ਬੇਰੂਤ : ਲਿਬਨਾਨ ਦੇ ਹਿਜ਼ਬੁੱਲ੍ਹਾ ਨੇ ਸੀਰੀਆ ’ਚ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਨਾਲ ਲੱਗਦੀ ਦੇਸ਼ ਦੀ ਸਰਹੱਦ ’ਤੇ ਇਕ ਵਿਵਾਦਤ ਇਲਾਕੇ ਵਿਚ ਇਜ਼ਰਾਈਲ ਦੇ ਤਿੰਨ ਟਿਕਾਣਿਆਂ ’ਤੇ ਐਤਵਾਰ ਕਈ ਰਾਕੇਟ ਦਾਗੇ ਤੇ ਗੋਲਾਬਾਰੀ ਕੀਤੀ। ਹਿਜ਼ਬੁੱਲ੍ਹਾ ਨੇ ਇਕ ਬਿਆਨ ’ਚ ਕਿਹਾ ਕਿ ਫਲਸਤੀਨੀ ਮੁਜ਼ਾਹਮਤ ਨਾਲ ਇਕਜੁੱਟਤਾ ਜਤਾਉਣ ਲਈ ਵੱਡੀ ਗਿਣਤੀ ’ਚ ਰਾਕੇਟਾਂ ਤੇ ਧਮਾਕਾਖੇਜ ਸਮੱਗਰੀ ਦਾ ਇਸਤੇਮਾਲ ਕਰਕੇ ਇਹ ਹਮਲਾ ਕੀਤਾ ਗਿਆ। ਉਸ ਨੇ ਇਜ਼ਰਾਈਲੀ ਟਿਕਾਣਿਆਂ ਨੂੰ ਸਿੱਧੇ ਤੌਰ ’ਤੇ ਨਿਸ਼ਾਨਾ ਬਣਾਇਆ।
ਉਧਰ ਇਜ਼ਰਾਈਲੀ ਫੌਜ ਨੇ ਵੀ ਜਵਾਬੀ ਕਾਰਵਾਈ ’ਚ ਲਿਬਨਾਨੀ ਇਲਾਕਿਆਂ ’ਚ ਗੋਲਾਬਾਰੀ ਕੀਤੀ। ਇਸ ਹਮਲੇ ’ਚ ਕਿੰਨੇ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਇਜ਼ਰਾਈਲ ਨੇ 1967 ’ਚ ਪੱਛਮੀ ਏਸ਼ੀਆ ਜੰਗ ਦੌਰਾਨ ਸੀਰੀਆ ਤੋਂ ਸ਼ੀਬਾ ਫਾਰਮਜ਼ ਦਾ ਕਬਜ਼ਾ ਖੋਹ ਲਿਆ ਸੀ, ਪਰ ਲਿਬਨਾਨ ਇਸ ਇਲਾਕੇ ਤੇ ਨੇੜਲੇ ਫਾਰ ਚੌਬਾ ਪਰਬਤੀ ਇਲਾਕੇ ’ਤੇ ਆਪਣਾ ਦਾਅਵਾ ਜਤਾਉਂਦਾ ਹੈ। ਇਜ਼ਰਾਈਲ ਨੇ 1981 ’ਚ ਗੋਲਾਨ ਹਾਈਟਸ ’ਤੇ ਕਬਜ਼ਾ ਕੀਤਾ ਸੀ। ਹਮਾਸ ਤੇ ਇਜ਼ਰਾਈਲ ਵਿਚਾਲੇ ਲੜਾਈ ’ਚ 500 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ ਤੇ ਕਈ ਲੋਕਾਂ ਨੂੰ ਬੰਧਕ ਬਣਾਇਆ ਗਿਆ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਧਮਕੀ ਦਿੱਤੀ ਕਿ ਹਮਾਸ ਨੂੰ ਅਜਿਹੀ ਕੀਮਤ ਤਾਰਨੀ ਹੋਵੇਗੀ, ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।
ਹਮਾਸ ਨੇ ਇਜ਼ਰਾਈਲ ਦੇ ਦੋ ਕਸਬਿਆਂ ’ਚ ਲੋਕਾਂ ਨੂੰ ਬੰਧਕ ਬਣਾਇਆ ਹੋਇਆ ਹੈ, ਜਦੋਂਕਿ ਇਕ ਹੋਰ ਕਸਬੇ ’ਚ ਪੁਲਸ ਥਾਣੇ ’ਤੇ ਕਬਜ਼ਾ ਕਰ ਲਿਆ ਹੈ। ਇਜ਼ਰਾਈਲੀ ਮੀਡੀਆ ਨੇ ਬਚਾਅ ਕਾਰਜਾਂ ’ਚ ਲੱਗੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਹਮਾਸ ਦੇ ਹਮਲੇ ’ਚ ਘੱਟੋ-ਘੱਟ 250 ਲੋਕਾਂ ਦੀ ਜਾਨ ਜਾਂਦੀ ਰਹੀ ਹੈ ਤੇ 1500 