ਜਲੰਧਰ (ਗਿਆਨ ਸੈਦਪੁਰੀ)
‘ਪੰਜਾਬ ਸਰਕਾਰ ਦੀ ਨਾਦਰਸ਼ਾਹੀ ਸੋਚ ਅਨੁਸਾਰ ਕੰਮ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਅਤੇ ਸਮੁੱਚੇ ਮਜ਼ਦੂਰ ਅਤੇ ਮੁਲਾਜ਼ਮ ਵਰਗ ਦੀਆਂ ਭਖਦੀਆਂ ਮੰਗਾਂ ਮਨਾਉਣ ਲਈ ਪੰਜਾਬ ਦੀਆਂ ਪ੍ਰਮੁੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਤਿੰਨ ਨਵੰਬਰ ਨੂੰ ਲੇਬਰ ਭਵਨ ਮੁਹਾਲੀ ਦੇ ਸਾਹਮਣੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਸਫ਼ਲ ਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਵਿੱਚ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਾਗਣ ਲਈ ਮਜਬੂਰ ਕਰ ਦਿੱਤਾ ਜਾਵੇਗਾ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਨੇ ਕੀਤਾ। ਉਹ ਐਤਵਾਰ ਮਾਸਟਰ ਹਰੀ ਸਿੰਘ ਧੂਤ ਟਰੱਸਟ ਜਲੰਧਰ ਵਿਖੇ ਪੰਜਾਬ ਏਟਕ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਮੁਹਾਲੀ ਪਹੁੰਚਣ ਲਈ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਰੂਟ ਤੈਅ ਕੀਤੇ ਜਾ ਰਹੇ ਹਨ। ਇਸ ਰੋਸ ਰੈਲੀ ਵਿੱਚ ਹਜ਼ਾਰਾਂ ਮਜ਼ਦੂਰ/ ਮੁਲਾਜ਼ਮ ਝੰਡਿਆਂ ਸਮੇਤ ਹੁੰਮ-ਹੁਮਾ ਕੇ ਸ਼ਾਮਲ ਹੋਣਗੇ।
ਸ੍ਰੀ ਬਰਾੜ ਨੇ ‘ਨਿਊਜ਼ ਕਲਿੱਕ’ ਦੇ ਪੱਤਰਕਾਰਾਂ ਨਾਲ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਅਰਬਨ ਨਕਸਲੀ ਦੱਸ ਕੇ ਦੇਸ਼ ਦੇ ਅਨੇਕਾਂ ਬੁੱਧੀਜੀਵੀਆ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਹੈ। ਉਨ੍ਹਾ ਕਿਹਾ ਕਿ ਭਾਜਪਾ ਅਤੇ ਆਰ ਐੱਸ ਐੱਸ ਦਾ ਇੱਕੋ ਏਜੰਡਾ ਹੈ ਕਿ ਸੱਚ ਬੋਲਣ ਤੇ ਲਿਖਣ ਵਾਲਿਆਂ ਨੂੰ ਖ਼ਤਮ ਕਰ ਦਿੱਤਾ ਜਾਵੇ। ਬਰਾੜ ਨੇ ਕਿਹਾ ਕਿ 17 ਅਕਤੂਬਰ ਨੂੰ ਏਟਕ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਪੱਤਰਕਾਰਾਂ ਅਤੇ ਹੋਰ ਬੁੱਧੀਜੀਵੀਆਂ ਉੱਪਰ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਏਟਕ ਦੇ ਐਕਟਿੰਗ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਰਹੇ ਹਾਂ ਕਿ ‘ਆਪ’ ਭਾਜਪਾ ਦੀ ਬੀ ਟੀਮ ਹੈ। ਕੰਮ ਘੰਟੇ 8 ਤੋਂ 12 ਘੰਟੇ ਕਰਨ ਦੀ ਕਾਰਵਾਈ ਤੋਂ ਬਾਅਦ ਮਾਨ ਸਰਕਾਰ ਬਾਰੇ ਸਾਰੇ ਭਰਮ-ਭੁਲੇਖੇ ਦੂਰ ਹੋ ਗਏ ਹਨ। ਉਨ੍ਹਾ ਕਿਹਾ ਕਿ ਪਹਿਲੀ ਮਈ ਨੂੰ ਮਜ਼ਦੂਰ ਦਿਵਸ ’ਤੇ ਸਭ ਸਰਕਾਰਾਂ ਮਜ਼ਦੂਰਾਂ ਨੂੰ ਵਧਾਈਆਂ ਦਿੰਦੀਆਂ ਹਨ, ਕਿਉਂਕਿ ਇਸ ਦਿਨ ਨੂੰ ਮਜ਼ਦੂਰਾਂ ਦੀ ਕੰਮ ਦਿਹਾੜੀ ਦੇ ਘੰਟੇ ਘਟਾਉਣ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾ ਕਿਹਾ ਕਿ ਤਾਜ਼ਾ ਨੋਟੀਫਿਕੇਸ਼ਨ ਲੇਬਰ ਕੋਡ ਬਣਾਉਣ ਦੇ ਵਰਤਾਰੇ ਦਾ ਹੀ ਹਿੱਸਾ ਹੈ। ਕੰਮ ਦਿਹਾੜੀ 8 ਤੋਂ 12 ਘੰਟੇ ਕਰਨ ਦਾ ਕਦਮ ਡੇਢ ਸਦੀ ਪਿਛਾਂਹ ਮੁੜਨ ਦਾ ਵਰਤਾਰਾ ਹੈ।
ਤਿੰਨ ਨਵੰਬਰ ਦੇ ਮੁਹਾਲੀ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਗੱਲ ਕਰਦਿਆਂ ਕਾਮਰੇਡ ਆਸਲ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਰੋਸ ਪ੍ਰਦਰਸ਼ਨ ਨੂੰ ਅੱਗੇ ਪਾ ਦਿੱਤਾ ਗਿਆ ਸੀ, ਹੁਣ ਇਹ ਰੋਸ ਪ੍ਰਦਰਸ਼ਨ ਮਿਸਾਲੀ ਹੋਵੇਗਾ।
ਏਟਕ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਖਦੇਵ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀ ਦਿਹਾੜੀ ਦੇ ਕੰਮ ਘੰਟੇ ਵਧਾਉਣ ਦੇ ਨੋਟੀਫਿਕੇਸ਼ਨ ਨੇ ਇੱਕ ਤਰ੍ਹਾਂ ਮਜ਼ਦੂਰ ਵਰਗ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਸ ਕਾਰਵਾਈ ਵਿਰੁੱਧ 3 ਨਵੰਬਰ ਨੂੰ ਪੰਜਾਬ ਭਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ/ ਮੁਲਾਜ਼ਮ ਮੁਹਾਲੀ ਦੇ ਲੇਬਰ ਭਵਨ ਸਾਹਮਣੇ ਇਕੱਠੇ ਹੋਣਗੇ। ਸ਼ਰਮਾ ਨੇ ਸਮੁੱਚੇ ਮਜ਼ਦੂਰ ਤੇ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ ਰੋਸ ਪ੍ਰਦਰਸ਼ਨ ਦੀ ਸਫ਼ਲਤਾ ਲਈ ਪੂਰਾ ਤਾਣ ਲਾ ਦਿੱਤਾ ਜਾਵੇ। ਮੀਟਿੰਗ ਵਿੱਚ ਪ੍ਰਦਿਉਮਨ ਗੌਤਮ ਮੀਤ ਪ੍ਰਧਾਨ ਪੀ ਐੱਸ ਪੀ ਸੀ ਐੱਲ, ਦਰਸ਼ਨ ਲਾਲ ਡਿਪਟੀ ਜਨਰਲ ਸਕੱਤਰ, ਜਗਤ ਭੂਸ਼ਨ ਏਟਕ ਆਗੂ ਜਲੰਧਰ, ਵਿਜੇ ਕੁਮਾਰ ਏਟਕ ਆਗੂ ਲੁਧਿਆਣਾ, ਗੁਰਮੀਤ ਸਿੰਘ ਆਗੂ ਪੰਜਾਬ ਪੱਲੇਦਾਰ ਯੂਨੀਅਨ, ਜੈਪਾਲ ਕਪੂਰਥਲਾ, ਕੇ ਕੇ ਕੌਸ਼ਲ ਕਪੂਰਥਲਾ, ਕੁਲਵੰਤ ਰਾਏ ਬਾਵਾ ਅੰਮਿ੍ਰਤਸਰ, ਮਹਿੰਦਰ ਪਾਲ ਮੁਹਾਲੀ, ਰਛਪਾਲ ਕੈਲੇ ਜ਼ਿਲ੍ਹਾ ਸਕੱਤਰ ਸੀ ਪੀ ਆਈ ਜਲੰਧਰ, ਗਿਆਨ ਸੈਦਪੁਰੀ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਅਤੇ ਹਰਜਿੰਦਰ ਸਿੰਘ ਆਦਿ ਸ਼ਾਮਲ ਸਨ।





