ਰਜਿੰਦਰਪਾਲ ਕੌਰ ਨਵੀਂ ਪ੍ਰਧਾਨ ਤੇ ਨਰਿੰਦਰ ਸੋਹਲ ਜਨਰਲ ਸਕੱਤਰ

0
218

ਜਲੰਧਰ : ਪੰਜਾਬ ਇਸਤਰੀ ਸਭਾ ਦੀ 16ਵੀਂ ਸੂਬਾਈ ਕਾਨਫਰੰਸ ਦੇ ਦੂਜੇ ਸੈਸ਼ਨ ਵਿੱਚ ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਡੈਲੀਗੇਟਾਂ ਵੱਲੋਂ ਕੀਤੀ ਬਹਿਸ ਉਪਰੰਤ ਸੂਬਾ ਜਨਰਲ ਸਕੱਤਰ ਵੱਲੋਂ ਜਵਾਬ ਦਿੰਦਿਆਂ ਡੈਲੀਗੇਟਾਂ ਵੱਲੋਂ ਦਿੱਤੇ ਸੁਝਾਵਾਂ ਤੇ ਕੀਤੇ ਵਾਧਿਆਂ ਨੂੰ ਪ੍ਰਵਾਨ ਕਰ ਲਿਆ ਗਿਆ। ਪ੍ਰਧਾਨਗੀ ਮੰਡਲ ਵੱਲੋਂ ਰਿਪੋਰਟ ਪਾਸ ਕਰਵਾਈ ਗਈ, ਜਿਸ ਨੂੰ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਨਾਹਰਿਆਂ ਦੀ ਗੂੰਜ ਵਿੱਚ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਤਿੰਨ ਅਹਿਮ ਮਤੇ ਨਰਿੰਦਰ ਸੋਹਲ ਵੱਲੋਂ ‘ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਐਕਟ’ , ਰਜਿੰਦਰਪਾਲ ਕੌਰ ਵੱਲੋਂ ‘ਪ੍ਰੈੱਸ ਦੀ ਆਜ਼ਾਦੀ ਉਤੇ ਹਮਲੇ ਦੀ ਨਿਖੇਧੀ’ ਅਤੇ ਜਸਪ੍ਰੀਤ ਵੱਲੋਂ ‘ਸਿੱਖਿਆ ਅਤੇ ਰੁਜ਼ਗਾਰ’ ਸੰਬੰਧੀ ਪੇਸ਼ ਕੀਤੇ ਗਏ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਐਡਵੋਕੇਟ ਰਜਿੰਦਰ ਮੰਡ ਤੇ ਵਿਦਿਆਰਥੀ ਆਗੂ ਲਵਪ੍ਰੀਤ ਮਾੜੀਮੇਘਾ ਵੱਲੋਂ ਭਰਾਤਰੀ ਸੰਦੇਸ਼ ਦਿੱਤਾ ਗਿਆ। ਐਡਵੋਕੇਟ ਰਜਿੰਦਰ ਮੰਡ ਮੈਂਬਰ ਦੇਸ਼ਭਗਤ ਯਾਦਗਾਰ ਹਾਲ ਕਮੇਟੀ ਅਤੇ ਸਾਬਕਾ ਸਕੱਤਰ ਸੀ ਪੀ ਆਈ ਜ਼ਿਲ੍ਹਾ ਜਲੰਧਰ ਨੇ ਕਿਹਾ ਕਿ ਜਦੋਂ ਫਾਸ਼ੀਵਾਦੀ ਤਾਕਤਾਂ ਘੱਟਗਿਣਤੀਆਂ ਅਤੇ ਔਰਤਾਂ ’ਤੇ ਹਮਲੇ ਕਰ ਰਹੀਆਂ ਹਨ, ਉਸ ਵਕਤ ਔਰਤਾਂ ਨੂੰ ਲਾਮਬੰਦ ਤੇ ਸੁਚੇਤ ਕਰਨਾ ਚੰਗੇ ਸਮਾਜ ਦੀ ਸਿਰਜਣਾ ਵੱਲ ਕਦਮ ਹੈ। ਉਨ੍ਹਾ ਕਿਹਾ ਕਿ ਔਰਤਾਂ ਦੀ ਜੁਡੀਸ਼ਰੀ, ਪ੍ਰਸ਼ਾਸਨਿਕ ਸੇਵਾਵਾਂ ਅਤੇ ਰਾਜਨੀਤਕ ਖੇਤਰ ਵਿੱਚ ਬਰਾਬਰ ਦੀ ਹਿੱਸੇਦਾਰੀ ਹੀ ਦੇਸ਼ ਨੂੰ ਬਚਾ ਸਕਦੀ ਹੈ। ਅਖੀਰ ਵਿੱਚ ਉਨ੍ਹਾ ਕਾਨਫੰਰਸ ਵਿੱਚ ਸ਼ਾਮਲ ਡੈਲੀਗੇਟਾਂ ਨੂੰ ਇਨਕਲਾਬੀ ਸੁਭ ਇੱਛਾਵਾਂ ਦਿਤੀਆਂ।
ਪੁਰਾਣੀ ਸੂਬਾ ਕੌਂਸਲ ਦੀ ਮੀਟਿੰਗ ਵਿੱਚ ਨਵੀਂ ਸੂਬਾ ਕੌਂਸਲ ਦੀ ਤਜਵੀਜ਼ ਪਾਸ ਕੀਤੀ ਗਈ। ਇਸ ਉਪਰੰਤ ਨਵੀਂ 45 ਮੈਂਬਰੀ ਸੂਬਾ ਕੌਂਸਲ ਚੁਣੀ ਗਈ, ਜਿਸ ਨੇ ਸਰਬਸੰਮਤੀ ਨਾਲ ਰਜਿੰਦਰਪਾਲ ਕੌਰ ਨੂੰ ਸੂਬਾ ਪ੍ਰਧਾਨ ਤੇ ਨਰਿੰਦਰ ਸੋਹਲ ਨੂੰ ਸੂਬਾ ਜਨਰਲ ਸਕੱਤਰ ਚੁਣਿਆ। ਕੁਸ਼ਲ ਭੌਰਾ ਨੂੰ ਚੇਅਰਪਰਸਨ ਅਤੇ ਨਰਿੰਦਰਪਾਲ ਪਾਲੀ ਨੂੰ ਪੈਟਰਨ ਚੁਣਿਆ ਗਿਆ। ਦੂਜੇ ਅਹੁਦੇਦਾਰਾਂ ਵਿੱਚ ਸਹਾਇਕ ਸਕੱਤਰ ਵਜੋਂ ਸੀਮਾ ਸੋਹਲ, ਅੰਮਿ੍ਰਤ ਜੋਗਾ, ਜੋਗਿੰਦਰ ਕੌਰ, ਸ਼ਸ਼ੀ ਸ਼ਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਮਾੜੀਮੇਘਾ, ਪ੍ਰਵੀਨ ਕੁਮਾਰੀ, ਤਿ੍ਰਪਤ ਕਾਲੀਆ, ਸੁਮਿਤਰਾ ਰਾਣੀ ਤੇ ਮਨਜੀਤ ਕੌਰ ਫਰੀਦਕੋਟ ਚੁਣੇ ਗਏ। ਇਨਵਾਇਟੀ ਕਰਮਵੀਰ ਬੱਧਨੀ ਨੂੰ ਚੁਣਿਆ ਗਿਆ। ਇਸ ਦੌਰਾਨ ਐੱਨ ਐੱਫ ਆਈ ਡਬਲਿਊ ਦੀ ਨੈਸ਼ਨਲ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ। ਚੋਣ ਉਪਰੰਤ ਨੈਸ਼ਨਲ ਸਕੱਤਰ ਨਿਸ਼ਾ ਸਿੱਧੂ ਨੇ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬ ਇਸਤਰੀ ਸਭਾ ਨੂੰ ਹੋਰ ਮਜ਼ਬੂਤ ਹੋਣ ਦੀ ਕਾਮਨਾ ਕੀਤੀ।

LEAVE A REPLY

Please enter your comment!
Please enter your name here