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਉਧਰ ਫਲਸਤੀਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਗਾਜ਼ਾ ਪੱਟੀ ’ਚ ਇਜ਼ਰਾਈਲੀ ਹਮਲਿਆਂ ’ਚ ਘੱਟੋ-ਘੱਟ 232 ਲੋਕ ਮਾਰੇ ਗਏ ਤੇ 1700 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਇਜ਼ਰਾਈਲ ਨੂੰ ਆਪਣੀ ਤੇ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਅਧਿਕਾਰ ਹੈ। ਬਾਇਡਨ ਨੇ ਹਮਾਸ ਦੇ ਹਮਲਿਆਂ ਦੇ ਜਵਾਬ ’ਚ ਇਜ਼ਰਾਈਲ ਨੂੰ ‘ਠੋਸ ਤੇ ਅਟੁੱਟ’ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਬਾਇਡਨ ਨੇ ਕਿਹਾ ਕਿ ਉਹ ਜਾਰਡਨ ਦੇ ਸ਼ਾਹ ਦੇ ਸੰਪਰਕ ’ਚ ਹਨ ਤੇ ਕਾਂਗਰਸ (ਅਮਰੀਕੀ ਸੰਸਦ) ਦੇ ਕਈ ਮੈਂਬਰਾਂ ਨਾਲ ਵੀ ਉਨ੍ਹਾ ਗੱਲਬਾਤ ਕੀਤੀ ਹੈ। ਬਾਇਡਨ ਨੇ ਆਪਣੀ ਕੌਮੀ ਸੁਰੱਖਿਆ ਸਲਾਹਕਾਰ ਟੀਮ ਨੂੰ ਇਜ਼ਰਾਈਲੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਵੀ ਹੁਕਮ ਦਿੱਤੇ ਹਨ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਜ਼ਰਾਈਲ ਕੋਲ ਸਾਰੇ ਜ਼ਰੂਰੀ ਸਾਧਨ ਉਪਲੱਬਧ ਹੋਣ।
ਏਅਰ ਇੰਡੀਆ ਨੇ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਤੋਂ ਆਉਣ ਤੇ ਜਾਣ ਵਾਲੀਆਂ ਉਡਾਣਾਂ 14 ਅਕਤੂੁੁੁਬਰ ਤੱਕ ਰੱਦ ਕਰ ਦਿੱਤੀਆਂ ਹਨ।
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਫਲਸਤੀਨ ਦੇ ਮਸਲੇ ਨੂੰ ਸੁਲਝਾਉਣ ’ਚ ਨਾਕਾਮ ਰਿਹਾ ਹੈ ਤੇ ਦੋਵੇਂ ਪਾਸੇ ਬੇਕਸੂਰ ਲੋਕ ਮਾਰੇ ਜਾ ਰਹੇ ਹਨ। ਅਬਦੁੱਲਾ ਨੇ ਕਿਹਾਜੰਗ ਹਰ ਤਰ੍ਹਾਂ ਨਾਲ ਮਾੜੀ ਹੁੰਦੀ ਹੈ, ਕਿਉਂਕਿ ਲੋਕ ਦੁਖੀ ਹੁੰਦੇ ਹਨ। ਏਨੇ ਬੇਕਸੂਰ ਇਜ਼ਰਾਈਲੀ ਮਾਰੇ ਗਏ, ਏਨੇ ਬੇਕਸੂਰ ਫਲਸਤੀਨੀ ਮਾਰੇ ਗਏ। ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਉਧਰ, ਪੀ ਡੀ ਪੀ ਮੁਖੀ ਮਹਿਬੂਬਾ ਮੁਫਤੀ ਨੇ ਆਸ ਜਤਾਈ ਕਿ ਇਜ਼ਰਾਈਲ ਤੇ ਫਲਸਤੀਨ ਦਰਮਿਆਨ ਜਾਰੀ ਵੈਰ-ਵਿਰੋਧ ਜਲਦੀ ਖਤਮ ਹੋਵੇਗਾ।





