ਯੂਰੋਸ਼ਲਮ : ਹਮਾਸ ਵੱਲੋਂ ਬਜ਼ੁਰਗ ਔਰਤਾਂ, ਬੱਚਿਆਂ ਅਤੇ ਪੂਰੇ ਪਰਵਾਰਾਂ ਸਮੇਤ ਇਜ਼ਰਾਈਲੀ ਫੌਜੀਆਂ ਸਣੇ ਸੈਂਕੜੇ ਲੋਕਾਂ ਨੂੰ ਬੰਦੀ ਬਣਾਉਣ ਤੋਂ ਬਾਅਦ ਇਜ਼ਰਾਈਲ ਕਸੂਤਾ ਫਸ ਗਿਆ ਹੈ। ਇਹ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਲਈ ਵੱਡਾ ਸੰਕਟ ਹੈ। ਹਮਾਸ ਨੇ 2006 ’ਚ ਨੌਜਵਾਨ ਇਜ਼ਰਾਈਲੀ ਫੌਜੀ ਗਿਲਾਡ ਸਾਲਿਤ ਨੂੰ ਬੰਦੀ ਬਣਾ ਲਿਆ ਸੀ, ਜਿਸ ਦੇ ਬਦਲੇ ’ਚ ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਭਾਰੀ ਬੰਬਾਰੀ ਕੀਤੀ ਸੀ, ਪਰ ਆਖਰ 1000 ਤੋਂ ਵੱਧ ਫਲਸਤੀਨੀ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਲਈ ਮਜਬੂਰ ਹੋਣਾ ਪਿਆ ਸੀ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਜ਼ਰਾਈਲੀਆਂ ’ਤੇ ਘਾਤਕ ਹਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਵਾਰ ਗਾਜ਼ਾ ਦੇ ਸ਼ਾਸਕ ਹਮਾਸ ਨੇ ਸੈਂਕੜੇ ਇਜ਼ਰਾਈਲੀ ਨਾਗਰਿਕਾਂ ਨੂੰ ਬੰਦੀ ਬਣਾ ਲਿਆ ਹੈ। ਹਮਾਸ ਤੋਂ ਕਿਤੇ ਵੱਧ ਘਾਤਕ ‘ਇਸਲਾਮਿਕ ਜੇਹਾਦ’ ਨਾਂਅ ਦੇ ਫਲਸਤੀਨ ਦੇ ਛੋਟੇ ਗਰੁੱਪ ਨੇ ਵੀ ਐਤਵਾਰ ਨੂੰ ਕਿਹਾ ਕਿ ਉਸ ਨੇ 30 ਲੋਕਾਂ ਨੂੰ ਬੰਦੀ ਬਣਾ ਲਿਆ ਹੈ। ਇਸੇ ਦੌਰਾਨ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਗਾਜ਼ਾ ਪੱਟੀ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰਨ ਦਾ ਹੁਕਮ ਦਿੱਤਾ ਹੈ। ਉਸ ਨੇ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਕੱਟਣ ਅਤੇ ਭੋਜਨ ਤੇ ਬਾਲਣ ਨੂੰ ਉੱਥੇ ਪਹੁੰਚਣ ਤੋਂ ਰੋਕਣ ਦਾ ਸਖਤ ਹੁਕਮ ਦਿੱਤਾ ਹੈ। ਇਸ ਟਕਰਾਅ ’ਚ ਦੋਵੀਂ ਪਾਸੀਂ ਮਰਨ ਵਾਲਿਆਂ ਦੀ ਗਿਣਤੀ 1200 ਨੂੰ ਪਾਰ ਕਰ ਗਈ ਹੈ ਅਤੇ ਹਜ਼ਾਰਾਂ ਲੋਕ ਜ਼ਖਮੀ ਹਨ। ਹਮਾਸ ਦੇ ਹਮਲੇ ਦੇ 40 ਘੰਟਿਆਂ ਤੋਂ ਵੱਧ ਸਮੇਂ ਬਾਅਦ ਵੀ ਇਜ਼ਰਾਈਲੀ ਬਲ ਕਈ ਥਾਵਾਂ ’ਤੇ ਲੁਕੇ ਹੋਏ ਹਮਾਸ ਦੇ ਲੜਾਕਿਆਂ ਨਾਲ ਲੜ ਰਹੇ ਹਨ। ਇਜ਼ਰਾਈਲ ’ਚ ਘੱਟੋ-ਘੱਟ 700 ਤੋਂ ਵੱਧ ਲੋਕ ਮਾਰੇ ਗਏ ਹਨ।





