ਯੇਰੂਸ਼ਲਮ : ਗਾਜ਼ਾ ਪੱਟੀ ਨੇ ਸ਼ਨੀਵਾਰ ਇਜ਼ਰਾਇਲ ਵੱਲ ਸੈਂਕੜੇ ਰਾਕੇਟ ਦਾਗੇ। ਇਨ੍ਹਾਂ ਹਮਲਿਆਂ ’ਚ 40 ਤੋਂ ਵੱਧ ਮੌਤਾਂ ਤੇ 700 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਤੋਂ ਬਾਅਦ ਇਜ਼ਰਾਇਲ ’ਚ ਚੇਤਾਵਨੀ ਵਾਲੇ ਸਾਇਰਨ ਵੱਜਣ ਲੱਗੇ। ਉਥੇ ਦੀ ਫੌਜ ਨੇ ਯੁੱਧ ਦਾ ਐਲਾਨ ਕਰ ਦਿੱਤਾ। ਕੁਝ ਇਲਾਕਿਆਂ ’ਚ ਅੱਤਵਾਦੀਆਂ ਖਿਲਾਫ਼ ਅਪਰੇਸ਼ਨ ਚਲਾਏ ਜਾ ਰਹੇ ਹਨ। ਅੱਤਵਾਦੀਆਂ ਸਭ ਤੋਂ ਪਹਿਲਾਂ ਇਜ਼ਰਾਇਲ ’ਚ ਹਜ਼ਾਰਾਂ ਦੀ ਗਿਣਤੀ ’ਚ ਰਾਕੇਟ ਦਾਗੇ। ਉਸ ਤੋਂ ਬਾਅਦ ਜ਼ਮੀਨ ਦੇ ਰਸਤੇ ਹਮਲਾ ਕਰਦੇ ਹੋਏ ਇਜ਼ਰਾਇਲ ’ਚ ਦਾਖ਼ਲ ਹੋ ਗਏ ਹਨ। ਕੁਝ ਅੱਤਵਾਦੀ ਪੈਰਾ-ਗਲਾਈਡਿੰਗ ਦਾ ਇਸਤੇਮਾਲ ਕਰਕੇ ਦਾਖ਼ਲ ਹੋਏ। ਕੁਝ ਅੱਤਵਾਦੀ ਸੜਕੀ ਮਾਰਗ ਰਾਹੀਂ ਇਜ਼ਰਾਇਲ ’ਚ ਦਾਖ਼ਲ ਹੋਏ ਅਤੇ ਉਨ੍ਹਾਂ ਜਿਸ ਨੂੰ ਦੇਖਿਆ, ਉਸ ਨੂੰ ਗੋਲੀ ਮਾਰ ਦਿੱਤੀ। ਅਚਾਨਕ ਵੱਡੇ ਪੱਧਰ ’ਤੇ ਹੋਏ ਇਸ ਹਮਲੇ ਤੋਂ ਬਾਅਦ ਇਜ਼ਰਾਇਲ ’ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਖ਼ਬਰਾਂ ਅਨੁਸਾਰ ਸ਼ਨੀਵਾਰ ਸਵੇਰੇ 6.30 ਵਜੇ ਗਾਜ਼ਾ ’ਚ ਕਈ ਸਥਾਨਾਂ ਤੋਂ ਰਾਕੇਟ ਦਾਗੇ ਗਏ। ਇਜ਼ਰਾਇਲ ਦੇ ਸ਼ਹਿਰ ਕੁਸੇਇਫ਼ ’ਚ ਕਈ ਰਾਕੇਟ ਦਾਗੇ ਗਏ, ਜਿਸ ’ਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕੁਸੇਇਫ਼ ਦੱਖਣੀ ਇਜ਼ਰਾਇਲ ਦਾ ਸ਼ਹਿਰ ਹੈ, ਜੋ ਗਾਜ਼ਾ ਪੱਟੀ ਤੋਂ ਲੱਗਭੱਗ 65 ਕਿਲੋਮੀਟਰ ਦੂਰ ਹੈ। ਜ਼ਿਕਰਯੋਗ ਹੈ ਕਿ ਹਮਾਸ ਅੱਤਵਾਦੀਆਂ ਨੇ ਕਈ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਮਰਜੈਂਸੀ ਮੀਟਿੰਗ ਬੁਲਾਈ। ਇਜ਼ਰਾਇਲ ਨੇ ਜੰਗ ਦਾ ਬਿਗਲ ਵਜਾ ਦਿੱਤਾ ਹੈ। ਹਮਾਸ ਨੂੰ ਅੰਜ਼ਾਮ ਭੁਗਤਣ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਇਜ਼ਰਾਇਲ ਦੀ ਫੌਜ ਨੇ ਕਿਹਾ ਕਿ ਗਾਜ਼ਾ ਵੱਲੋਂ ਅੱਤਵਾਦੀਆਂ ਨੇ ਘੁਸਪੈਠ ਕੀਤੀ ਹੈ। ਅਸੀਂ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ ਕਰਦੇ ਹਾਂ। ਇਜ਼ਰਾਇਲ ਡਿਫੈਂਸ ਫੋਰਸ ਨੇ ਯੁੱਧ ਲਈ ਤਿਆਰੀ ਦਾ ਐਲਾਨ ਕੀਤਾ ਹੈ। ਇਜ਼ਰਾਇਲ ਨੇ ਕਿਹਾ ਕਿ ਹਮਾਸ ਸਾਡੀ ਸਰਹੱਦ ’ਤੇ ਬੈਠੇ ਲੋਕਾਂ ਨੂੰ ਹਮਲਿਆਂ ’ਚ ਸ਼ਾਮਲ ਹੋਣ ਲਈ ਉਕਸਾਅ ਰਿਹਾ ਹੈ। ਅੱਤਵਾਦੀ ਸੰਗਠਨ ਹਮਾਸ ਦੇ ਬੁਲਾਰੇ ਮੁਹੰਮਦ ਦੀਫ਼ ਨੇ ਲਿਬਨਾਨ, ਸੀਰੀਆ, ਇਰਾਕ ਅਤੇ ਈਰਾਨ ਨੂੰ ਇਸਲਾਮ ਦੇ ਨਾਂਅ ’ਤੇ ਇੱਕ ਹੋਣ ਦੀ ਅਪੀਲ ਕੀਤੀ ਹੈ। ਦੀਫ਼ ਨੇ ਇਜ਼ਰਾਇਲ ’ਤੇ ਹਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ’ਚ ਮੌਜੂਦ ਫਲਸਤੀਨ ਦੇ ਨਾਗਰਿਕਾਂ ਨੂੰ ਇਜ਼ਰਾਇਲ ਖਿਲਾਫ਼ ਖੜੇ ਰਹਿਣਾ ਚਾਹੀਦਾ ਹੈ। ਉਨ੍ਹਾ ਆਪਣੇ ਇੱਕ ਟਵੀਟ ’ਚ ਕਿਹਾ ਕਿ ਅਸੀਂ ਇਜ਼ਰਾਇਲ ਖਿਲਾਫ਼ ਅੱਜ ਅਲ ਅਕਸਾ ਸਟਾਰਮ ਅਪ੍ਰੇਸ਼ਨ ਦੀ ਸ਼ੁਰੂਆਤ ਕੀਤੀ ਹੈ। ਅਲ ਅਕਸਾ ਦਾ ਗੁੱਸਾ ਸਾਡੇ ਦੇਸ਼ ਦਾ ਗੁੱਸਾ ਹੈ। ਹੱਥ ’ਚ ਬੰਦੂਕ ਰੱਖਣ ਵਾਲੇ ਹਰ ਵਿਅਕਤੀ ਨੂੰ ਘਰ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ। ਅੱਜ ਇਤਿਹਾਸ ਨੇ ਆਪਣੇ ਸਭ ਤੋਂ ਸ਼ਾਨਦਾਰ ਅਤੇ ਇਤਿਹਾਸਕ ਪੰਨਿਆਂ ਨੂੰ ਖੋਲ੍ਹਿਆ ਹੈ। ਉਨ੍ਹਾ ਇਸਲਾਮ ਨੂੰ ਮੰਨਣ ਵਾਲੇ ਸਾਰੇ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ।





