ਇਜ਼ਰਾਈਲ ਬਨਾਮ ਫਲਸਤੀਨ

0
270

ਇਜ਼ਰਾਈਲ ’ਤੇ ਹਮਾਸ ਦੇ ਤਾਜ਼ਾ ਹਮਲੇ ਤੋਂ ਬਾਅਦ ਇਜ਼ਰਾਈਲ-ਫਲਸਤੀਨ ਵਿਵਾਦ ਫਿਰ ਤੋਂ ਸੰਸਾਰ ਸਿਆਸਤ ਦਾ ਕੇਂਦਰ ਬਿੰਦੂ ਬਣ ਗਿਆ ਹੈ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਯੁੱਧ ਦਾ ਐਲਾਨ ਕਰ ਦਿੱਤਾ ਹੈ। ਹੁਣ ਤੱਕ ਦੋਹਾਂ ਪਾਸਿਆਂ ਦੇ ਸੈਂਕੜੇ ਨਾਗਰਿਕ ਮਾਰੇ ਜਾ ਚੁੱਕੇ ਹਨ ਤੇ ਕਈ ਹਜ਼ਾਰ ਫੱਟੜ ਹੋ ਗਏ ਹਨ।
ਇਸ ਝਗੜੇ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਸ ਦੇ ਇਤਿਹਾਸ ’ਤੇ ਨਜ਼ਰ ਮਾਰਨੀ ਪਵੇਗੀ। ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਇਜ਼ਰਾਈਲ ਨਾਂਅ ਦਾ ਕੋਈ ਦੇਸ਼ ਨਹੀਂ ਸੀ। ਸਮੁੱਚਾ ਫਲਸਤੀਨ ਫਲਸਤੀਨੀ ਵਸੋਂ ਦਾ ਸੀ, ਜਿਸ ਵਿੱਚ 6 ਫੀਸਦੀ ਯਹੂਦੀ ਤੇ ਬਾਕੀ ਅਬਾਦੀ ਅਰਬਾਂ ਦੀ ਸੀ। ਪਹਿਲੀ ਸੰਸਾਰ ਜੰਗ ਵਿੱਚ ਫਲਸਤੀਨ ਉੱਤੇ ਬਰਤਾਨੀਆ ਨੇ ਕਬਜ਼ਾ ਕਰ ਲਿਆ ਸੀ। ਬਰਤਾਨਵੀ ਸਾਮਰਾਜ ਦੀ ਹਰ ਥਾਂ ਉੱਤੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਰਹੀ ਹੈ। ਉਹ ਹਰ ਦੇਸ਼ ਵਿੱਚੋਂ ਨਿਕਲੇ ਵੀ ਤਾਂ ਸੇਹ ਦਾ ਤਕਲਾ ਗੱਡ ਕੇ। ਫਲਸਤੀਨ ਉੱਤੇ ਕਬਜ਼ੇ ਤੋਂ ਬਾਅਦ ਉਨ੍ਹਾਂ ਯੂਰਪ ਵਿੱਚੋਂ ਯਹੂਦੀ ਅਬਾਦੀ ਨੂੰ ਕੱਢ ਕੇ ਫਲਸਤੀਨ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ। ਦੂਜੀ ਸੰਸਾਰ ਜੰਗ ਵਿੱਚ ਹਿਟਲਰ ਵੱਲੋਂ ਯਹੂਦੀਆਂ ਦੇ ਨਸਲਘਾਤ ਕਾਰਨ ਯਹੂਦੀ ਫਲਸਤੀਨ ਵਿੱਚ ਵੱਡੀ ਗਿਣਤੀ ਵਿੱਚ ਆਉਣੇ ਸ਼ੁਰੂ ਹੋ ਗਏ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਯਹੂਦੀ ਯੇਰੂਸ਼ਲਮ ਨੂੰ ਮੁਸਲਮਾਨਾਂ ਵਾਂਗ ਹੀ ਆਪਣਾ ਪਵਿੱਤਰ ਸ਼ਹਿਰ ਮੰਨਦੇ ਹਨ।
