ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਪੰਜਾਬ ’ਚ ਭਾਜਪਾ, ਕਾਂਗਰਸ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਸੂਬੇ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਕਿਹਾਮੈਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਖੁੱਲ੍ਹਾ ਸੱਦਾ ਦਿੰਦਾ ਹਾਂ ਕਿ ਉਹ ਵੱਖ-ਵੱਖ ਮੁੱਦਿਆਂ ’ਤੇ ਨਿੱਤ ਖਹਿਬੜਨ ਦੀ ਥਾਂ ਮੀਡੀਆ ਤੇ ਪੰਜਾਬ ਦੇ ਲੋਕਾਂ ਸਾਹਮਣੇ ਮੇਰੇ ਨਾਲ ਖੁੱਲ੍ਹੀ ਬਹਿਸ ਕਰਨ।
ਮਾਨ ਨੇ ‘ਐੱਕਸ’ ’ਤੇ ਇਕ ਪੋਸਟ ’ਚ ਲਿਖਿਆਆਓ, ਬਹਿਸ ਕਰੀਏ ਕਿ ਪੰਜਾਬ ਨੂੰ ਕਿਸ ਨੇ ਕਿਵੇਂ ਲੁੱਟਿਆ ਅਤੇ ਭਾਈ-ਭਤੀਜੇ, ਸਾਲੇ-ਜੀਜੇ, ਮਿੱਤਰ-ਮੁਲਾਹਜ਼ੇ, ਟੋਲ ਪਲਾਜ਼ਿਆਂ, ਜਵਾਨੀ, ਕਿਸਾਨਾਂ, ਕਾਰੋਬਾਰੀਆਂ, ਦੁਕਾਨਦਾਰਾਂ ਤੇ ਨਹਿਰਾਂ ਦੇ ਪਾਣੀਆਂ ਬਾਰੇ ਆਓ ਲਾਈਵ ਵਿਚਾਰ-ਚਰਚਾ ਕਰੀਏ। ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਹੈ, ਜੋ ਇਸ ਕੰਮ ਲਈ ਬਿਲਕੁਲ ਢੁੱਕਵਾਂ ਹੈ। ਤੁਹਾਨੂੰ ਆਪਣੀਆਂ ਦਲੀਲਾਂ ਰੱਖਣ ਲਈ ਵਾਧੂ ਸਮਾਂ ਮਿਲ ਜਾਵੇਗਾ। ਮੈਂ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹਾਂ, ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਹੱਥ ਅਤੇ ਰੂਹਾਂ ਪੰਜਾਬ ਦੇ ਲਹੂ ਨਾਲ ਲਥਪਥ ਹਨ, ਕਿਉਂਕਿ ਇਨ੍ਹਾਂ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾ ਕਿਹਾ ਕਿ ਪੰਜਾਬ ਨਾਲ ਕਮਾਏ ਧ੍ਰੋਹ ਲਈ ਇਨ੍ਹਾਂ ਲੀਡਰਾਂ ਨੂੰ ਸੂਬੇ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਮਾਨ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਪੰਜਾਬ ਦਿਵਸ ਮੌਕੇ ਪ੍ਰਸਤਾਵਿਤ ਬਹਿਸ ਲਈ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਆਖਿਆ, ਜਿੱਥੇ ਉਹ ਇਨ੍ਹਾਂ ਨੇਤਾਵਾਂ ਦੇ ਪੰਜਾਬ ਵਿਰੁੱਧ ਕੱਚੇ ਚਿੱਠੇ ਖੋਲ੍ਹ ਕੇ ਅਸਲ ਚਿਹਰਾ ਜੱਗ ਜ਼ਾਹਰ ਕਰਨਗੇ।
