ਫਰੀਦਕੋਟ (ਐਲਿਗਜੈਂਡਰ ਡਿਸੂਜਾ)-‘‘ਪੰਜਾਬ ਖੇਤ ਮਜ਼ਦੂਰ ਸਭਾ ਸੰਬੰਧਤ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਅਗਲੇ ਮਹੀਨੇ ਫਰੀਦਕੋਟ ਵਿੱਚ ਹੋਣ ਜਾ ਰਹੀ ਸੂਬਾ ਕਾਨਫਰੰਸ ਜਿੱਥੇ ਸਮਾਜ ਦੇ ਸਭ ਤੋਂ ਲਿਤਾੜੇ ਹੋਏ ਦਿਹਾਤੀ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ਾਂ ਦਾ ਨਵਾਂ ਪ੍ਰੋਗਰਾਮ ਲੈ ਕੇ ਆਵੇਗੀ, ਉੱਥੇ ਦੇਸ਼ ਦੇ ਮੌਜੂਦਾ ਨਾਜ਼ੁਕ ਸਿਆਸੀ ਦੌਰ ਵਿੱਚ ਮਿਹਨਤਕਸ਼ ਜਮਾਤ ਨੂੰ ਲਾਮਬੰਦ ਕਰਨ ਦਾ ਕੰਮ ਵੀ ਕਰੇਗੀ।’’ ਇਹ ਸ਼ਬਦ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਦੀ ਵਧਾਈ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਹੇ। ਕਾਮਰੇਡ ਅਰਸ਼ੀ ਨੇ ਕਿਹਾ ਕਿ ਭਾਵੇਂ ਇਹ ਦੋ ਰੋਜ਼ਾ ਕਾਨਫਰੰਸ 25-26 ਨਵੰਬਰ ਨੂੰ ਹੋਵੇਗੀ, ਪਰ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਮੈਂਬਰਾਂ ਨੂੰ ਹੁਣ ਤੋਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਾਮਰੇਡ ਸ਼ਾਮ ਸੁੰਦਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ, ਮੀਤ ਸਕੱਤਰ ਗੁਰਨਾਮ ਸਿੰਘ, ਮੀਤ ਸਕੱਤਰ ਬਲਵੀਰ ਸਿੰਘ ਔਲਖ, ਗੁਰਚਰਨ ਸਿੰਘ ਮਾਨ, ਗੋਰਾ ਪਿਪਲੀ, ਮਾਸਟਰ ਦਰਸ਼ਨ ਸਿੰਘ ਔਲਖ, ਗਿਆਨੀ ਬਚਿੱਤਰ ਸਿੰਘ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ‘ਕੰਮ ਦਿਹਾੜੀ ਸਮਾਂ’ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੀ ਨਿੰਦਾ ਕਰਦੇ ਹੋਏ ਇਸ ਨੂੰ ਇਤਿਹਾਸ ਦਾ ਪਹੀਆ 1886 ਤੋਂ ਪਿਛਾਂਹ ਧੱਕਣ ਦਾ ਯਤਨ ਅਤੇ ਸ਼ਿਕਾਗੋ ਦੇ ਸ਼ਹੀਦਾਂ ਦਾ ਨਿਰਾਦਰ ਕਰਾਰ ਦਿੱਤਾ, ਜਿਨ੍ਹਾਂ ਦੀ ਯਾਦ ਵਿੱਚ ਸੰਸਾਰ ਭਰ ਦੀ ਮਿਹਨਤਕਸ਼ ਜਮਾਤ ਪਹਿਲੀ ਮਈ ਦਾ ਦਿਨ ਮਨਾਉਂਦੀ ਹੈ। ਹੋਰ ਵੀ ਮਾੜੀ ਗੱਲ ਇਹ ਹੈ ਕਿ ਇਹ ਕੰਮ ਉਸ ਸਰਕਾਰ ਨੇ ਕੀਤਾ ਹੈ, ਜੋ ਆਪਣੇ-ਆਪ ਨੂੰ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਦਕਰ ਦੇ ਵਾਰਿਸ ਹੋਣ ਦਾ ਦਾਅਵਾ ਕਰਦੀ ਹੈ। ਨਰੇਗਾ ਮਜ਼ਦੂਰ ਆਗੂ ਬੀਬੀ ਕਰਮਜੀਤ ਕੌਰ ਮਚਾਕੀ, ਗੁਰਮੇਲ ਸਿੰਘ ਲਾਲੇਆਣਾ ਅਤੇ ਚਰਨਜੀਤ ਸਿੰਘ ਚੰਮੇਲੀ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਅਤੇ ਸਾਲ ਵਿਚ 200 ਦਿਨ ਕੰਮ ਦਿੱਤਾ ਜਾਵੇ। ਸੋਮ ਨਾਥ ਅਰੋੜਾ ਵੱਲੋਂ ਪੇਸ਼ ਕੀਤਾ ਇੱਕ ਮਤਾ ਪਾਸ ਕਰਕੇ ਮੋਦੀ ਸਰਕਾਰ ਵੱਲੋਂ ‘ਨਿਊਜ਼ ਕਲਿਕ’ ਨਾਲ ਸੰਬੰਧਤ ਪੱਤਰਕਾਰਾਂ ਦੇ ਘਰਾਂ ਅਤੇ ਦਫ਼ਤਰਾਂ ਦੇ ਤੀਹ ਟਿਕਾਣਿਆਂ ’ਤੇ ਛਾਪੇਮਾਰੀ ਕਰਨ ਅਤੇ ਇਸ ਸਮਾਚਾਰ ਸੰਸਥਾ ਦੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਅਤੇ ਸੀਨੀਅਰ ਸਹਿਯੋਗੀ ਅਮਿਤ ਚੱਕਰਵਰਤੀ ’ਤੇ ‘ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ’ ਦੀਆਂ ਸੰਗੀਨ ਧਾਰਾਵਾਂ ਤਹਿਤ ਝੂਠਾ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸਰਬਸੰਮਤੀ ਨਾਲ ਪਾਸ ਇਸ ਮਤੇ ਵਿੱਚ ਕਿਹਾ ਗਿਆ ਕਿ ਮੋਦੀ ਸਰਕਾਰ ਵੱਲੋਂ ਉਸ ਦੀਆਂ ਲੋਕ ਵਿਰੋਧੀ ਨੀਤੀਆਂ ਨਾਲ ਅਸਹਿਮਤ ਹਰ ਪੱਤਰਕਾਰ, ਸਿਆਸੀ ਆਗੂ ਅਤੇ ਸਮਾਜਿਕ ਕਾਰਕੁੰਨ ਨੂੰ ਦੇਸ਼ ਧ੍ਰੋਹ ਦੇ ਝੂਠੇ ਕੇਸ ਦਰਜ ਕਰਕੇ ਦਬਾਇਆ ਜਾ ਰਿਹਾ ਹੈ, ਜਿਸ ਦਾ ਕਮਿਊਨਿਸਟ ਪਾਰਟੀ ਡਟ ਕੇ ਵਿਰੋਧ ਕਰਦੀ ਰਹੇਗੀ।
ਇਸ ਮੌਕੇ ਸੁਖਜਿੰਦਰ ਸਿੰਘ ਤੂੰਬੜਭੰਨ, ਪ੍ਰਦੀਪ ਬਰਾੜ, ਕੁਲਵੰਤ ਸਿੰਘ ਚਾਨੀ, ਸੁਖਚਰਨ ਸਿੰਘ ਪੀ ਆਰ ਟੀ ਸੀ, ਸੁਖਦਰਸ਼ਨ ਰਾਮ, ਇਸਤਰੀ ਆਗੂ ਸ਼ਸ਼ੀ ਸ਼ਰਮਾ ਅਤੇ ਬੀਬੀ ਮਨਜੀਤ ਕੌਰ, ਗੁਰਦੀਪ ਸਿੰਘ ਦੀਪ ਸਿੰਘ ਵਾਲਾ, ਉੱਤਮ ਸਿੰਘ ਸਾਦਿਕ, ਸੁਖਚੈਨ ਸਿੰਘ ਥਾਂਦੇਵਾਲਾ ਅਤੇ ਜਸਪਾਲ ਸਿੰਘ ਦੀਪ ਸਿੰਘ ਵਾਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਭ ਨੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਕਾਨਫਰੰਸ ਨੂੰ ਸਫਲ ਬਣਾਉਣ ਦਾ ਪ੍ਰਣ ਕੀਤਾ।