ਬਰਤਾਨਵੀ ਸ਼ਾਸਨ ਅਧੀਨ ਫਲਸਤੀਨ ਦੀ ਮੂਲ ਅਰਬ ਅਬਾਦੀ ਨੂੰ ਦੇਸ਼ ਨਿਕਾਲਾ ਦੇ ਕੇ ਗੁਆਂਢੀ ਮੁਲਕਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਕਰ ਦਿੱਤਾ ਗਿਆ। ਉਨ੍ਹਾਂ ਦੀ ਥਾਂ ਯਹੂਦੀਆਂ ਨੂੰ ਵਸਾ ਦਿੱਤਾ ਗਿਆ। ਦੇਸ਼ ਬਦਰ ਹੋਏ ਫਲਸਤੀਨੀ ਆਪਣੀ ਅਜ਼ਾਦੀ ਲਈ ਲਗਾਤਾਰ ਲੜਦੇ ਰਹੇ। 29 ਨਵੰਬਰ 1947 ਨੂੰ ਸੰਯੁਕਤ ਰਾਸ਼ਟਰ ਨੇ ਇੱਕ ਮਤੇ ਰਾਹੀਂ ਬਰਤਾਨਵੀ ਸ਼ਾਸਨ ਅਧੀਨ ਫਲਸਤੀਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਅਗਲੇ ਸਾਲ 14 ਮਈ 1948 ਨੂੰ ਇਜ਼ਰਾਈਲ ਨੇ ਆਪਣੀ ਅਜ਼ਾਦੀ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਅਰਬਾਂ ਦੇਸ਼ਾਂ ਨੇ ਹਮਲਾ ਕਰ ਦਿੱਤਾ। ਇੱਕ ਸਾਲ ਲੰਮੀ ਲੜਾਈ ਤੋਂ ਬਾਅਦ ਅਰਬ ਦੀ ਹਾਰ ਹੋ ਗਈ। ਉਸ ਉਪਰੰਤ ਦੇਸ਼ ਨੂੰ ਤਿੰਨ ਹਿੱਸਿਆਂ ਇਜ਼ਰਾਈਲ, ਵੈੱਸਟ ਬੈਂਕ ਤੇ ਗਾਜ਼ਾ ਪੱਟੀ ਵਿੱਚ ਵੰਡ ਦਿੱਤਾ ਗਿਆ। ਯੇਰੂਸ਼ਲਮ ਨੂੰ ਸੰਯੁਕਤ ਰਾਸ਼ਟਰ ਦੇ ਅਧੀਨ ਰੱਖਿਆ ਗਿਆ। ਇਸ ਵੰਡ ਅਧੀਨ ਵੈੱਸਟ ਬੈਂਕ ਤੇ ਗਾਜ਼ਾ ਪੱਟੀ ਫਲਸਤੀਨੀਆਂ ਨੂੰ ਤੇ ਬਾਕੀ ਦੇਸ਼ ਇਜ਼ਰਾਈਲ ਯਹੂਦੀਆਂ ਨੂੰ ਦਿੱਤਾ ਗਿਆ। ਵੈੱਸਟ ਬੈਂਕ ਵਾਲੇ ਫਲਸਤੀਨੀ ਹਿੱਸੇ ਉਤੇ ਫਤਿਹ ਪਾਰਟੀ ਦੀ ਸਰਕਾਰ ਹੈ ਤੇ ਗਾਜ਼ਾ ਪੱਟੀ ਵਾਲੇ ਹਿੱਸੇ ਉੱਤੇ ਹਮਾਸ ਦਾ ਕਬਜ਼ਾ ਹੈ। ਪਿਛਲੇ ਸਾਰੇ ਅਰਸੇ ਦੌਰਾਨ ਇਜ਼ਰਾਈਲ ਲਗਾਤਾਰ ਫਲਸਤੀਨੀ ਹਿੱਸਿਆਂ ਉਤੇ ਹਮਲੇ ਕਰਦਾ ਆ ਰਿਹਾ ਹੈ। ਇਜ਼ਰਾਈਲ ਨੇ 1967 ਵਿੱਚ ਗਾਜ਼ਾ ਪੱਟੀ ਉੱਤੇ ਹਮਲਾ ਕਰਕੇ ਅਗਲੇ 25 ਸਾਲ ਉਸ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ। 