ਆਪੋਜ਼ੀਸ਼ਨ ਆਗੂਆਂ ਨੇ ਚੈਲੰਜ ਤਾਂ ਮਨਜ਼ੂਰ ਕਰ ਲਿਆ ਹੈ, ਪਰ ਬਹਿਸ ਦੇ ਤਰੀਕਾਕਾਰ ਨੂੰ ਲੈ ਕੇ ਕੁਝ ਸ਼ਰਤਾਂ ਨੱਥੀ ਕਰ ਦਿੱਤੀਆਂ ਹਨ। ਸੁਨੀਲ ਜਾਖੜ ਨੇ ਮਾਨ ਦੇ ਸੁਨੇਹੇ ਦੇ ਜਵਾਬ ’ਚ ਐੱਕਸ ’ਤੇ ਇਕ ਪੋਸਟ ’ਚ ਕਿਹਾਅਸੀਂ ਬਹਿਸ ਲਈ ਕਿਸੇ ਵੀ ਵੇਲੇ ਤਿਆਰ ਹਾਂ। ਹਾਲਾਂਕਿ, ਪਹਿਲਾਂ ਜਵਾਬ ਦਿਓ ਕਿ ਤੁਸੀਂ ਸਿਆਸੀ ਮਜਬੂਰੀਵੱਸ ਐੱਸ ਵਾਈ ਐੱਲ ਮੁੱਦੇ ’ਤੇ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਿਉਂ ਕੀਤਾ? ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਅਨੇਖੇਜ ਬਹਿਸ ਲਈ ਸਾਰੇ ਸਵਾਲਾਂ ਦਾ ਜਵਾਬ ਦੇਣ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਾਰੇ ਤੱਥਾਂ ਤੇ ਸੂਬੇ ਦੀ ਚਲੰਤ ਸਥਿਤੀ ਦੀ ਪੂਰੀ ਜਾਣਕਾਰੀ ਮਿਲ ਸਕੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈਭਗਵੰਤ ਮਾਨ ਤੁਹਾਡੇ ਵੱਲੋਂ ਕੀਤਾ ਚੈਲੰਜ ਮੈਨੂੰ ਮਨਜ਼ੂਰ ਹੈ। ਇਹ ਬਹਿਸ ਸਰਕਾਰੀ ਇਮਾਰਤ (ਵਿਧਾਨ ਸਭਾ) ਵਿਚ ਨਹੀਂ, ਸਗੋਂ ਕਿਸੇ ਸਾਂਝੀ ਆਮ ਜਗ੍ਹਾ ’ਤੇ ਹੋਣੀ ਚਾਹੀਦੀ ਹੈ। ਬਹਿਸ ਦੀ ਅਗਵਾਈ ਦੇਸ਼ ਦੀ ਮਾਣਯੋਗ ਸੁਪਰੀਮ ਕੋਰਟ ਦੇ ਕਿਸੇ ਰਿਟਾਇਰ ਜੱਜ ਜਾਂ ਜਿਹੜੀ ਸ਼ਖਸੀਅਤ ’ਤੇ ਚਾਰ ਸਿਆਸੀ ਧਿਰਾਂ ਸਹਿਮਤੀ ਪ੍ਰਗਟ ਕਰਨ ਵੱਲੋਂ ਹੋਣੀ ਚਾਹੀਦੀ ਹੈ।
ਸੁਖਬੀਰ ਬਾਦਲ ਨੇ ਕਿਹਾ ਹੈਭਗਵੰਤ ਮਾਨ ਤੇਰਾ ਚੈਲੰਜ ਮਨਜ਼ੂਰ ਹੈ। ਇਕ ਨਵੰਬਰ ਤਾਂ ਅਜੇ ਬਹੁਤ ਦੂਰ ਹੈ, ਮੈਂ ਆ ਰਿਹਾ ਹਾਂ ਤੇਰੇ ਘਰ ਚੰਡੀਗੜ੍ਹ 10 ਅਕਤੂਬਰ ਨੂੰ। ਹਿੰਮਤ ਹੈ ਤਾਂ ਬਾਹਰ ਆ ਕੇ ਮਿਲਣਾ ਜ਼ਰੂਰ। ਪੰਜਾਬ ਦੇ ਪਾਣੀਆਂ ਸਮੇਤ ਸੂਬੇ ਦੇ ਹਰ ਮੁੱਦੇ ’ਤੇ ਕਰਾਂਗੇ ਸਿੱਧੀ ਗੱਲਬਾਤ, ਉਹ ਵੀ ਸਾਰੇ ਮੀਡੀਆ ਦੇ ਸਾਹਮਣੇ, ਪਰ ਹਾਂ ਇੱਕ ਵਾਰ ਪੰਜਾਬ ਦੇ ਅਸਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਓਥੇ ਹੀ ਬੁਲਾ ਲਈਂ, ਕਿਉਕਿ ਤੇਰੇ ਪੱਲੇ ਤਾਂ ਕੁਝ ਹੈ ਨਹੀਂ, ਤੂੰ ਤਾਂ ਇਕੱਲਾ ਮੋਹਰਾ ਏਂ, ਇਸ ਕਰਕੇ ਤੂੰ ਤਾਂ ਮੁਕਰਨ ਲੱਗੇ ਵੀ ਮਿੰਟ ਲਾਉਦਾ ਏਂ।





