ਹਮਾਸ ਤੇ ਇਜ਼ਰਾਈਲ ਵਿਚਕਾਰ ਯੁੱਧ ਲਗਾਤਾਰ ਜਾਰੀ ਹੈ। ਇਸ ਨੂੰ ਸਭ ਤੋਂ ਵੱਧ ਦੋਵਾਂ ਪਾਸਿਆਂ ਦੇ ਆਮ ਨਾਗਰਿਕ, ਔਰਤਾਂ ਤੇ ਬੱਚੇ ਭੁਗਤ ਰਹੇ ਹਨ। ਇਸ ਸਮੇਂ ਬਾਕੀ ਦੁਨੀਆ ਤਮਾਸ਼ਾ ਦੇਖ ਰਹੀ ਹੈ। ਹਰ ਜੰਗ ਦਾ ਜੇਕਰ ਕਿਸੇ ਨੂੰ ਲਾਭ ਹੁੰਦਾ ਹੈ ਤਾਂ ਉਹ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਹੁੰਦੀਆਂ ਹਨ। ਸਾਰੀ ਦੁਨੀਆ ਜਾਣਦੀ ਹੈ ਕਿ ਹਥਿਆਰਾਂ ਦਾ ਸਭ ਤੋਂ ਵੱਡਾ ਨਿਰਮਾਤਾ ਅਮਰੀਕਾ ਹੈ। ਸਾਰੀ ਦੁਨੀਆ ਵਿੱਚ ਅੱਤਵਾਦੀਆਂ ਦੇ ਹੱਥਾਂ ਵਿੱਚ ਅਮਰੀਕੀ ਹਥਿਆਰ ਹੁੰਦੇ ਹਨ। ਇਹ ਕਸ਼ਮੀਰ ਵਿਚਲੇ ਅੱਤਵਾਦੀ ਹੋਣ ਜਾਂ ਤਾਲਿਬਾਨੀ ਅੱਤਵਾਦੀ, ਸਭ ਕੋਲ ਅਮਰੀਕਾ ਦੇ ਆਧੁਨਿਕ ਹਥਿਆਰ ਮੌਜੂਦ ਹੁੰਦੇ ਹਨ। ਅਸਲ ਵਿੱਚ ਹਰ ਯੁੱਧ ਅਮਰੀਕਾ ਲਈ ਇੱਕ ਧੰਦਾ ਹੁੰਦਾ ਹੈ।
ਹਮਾਸ ਤੇ ਇਜ਼ਰਾਈਲ ਨੇ ਇੱਕ-ਦੂਜੇ ਉੱਤੇ ਹੋਏ ਹਮਲਿਆਂ ਦੇ ਜਿਹੜੇ ਵੀਡੀਓ ਜਾਰੀ ਕੀਤੇ ਹਨ, ਉਨ੍ਹਾਂ ਵਿੱਚ ਹਮਲਾਵਰਾਂ ਪਾਸ ਅਮਰੀਕਾ ਦੀਆਂ ਬਣੀਆਂ ਐੱਮ-14 ਅਸਾਲਟਾਂ ਦੇਖੀਆਂ ਜਾ ਸਕਦੀਆਂ ਹਨ। ਸਵਾਲ ਇਹ ਹੈ ਕਿ ਇਜ਼ਰਾਈਲ ਨਾਲ ਤਾਂ ਅਮਰੀਕਾ ਦੇ ਨੇੜਲੇ ਸੰਬੰਧ ਹਨ, ਪਰ ਹਮਾਸ ਨੂੰ ਤਾਂ ਉਸ ਨੇ ਅੱਤਵਾਦੀ ਗਰਦਾਨਿਆ ਹੋਇਆ ਹੈ, ਫਿਰ ਉਸ ਕੋਲ ਇਹ ਹਥਿਆਰ ਕਿਵੇਂ ਆਏ। ਇਸ ਸੰਬੰਧੀ ‘ਇੰਡੀਆ ਟੂਡੇ’ ਨੇ ਇੱਕ ਰਿਪੋਰਟ ਨਸ਼ਰ ਕੀਤੀ ਹੈ।
ਅਮਰੀਕੀ ਸੈਨੇਟਰ ਮਾਰਜ਼ੋਰੀ ਟੇਲਰ ਗਰੀਨ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ ਹਮਾਸ ਨੇ ਇਜ਼ਰਾਈਲ ਉੱਤੇ ਹਮਲੇ ਲਈ ਅਮਰੀਕੀ ਹਥਿਆਰ ਵਰਤੇ ਹਨ, ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਬਰਤਾਨਵੀ ਸਿਆਸੀ ਆਗੂ ਫਰਗਿਊਸਨ ਨੇ ਵੀ ਅਮਰੀਕੀ ਬੰਦੂਕਾਂ ਨਾਲ ਤਾਲਿਬਾਨੀ ਅੱਤਵਾਦੀਆਂ ਦੀ ਇੱਕ ਫੋਟੋ ਸਾਂਝੀ ਕਰਕੇ ਇਸ ਨੂੰ ਹਮਾਸ ਦੇ ਇਜ਼ਰਾਈਲ ਉੱਤੇ ਹਮਲੇ ਨਾਲ ਜੋੜਿਆ ਹੈ। ਫਰਗਿਊਸਨ ਨੇ ਲਿਖਿਆ ਹੈ ਕਿ ਇਜ਼ਰਾਈਲੀ ਫੌਜਾਂ ਦੇ ਕਮਾਂਡਰ ਨੇ ਕਿਹਾ ਹੈ ਕਿ ਅਮਰੀਕੀ ਪ੍ਰਸ਼ਾਸਨ ਵੱਲੋਂ ਅਫ਼ਗਾਨਿਸਤਾਨ ਵਿੱਚ ਛੱਡੇ ਗਏ ਹਥਿਆਰ ਗਾਜ਼ਾ ਪੱਟੀ ਦੇ ਫਲਸਤੀਨੀਆਂ ਦੇ ਹੱਥਾਂ ਵਿੱਚ ਪਹੁੰਚ ਗਏ ਹਨ। 