1993 ਵਿੱਚ ਹੋਏ ਓਸਲੋ ਸਮਝੌਤੇ ਅਧੀਨ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚੋਂ ਆਪਣੀਆਂ ਫੌਜਾਂ ਕੱਢ ਲਈਆਂ ਸਨ। ਵਾਰ-ਵਾਰ ਹੋਏ ਸਮਝੌਤਿਆਂ ਦੇ ਬਾਵਜੂਦ ਅੱਜ ਵੀ ਫਲਸਤੀਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਨਹੀਂ ਹੈ। ਲੱਖਾਂ ਫਲਸਤੀਨੀ ਰਫਿਊਜ਼ੀ ਹਨ। 2006 ਵਿੱਚ ਹਮਾਸ ਨੇ ਚੋਣਾਂ ਜਿੱਤ ਕੇ ਗਾਜ਼ਾ ਪੱਟੀ ਦੀ ਸੱਤਾ ਹਾਸਲ ਕਰ ਲਈ ਸੀ। ਗਾਜ਼ਾ ਪੱਟੀ ਵਿੱਚ ਆਪਣੇ ਡੇਢ ਦਹਾਕੇ ਦੇ ਰਾਜ ਦੌਰਾਨ ਹਮਾਸ ਤੇ ਇਜ਼ਰਾਈਲ ਵਿਚਕਾਰ ਲਗਾਤਾਰ ਸੰਘਰਸ਼ ਹੁੰਦਾ ਰਿਹਾ ਹੈ। ਦੋਹਾਂ ਪਾਸਿਆਂ ਦੇ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਇਸ ਵਾਰ ਵੀ ਹਮਾਸ ਨੇ ਇੱਥੋਂ ਹੀ ਹਮਲਾ ਕੀਤਾ ਹੈ। ਸਾਡਾ ਦੇਸ਼ ਹਮੇਸ਼ਾ ਤੋਂ ਫਲਸਤੀਨੀਆਂ ਦੀ ਅਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਨਾਲ ਖੜ੍ਹਾ ਰਿਹਾ ਹੈ। ਅਜੋਕੀ ਸਰਕਾਰ ਇਜ਼ਰਾਈਲ ਪ੍ਰਤੀ ਲੋੜੋਂ ਵੱਧ ਉਲਾਰ ਹੈ। ਇਸ ਮੁੱਦੇ ਉੱਤੇ ਅਸੀਂ ਭਾਜਪਾ ਦੇ ਵੱਡੇ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ 1977 ਵਿੱਚ ਦਿੱਤਾ ਗਿਆ ਭਾਸ਼ਣ ਪੇਸ਼ ਕਰ ਰਹੇ ਹਾਂ। ਇਹ ਉਹ ਸਮਾਂ ਸੀ, ਜਦੋਂ ਮੁਰਾਰਜੀ ਡਿਸਾਈ ਦੀ ਅਗਵਾਈ ਹੇਠ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ।
ਪ੍ਰਸਾਰ ਭਾਰਤੀ ਦੇ ਵਾਇਰਲ ਵੀਡੀਓ ਅਨੁਸਾਰ ਅਟਲ ਬਿਹਾਰੀ ਕਹਿੰਦੇ ਹਨ, ‘ਇਹ ਕਿਹਾ ਜਾ ਰਿਹਾ ਹੈ ਕਿ ਜਨਤਾ ਪਾਰਟੀ ਸਰਕਾਰ ਬਣ ਗਈ ਹੈ, ਉਹ ਅਰਬਾਂ ਦਾ ਸਾਥ ਨਹੀਂ ਦੇਵੇਗੀ, ਇਜ਼ਰਾਈਲ ਦਾ ਸਾਥ ਦੇਵੇਗੀ। ਸਤਿਕਾਰਯੋਗ ਮੁਰਾਰਜੀ ਭਾਈ ਸਥਿਤੀ ਸਪੱਸ਼ਟ ਕਰ ਚੁੱਕੇ ਹਨ। ਗਲਤਫਹਿਮੀ ਨੂੰ ਦੂਰ ਕਰਨ ਲਈ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਹਰ ਸੁਆਲ ਨੂੰ ਗੁਣ ਤੇ ਔਗੁਣ ਦੇ ਅਧਾਰ ਉੱਤੇ ਦੇਖਾਂਗੇ, ਪ੍ਰੰਤੂ ਮੱਧ-ਪੂਰਬ ਬਾਰੇ ਸਥਿਤੀ ਸਾਫ਼ ਹੈ ਕਿ ਅਰਬਾਂ ਦੀ ਜਿਸ ਜ਼ਮੀਨ ਉੱਤੇ ਇਜ਼ਰਾਈਲ ਕਬਜ਼ਾ ਕਰੀ ਬੈਠਾ ਹੈ, ਉਹ ਜ਼ਮੀਨ ਉਸ ਨੂੰ ਖਾਲੀ ਕਰਨੀ ਹੋਵੇਗੀ।’
‘ਹਮਲਾਵਰ ਹਮਲੇ ਦੇ ਫਲ ਚੱਖੇ, ਇਹ ਸਾਨੂੰ ਸਵੀਕਾਰ ਨਹੀਂ। ਜੋ ਨਿਯਮ ਸਾਡੇ ਉੱਤੇ ਲਾਗੂ ਹੈ, ਉਹ ਹੋਰਨਾਂ ਉੱਤੇ ਵੀ ਲਾਗੂ ਹੋਵੇਗਾ। ਅਰਬਾਂ ਦੀ ਜ਼ਮੀਨ ਖਾਲੀ ਹੋਣੀ ਚਾਹੀਦੀ ਹੈ।’
ਇਸ ਦੇ ਨਾਲ ਹੀ ਉਨ੍ਹਾ ਇਜ਼ਰਾਈਲ ਬਾਰੇ ਕਿਹਾ, ‘ਇਜ਼ਰਾਈਲ ਦੀ ਹੋਂਦ ਨੂੰ ਸੋਵੀਅਤ ਯੂਨੀਅਨ ਤੇ ਅਮਰੀਕਾ ਨੇ ਵੀ ਮੰਨਿਆ ਹੈ, ਅਸੀਂ ਵੀ ਸਵੀਕਾਰ ਕਰ ਚੁੱਕੇ ਹਾਂ।’
ਉਨ੍ਹਾ ਸਥਾਈ ਸ਼ਾਂਤੀ ਦੀ ਵਕਾਲਤ ਕਰਦਿਆਂ ਕਿਹਾ, ‘ਮੱਧ-ਪੂਰਬ ਦਾ ਅਜਿਹਾ ਹੱਲ ਕੱਢਣਾ ਪਵੇਗਾ, ਜਿਸ ਵਿੱਚ ਹਮਲਾਵਾਰੀ ਖ਼ਤਮ ਹੋਵੇ, ਤਾਂ ਜੋ ਸਥਾਈ ਸ਼ਾਂਤੀ ਦਾ ਅਧਾਰ ਬਣੇ। ਗਲਤਫਹਿਮੀ ਦੀ ਗੁੰਜਾਇਸ਼ ਕਿੱਥੇ ਹੈ? ਸ਼ਾਇਦ ਬੁਲਾਰੇ ਵਜੋਂ ਮੈਂ ਆਪਣੇ ਅਧਿਕਾਰ ਨੂੰ ਉਲੰਘ ਰਿਹਾ ਹਾਂ। ਨਵੇਂ ਵਿਦੇਸ਼ ਮੰਤਰੀ ਜਦੋਂ ਬਣਨਗੇ, ਉਹ ਸਾਡੀ ਵਿਦੇਸ਼ ਨੀਤੀ ਉਤੇ ਚਾਨਣਾ ਪਾਉਣਗੇ, ਕੁਝ ਕਹਿਣਾ ਹੋਵੇਗਾ ਤਾਂ ਮੁਰਾਰਜੀ ਭਾਈ ਕਹਿਣਗੇ। ਪ੍ਰੰਤੂ ਮੇਰਾ ਸੰਬੰਧ ਅਜਿਹੀ ਪਾਰਟੀ ਨਾਲ ਰਿਹਾ ਹੈ, ਜਿਸ ਦਾ ਹਊਆ ਖੜ੍ਹਾ ਕਰਕੇ ਚੋਣਾਂ ਵਿੱਚ ਇਹ ਕਿਹਾ ਜਾਂਦਾ ਰਿਹਾ ਹੈ ਕਿ ਜਨਤਾ ਪਾਰਟੀ ਉੱਤੇ ਜਨਸੰਘ ਹਾਵੀ ਹੈ ਤੇ ਜਨਸੰਘ ਮੁਸਲਮਾਨਾਂ ਦਾ ਦੁਸ਼ਮਣ ਹੈ। ਕੋਈ ਇਸ ਝੂਠੇ ਪ੍ਰਚਾਰ ਵਿੱਚ ਨਹੀਂ ਆਇਆ, ਇਹ ਖੁਸ਼ੀ ਦੀ ਗੱਲ ਹੈ।’
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here