ਨਾਬਰਾਬਰੀ ਤੇ ਕਾਰਪੋਰੇਟ ਨਿਜ਼ਾਮ ਦੇ ਸੌੜੇ ਮਨਸੂਬਿਆਂ ਕਰਕੇ ਦੇਸ਼ ਦੀ ਆਰਥਿਕਤਾ ਲੀਹੋਂ ਲੱਥੀ : ਅਰਸ਼ੀ

0
263

ਮਾਨਸਾ (ਆਤਮਾ ਸਿੰਘ ਪਮਾਰ)
ਕਾਰਪੋਰੇਟ ਨਿਜ਼ਾਮ ਦੇ ਸੌੜੇ ਮਨਸੂਬਿਆਂ ਕਰਕੇ ਦੇਸ਼ ਦੀ ਆਰਥਿਕਤਾ ਲੀਹੋਂ ਲੱਥ ਚੁੱਕੀ ਹੈ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦੇ ਚਲਦਿਆਂ ਨਿਰਾਸ਼ਾ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ, ਕਿਉਂਕਿ ਨਾਬਰਾਬਰੀ ਦੇ ਵਧ ਰਹੇ ਪਾੜੇ ਕਾਰਨ ਸਮਾਜ ਨਸ਼ੇ ਤੇ ਖੁਦਕੁਸ਼ੀਆਂ ਦੇ ਰੁਝਾਨ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੀ ਦੇਸ਼ ਪ੍ਰਤੀ ਬਦਨੀਤੀ ਅਤੇ ਕਾਰਪੋਰੇਟ ਪੱਖੀ ਨੀਤੀ ਜੱਗ ਜ਼ਾਹਰ ਹੋ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕੁੱਲ ਹਿੰਦ ਕਿਸਾਨ ਸਭਾ ਦੀ ਜ਼ਿਲ੍ਹਾ ਕਾਨਫਰੰਸ ਮੌਕੇ ਜੁੜੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਕਮਿਊਨਿਸਟ ਆਗੂ ਨੇ ਕਿਹਾ ਕਿ ਦੇਸ਼ ਨੂੰ ਆਰਥਕ ਤੌਰ ’ਤੇ ਮਜ਼ਬੂਤ ਕਰਨ ਲਈ ਬਣ ਰਹੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਨਾ ਪਵੇਗਾ, ਕਿਉਂਕਿ ਮੋਦੀ ਸਰਕਾਰ ਵੱਲੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਰਕਾਪ੍ਰਸਤੀ ਦਾ ਪਸਾਰ ਲਗਾਤਾਰ ਜਾਰੀ ਹੈ। ਘੱਟ ਗਿਣਤੀਆਂ, ਦਲਿਤਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਇਨਸਾਫਪਸੰਦ ਆਗੂਆਂ ਨੂੰ ਉਲਝਾਉਣ ਲਈ ਸਾਮਰਾਜੀ ਹਿਟਲਰਸ਼ਾਹੀ ਵੀ ਬਾਦਸਤੂਰ ਜਾਰੀ ਹੈ। ਕਾਨਫਰੰਸ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਸੂਬਾ ਸਰਕਾਰ ਖੇਤੀ ਨੂੰ ਉੱਦਮਸ਼ੀਲ ਬਣਾਉਣ ਲਈ ਵਿਸ਼ੇਸ਼ ਯਤਨ ਜੁਟਾਵੇ, ਕਿਉਂਕਿ ਸਰਕਾਰਾਂ ਦੀਆਂ ਗਲਤ ਨੀਤੀਆਂ, ਗੈਰ-ਕੁਦਰਤੀ ਮੌਸਮੀ ਆਫਤਾਂ ਕਰਕੇ ਫਸਲਾਂ ਤਬਾਹੀ ਦੇ ਕੰਢੇ ਪੁੱਜੀਆਂ ਹਨ। ਹੜ੍ਹਾਂ ਦੀ ਮਾਰ ਕਰਕੇ ਜਾਨੀ, ਮਾਲੀ ਤੇ ਪਸ਼ੂਆਂ, ਘਰਾਂ ਦੇ ਵੱਡੀ ਪੱਧਰ ’ਤੇ ਹੋਏ ਨੁਕਸਾਨ ਦੀ ਭਰਪਾਈ ਤੇ ਮੁਆਵਜ਼ਾ ਫੌਰੀ ਦਿੱਤਾ ਜਾਵੇ। ਉਹਨਾ ਸਫਲ ਕਾਨਫਰੰਸ ਦੀ ਮੁਬਾਰਕਬਾਦ ਦਿੰਦਿਆਂ ਜਥੇਬੰਦੀ ਦੇ ਪੋ੍ਰਗਰਾਮ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਨੇ ਵੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਗੂਆਂ ਤੇ ਵਰਕਰਾਂ ਨੂੰ ਕਾਨਫਰੰਸ ਦੀ ਸਫਲਤਾ ਲਈ ਮੁਬਾਰਕਬਾਦ ਦਿੱਤੀ। ਕਾਨਫਰੰਸ ਜਗਰਾਜ ਹੀਰਕੇ, ਦਲਜੀਤ ਮਾਨਸ਼ਾਹੀਆ ਅਤੇ ਹਰਮੀਤ ਬੋੜਾਵਾਲ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਕਿਸਾਨ ਅੰਦੋਲਨ ਦੇ ਸ਼ਹੀਦਾਂ, ਡਾਕਟਰ ਸਵਾਮੀਨਾਥਨ ਤੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਕੱਤਰ ਵੱਲੋ ਰਿਪੋਰਟ ਪੇਸ਼ ਕੀਤੀ ਗਈ ਅਤੇ ਹਾਜ਼ਰ ਡੈਲੀਗੇਟ ਸਾਥੀਆਂ ਵੱਲੋਂ ਬਹਿਸ ਦੌਰਾਨ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ। ਉਪਰੰਤ 25 ਮੈਂਬਰੀ ਜ਼ਿਲ੍ਹਾ ਕਮੇਟੀ ਦੇ ਪੈਨਲ ਦੀ ਚੋਣ ਕੀਤੀ ਗਈ, ਜਿਸ ਵਿੱਚ ਜਗਰਾਜ ਹੀਰਕੇ, ਦਲਜੀਤ ਮਾਨਸ਼ਾਹੀਆ ਸਰਪ੍ਰਸਤ, ਰੂਪ ਸਿੰਘ ਢਿੱਲੋਂ ਪ੍ਰਧਾਨ, ਮਲਕੀਤ ਮੰਦਰਾਂ ਜਨਰਲ ਸਕੱਤਰ, ਹਰਮੀਤ ਬੋੜਾਵਾਲ, ਬਲਦੇਵ ਬਾਜੇਵਾਲਾ, ਜਗਸੀਰ ਝੁਨੀਰ ਮੀਤ ਪ੍ਰਧਾਨ, ਸੁਖਰਾਜ ਜੋਗਾ, ਭੁਪਿੰਦਰ ਗੁਰਨੇ, ਮਲਕੀਤ ਬਖਸ਼ੀਵਾਲਾ ਸਕੱਤਰ, ਗੁਰਦਾਸ ਸਿੰਘ ਟਾਹਲੀਆਂ ਕੈਸ਼ੀਅਰ, ਐਡਵੋਕੇਟ ਕੁਲਵਿੰਦਰ ਉੱਡਤ ਪ੍ਰੈੱਸ ਸਕੱਤਰ, ਬਲਵਿੰਦਰ ਕੋਟ ਧਰਮੂ, ਕਰਨੈਲ ਭੀਖੀ, ਸਾਧੂ ਰਾਮਾਨੰਦੀ, ਗੁਰਦਿਆਲ ਦਲੇਲ ਸਿੰਘ ਵਾਲਾ, ਮੱਖਣ ਰੰਘੜਿਆਲ, ਭਗਵਾਨ ਕਾਹਨਗੜ੍ਹ, ਹਰੀ ਸਿੰਘ ਅੱਕਾਂਵਾਲੀ, ਡਾ. ਸਤਪਾਲ ਬੱਗਾ ਐੱਮ ਸੀ, ਪਤਲਾ ਦਲੇਲ ਵਾਲਾ ਆਦਿ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ। ਸਮਾਗਮ ਦੌਰਾਨ ਕਿਸਾਨ ਅੰਦੋਲਨ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਬਰਾਂਚਾਂ ਤੇ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ, ਨਿਹਾਲ ਸਿੰਘ ਮਾਨਸਾ, ਹਰਪਾਲ ਬੱਪੀਆਣਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here