5 ਅਕਤੂਬਰ ਨੂੰ ਇਜ਼ਰਾਈਲ ਨੇ ਐੱਮ-16 ਰਾਈਫਲ ਦੀ ਤਸਵੀਰ ਟਵੀਟ ਕੀਤੀ ਸੀ, ਜੋ ਹਮਲਾ ਕਰਨ ਆਏ ਹਮਾਸ ਦੇ ਲੜਾਕਿਆਂ ਕੋਲੋਂ ਬਰਾਮਦ ਕੀਤੀ ਗਈ ਸੀ। ਐੱਮ-16 ਅਮਰੀਕਾ ਵਿੱਚ ਬਣਦੀ ਅਤਿ ਆਧੁਨਿਕ ਅਸਾਲਟ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਕਸ਼ਮੀਰੀ ਅੱਤਵਾਦੀਆਂ ਕੋਲੋਂ ਵੀ ਅਮਰੀਕੀ ਹਥਿਆਰ ਬਰਾਮਦ ਹੁੰਦੇ ਰਹੇ ਹਨ। ਇਜ਼ਰਾਈਲ ਵਾਂਗ ਭਾਰਤੀ ਹਾਕਮ ਵੀ ਹੁਣ ਤਾਂ ਅਮਰੀਕਾ ਦੇ ਗੂੜ੍ਹੇ ਮਿੱਤਰ ਹਨ। ਸਵਾਲ ਪੈਦਾ ਹੁੰਦਾ ਹੈ ਕਿ ਅਮਰੀਕੀ ਹਥਿਆਰ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਤੇ ਹਮਾਸ ਵਰਗੇ ਸੰਗਠਨਾਂ ਕੋਲ ਕਿਵੇਂ ਤੇ ਕਿਉਂ ਪੁੱਜ ਰਹੇ ਹਨ। ਅਮਰੀਕਾ ਵਿੱਚ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ਵਿਰੁੱਧ ਜੰਗ ਛੇੜ ਦਿੱਤੀ ਸੀ। ਅਮਰੀਕਾ ਦੀ ਅਗਵਾਈ ਵਿੱਚ ਨਾਟੋ ਦੇਸ਼ਾਂ ਦੀ ਇਹ ਮੁਹਿੰਮ ਨਾਕਾਮ ਹੋ ਗਈ ਸੀ। ਅਮਰੀਕੀ ਫੌਜਾਂ ਨੂੰ ਥੱਕ-ਹਾਰ ਕੇ ਆਖਰ ਉਥੋਂ ਨਿਕਲਣਾ ਪਿਆ ਸੀ। ਅਫ਼ਗਾਨਿਸਤਾਨ ਛੱਡਣ ਸਮੇਂ ਅਮਰੀਕੀ ਫੌਜੀ ਆਪਣੇ 7 ਅਰਬ ਡਾਲਰ ਦੇ ਹਥਿਆਰ ਉਥੇ ਹੀ ਛੱਡ ਆਏ। ਇਨ੍ਹਾਂ ਵਿੱਚ ਫੌਜੀ ਜਹਾਜ਼, ਹੈਲੀਕਾਪਟਰਾਂ ਸਮੇਤ ਐੱਮ-16 ਅਸਾਲਟਾਂ ਤੇ ਐਮ-4 ਕਾਰਬਾਈਨਾਂ ਵਰਗੇ ਆਧੁਨਿਕ ਹਥਿਆਰ ਵੀ ਸਨ। ਇਹੋ ਹਥਿਆਰ ਹੁਣ ਸੰਸਾਰ ਅਮਨ ਨੂੰ ਅੱਗ ਲਾ ਰਹੇ ਹਨ। ਇਹ ਅਮਰੀਕਾ ਜਾਣਦਾ ਹੋਵੇਗਾ ਕਿ ਇਹ ਹਥਿਆਰ ਛੱਡ ਕੇ ਜਾਣ ਪਿੱਛੇ ਉਸ ਦੀ ਕੀ ਮਨਸ਼ਾ ਸੀ।
ਪਿਛਲੇ ਸਾਲ ਸਾਡੇ ਵੇਲੇ ਦੇ ਫੌਜ ਮੁਖੀ ਜਨਰਲ ਐੱਮ ਐੱਮ ਨਰਵਣੇ ਨੇ ਕਿਹਾ ਸੀ ਕਿ ਕਸ਼ਮੀਰ ਵਿੱਚ ਵਿਦੇਸ਼ੀ ਹਥਿਆਰਾਂ ਦਾ ਵਾਧਾ ਹੋ ਰਿਹਾ ਹੈ। ਪਾਕਿਸਤਾਨੀ ਹਮਾਇਤ ਪ੍ਰਾਪਤ ਅੱਤਵਾਦੀਆਂ ਕੋਲ ਅਮਰੀਕੀ ਸੈਨਿਕਾਂ ਵੱਲੋਂ ਅਫ਼ਗਾਨਿਸਤਾਨ ਵਿੱਚ ਛੱਡੇ ਹਥਿਆਰ ਪੁੱਜ ਗਏ ਹਨ। ਇਨ੍ਹਾਂ ਵਿੱਚ ਸਟੀਲ-ਕੋਰ ਬੁਲੇਟ ਤੇ ਨਾਈਟ ਵਿਜ਼ਨ ਐਨਕਾਂ ