਼ਨ ਦੀ ਆਗੂ ਨਿਸ਼ਾ ਸਿੱਧੂ ਨਿਗਰਾਨ ਵਜੋਂ ਸ਼ਾਮਲ ਹੋਏ ਅਤੇ ਮੁੱਖ ਮਹਿਮਾਨ ਵਜੋਂ ਡਾਕਟਰ ਨਵਸ਼ਰਨ ਕਾਨਫਰੰਸ ਦਾ ਹਿੱਸਾ ਬਣੇ। ਡਾ. ਨਵਸ਼ਰਨ ਦੀ ਵੰਗਾਰਮਈ ਅਤੇ ਜਜ਼ਬਾਤੀ ਤਕਰੀਰ ਨੇ ਮਾਹੌਲ ਨੂੰ ਬੇਹੱਦ ਸੰਜੀਦਾ ਬਣਾ ਦਿੱਤਾ। ਉਨ੍ਹਾ ਕਿਹਾ ਕਿ ਜਦੋਂ ਸਟੇਟ ਪੱਖਪਾਤੀ ਹੋ ਜਾਵੇ ਤਾਂ ਔਰਤਾਂ ਨੂੰ ਹੀ ਵੱਧ ਸੰਤਾਪ ਹੰਢਾਉਣਾ ਪੈਂਦਾ ਹੈ। ਉਨ੍ਹਾ ਯਾਦ ਕਰਵਾਇਆ ਕਿ ਮਨੀਪੁਰ ਅਤੇ ਹਾਥਰਸ ਦੀਆਂ ਦਰਿੰਦਗੀ ਭਰੀਆਂ ਘਟਨਾਵਾਂ ਨਾਲ ਭਾਰਤ ਦੀ ਰੂਹ ਕੰਬ ਉੱਠੀ ਸੀ। ਉਨ੍ਹਾ ਕਿਹਾ ਕਿ ਭਾਰਤੀ ਸਟੇਟ ਨੇ ਆਪਣੇ-ਆਪ ਨੂੰ ਅਨੇਕਾਂ ਕਾਲੇ ਕਾਨੂੰਨਾਂ ਨਾਲ ਲੈਸ ਕਰ ਲਿਆ ਹੈ ਅਤੇ ਭਾਰਤੀ ਲੋਕਾਂ ਨੂੰ ਤਾਕਤਹੀਣ ਕਰਨ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਦੇਸ਼ ਦੇ ਹਾਕਮਾਂ ਨੇ ਹੀ ਦੇਸ਼ ਵਾਸੀਆਂ ਵਿਰੁੱਧ ਜੰਗ ਛੇੜ ਰੱਖੀ ਹੈ। ਡਾ. ਨਵਸ਼ਰਨ ਨੇ ਕਿਹਾ ਕਿ ਅੱਜ ਅਸੀਂ ਇਤਿਹਾਸ ਦੇ ਉਸ ਪੜਾਅ ’ਤੇ ਖੜੇ ਹਾਂ, ਜੋ ਬਹੁਤ ਖਤਰਨਾਕ ਹੈ।
ਇਸ ਤੋਂ ਪਹਿਲਾਂ ਭਾਰਤੀ ਮਹਿਲਾ ਫੈਡਰੇਸ਼ਨ ਦੀ ਆਗੂ ਨਿਸ਼ਾ ਸਿੱਧੂ ਨੇ ਪੰਜਾਬ ਇਸਤਰੀ ਸਭਾ ਨਾਲ ਜੁੜੀਆਂ ਰਹੀਆਂ ਮਹਾਨ ਔਰਤਾਂ ਦੇ ਹਵਾਲੇ ਨਾਲ ਕਿਹਾ ਕਿ ਸਭਾ ਦੀਆਂ ਜੜ੍ਹਾਂ ਬੜੀਆਂ ਮਜ਼ਬੂਤ ਤੇ ਵਿਰਾਸਤ ਮਾਣਮੱਤੀ ਹੈ। ਉਨ੍ਹਾ ਕਿਹਾ ਕਿ ਦੇਸ਼ ਦੇ ਹਾਕਮਾਂ ਨੇ ਹੀ ਮਨੀਪੁਰ ਦੀ ਬੁਰੀ ਹਾਲਤ ਕੀਤੀ ਹੈ। ਉਨ੍ਹਾ ਸੱਦਾ ਦਿੱਤਾ ਕਿ ਜਿੱਥੇ ਤੇ ਜਦੋਂ ਵੀ ਮੌਕਾ ਮਿਲੇ, ਉਨ੍ਹਾਂ ਦੀ ਘੇਰਾਬੰਦੀ ਕਰੋ। ਉਨ੍ਹਾ ਕਿਹਾ ਕਿ ਹਾਕਮਾਂ ਨੇ ਸਿਆਸਤ ਨੂੰ ਦੂਸ਼ਿਤ ਕਰ ਦਿੱਤਾ ਹੈ। ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਔਰਤ ਅਤੇ ਕੁਦਰਤ ਸਿਰਜਣਾ ਕਰਦੀਆਂ ਹਨ। ਇਹਨਾਂ ਦੋਹਾਂ ਦਾ ਹੀ ਮਾਣ-ਸਤਿਕਾਰ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਜਾਤੀ ਤੌਰ ’ਤੇ ਔਰਤ ਨੂੰ ਪ੍ਰੀਭਾਸ਼ਤ ਨਹੀਂ ਕੀਤਾ ਜਾ ਸਕਦਾ, ਇਸ ਦੇ ਬੜੇ ਸਰੂਪ ਹਨ। ਜਮਾਤੀ ਤੌਰ ’ਤੇ ਔਰਤ ਸਮਾਜ ਦਾ ਅਹਿਮ ਹਿੱਸਾ ਹੈ। ਬਰਾੜ ਨੇ ਕਿਹਾ ਕਿ ਔਰਤ ਨੂੰ ਆਰਥਕ ਤੌਰ ’ਤੇ ਆਤਮ-ਨਿਰਭਰ ਹੋਣਾ ਲਾਜ਼ਮੀ ਹੈ। ਉਨ੍ਹਾ ਕਿਹਾ ਕਿ ਔਰਤਾਂ ਭਾਈ ਲਾਲੋਆਂ ਨੂੰ ਸੱਤਾ ਵਿੱਚ ਲਿਆਉਣ ਲਈ ਸੰਘਰਸ਼ ਕਰ ਰਹੀਆਂ ਹਨ। ਉਨ੍ਹਾ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਪੰਜਾਬ ਇਸਤਰੀ ਸਭਾ ਨੂੰ ਸ਼ਾਨਦਾਰ ਕਾਨਫਰੰਸ ਲਈ ਵਧਾਈ ਦਿੱਤੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਪੰਜਾਬ ਇਸਤਰੀ ਸਭਾ ਦੀ ਹੋਰ ਮਜ਼ਬੂਤੀ ਦੀ ਕਾਮਨਾ ਕੀਤੀ। ਉਹਨਾ ਗਦਰੀ ਬਾਬਿਆਂ ਦੇ ਮੇਲੇ ਲਈ ਫੰਡ ਦੀ ਵੀ ਅਪੀਲ ਕੀਤੀ। ਉਨ੍ਹਾ ਵੀ ਸਭਾ ਨੂੰ ਵਧਾਈ ਦਿੱਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਸਭਾ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਕਾਨਫਰੰਸ ਉਪਰੰਤ ਸਭਾ ਹੋਰ ਮਜ਼ਬੂਤ ਹੋਵੇਗੀ ਤੇ ਔਰਤਾਂ ਦੇ ਹੱਕਾਂ ਲਈ ਵਧੇਰੇ ਲਾਮਬੰਦ ਹੋਵੇਗੀ।
ਕਾਨਫਰੰਸ ਵਿੱਚ ਕਾਮਰੇਡ ਕੁਸ਼ਲ ਭੋਰਾ ਦੀ ਕਿਤਾਬ ‘ਦਾਸਤਾਨੇ-ਚਮਨ’ ਰਿਲੀਜ਼ ਕੀਤੀ ਗਈ। ਸਤਨਾਮ ਕੌਰ ਨੇ ਕਿਤਾਬ ’ਤੇ ਪੇਪਰ ਪੜ੍ਹਿਆ। ਡਾ. ਗੁਰਚਰਨ ਗਾਂਧੀ ਨੇ ਕਿਤਾਬ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾ ਪੰਜਾਬ ਇਸਤਰੀ ਸਭਾ ਦੀ ਇਤਿਹਾਸਕ ਭੂਮਿਕਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਨੇ ਭਵਿੱਖ ਦੀ ਪੀੜ੍ਹੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਪੰਜਾਬ ਇਸਤਰੀ ਸਭਾ ਵੱਲੋਂ ਕਾਨਫਰੰਸ ਦਾ ਹਿੱਸਾ ਬਣੇ ਵੱਖ-ਵੱਖ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਕਾਨਫਰੰਸ ਦੌਰਾਨ ਸਟੇਜ ਸੰਚਾਲਨ ਕਰ ਰਹੀਆਂ ਰਜਿੰਦਰ ਪਾਲ ਕੌਰ ਤੇ ਨਰਿੰਦਰ ਸੋਹਲ ਨੇ ਵੱਖ-ਵੱਖ ਆਗੂਆਂ ਬਾਰੇ ਖੂਬਸੂਰਤ ਸ਼ਬਦਾਂ ਰਾਹੀਂ ਜਾਣਕਾਰੀ ਸਾਂਝੀ ਕੀਤੀ। ਕਾਨਫਰੰਸ ਵਿੱਚ ਉੱਘੇ ਪੱਤਰਕਾਰ ਤੇ ਚਿੰਤਕ ਜਤਿੰਦਰ ਪਨੂੰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਹੋਰਨਾਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਸਾਥੀ ਅਮੋਲਕ ਸਿੰਘ, ਡਾ. ਸੈਲੇਸ਼, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਛਪਾਲ ਕੈਲੇ ਅਤੇ ਪ੍ਰੈੱਸ ਕਲੱਬ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਰਾਜੇਸ਼ ਥਾਪਾ ਵੀ ਕਾਨਫਰੰਸ ਦਾ ਹਿੱਸਾ ਬਣੇ। ਖਬਰ ਲਿਖੇ ਜਾਣ ਵੇਲੇ ਤੱਕ ਕਾਨਫਰੰਸ ਜਾਰੀ ਸੀ ਤੇ ਨੌਜਵਾਨਾਂ ਦੀ ਟੀਮ ਲਵਪ੍ਰੀਤ ਮਾੜੀਮੇਘਾ ਦੀ ਅਗਵਾਈ ਵਿੱਚ ਵਲੰਟੀਅਰਾਂ ਵਜੋਂ ਸੇਵਾ ਨਿਭਾਅ ਰਹੀ ਸੀ। ਇਹ ਕਾਨਫਰੰਸ 8 ਅਕਤੂਬਰ (ਐਤਵਾਰ) ਨੂੰ ਵੀ ਜਾਰੀ ਰਹੇਗੀ।

LEAVE A REPLY

Please enter your comment!
Please enter your name here