ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਸੂਬੇ ਦੇ ਮੁੱਦਿਆਂ ’ਤੇ ਬਹਿਸ ਕਰਨ ਲਈ ਦਿੱਤੇ ਗਏ ਖੁੱਲ੍ਹੇ ਸੱਦੇ ਤੋਂ ਬਾਅਦ ਕਿਹਾ ਕਿ ਸੀ ਐੱਮ ਮਾਨ ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਪਾਰਦਰਸ਼ੀ, ਇਮਾਨਦਾਰ ਅਤੇ ਦਲੇਰ ਮੁੱਖ ਮੰਤਰੀ ਹਨ। ਇਹ ਖੁੱਲ੍ਹੀ ਬਹਿਸ ਦਾ ਸੱਦਾ ਇਸ ਦਾ ਇੱਕ ਹੋਰ ਸਬੂਤ ਹੈ। ਪਾਰਟੀ ਦੇ ਚੰਡੀਗੜ੍ਹ ਸਥਿਤ ਦਫਤਰ ‘ਚ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਪਾਰਟੀ ਦੇ ਬੁਲਾਰੇ ਰਾਜਵਿੰਦਰ ਕੌਰ ਥਿਆੜਾ, ਗੋਵਿੰਦਰ ਮਿੱਤਲ, ਜਸਤੇਜ ਅਰੋੜਾ, ਬਿਕਰਮਜੀਤ ਪਾਸੀ ਅਤੇ ਬੱਬੀ ਬਾਦਲ ਦੇ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹਿਸ ਅਤੇ ਚਰਚਾ ਲੋਕਤੰਤਰ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਮੁੱਖ ਮੰਤਰੀ ਵੱਲੋਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਪੰਜਾਬ ਦੇ ਵੱਖ-ਵੱਖ ਮੁੱਦਿਆਂ ’ਤੇ ਬਹਿਸ ਕਰਨ ਲਈ ਆਉਣ ਦਾ ਸੱਦਾ ਬੇਮਿਸਾਲ ਹੈ। ਅਸੀਂ ਭਗਵੰਤ ਮਾਨ ਦੇ ਇਸ ਫੈਸਲੇ ਦਾ ਸੁਆਗਤ ਕਰਦੇ ਹਾਂ, ਕਿਉਂਕਿ ਪੰਜਾਬ ਦੇ ਲੋਕ ਉਨ੍ਹਾਂ ਸਾਰੇ ਮੁੱਦਿਆਂ ਲਈ ਜ਼ਿੰਮੇਵਾਰ ਲੋਕਾਂ ਦੇ ਨਾਂਅ ਜਾਣਨ ਦੇ ਹੱਕਦਾਰ ਹਨ, ਜਿਨ੍ਹਾਂ ਕਰਕੇ ਸੂਬੇ ਨੂੰ ਇਹ ਦਿਨ ਵੇਖਣਾ ਪੈ ਰਿਹਾ ਹੈ। ਉਨ੍ਹਾ ਦੁਹਰਾਇਆ ਕਿ ਐੱਸ ਵਾਈ ਐੱਲ, ਚੰਡੀਗੜ੍ਹ, ਬੀ ਬੀ ਐੱਮ ਬੀ ਆਦਿ ਦੇ ਮੁੱਦੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਦੇ ‘ਤੋਹਫੇ’ ਹਨ। ਹੁਣ ਇਹ ਲੋਕ ਉਕਤ ਮੁੱਦਿਆਂ ’ਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।





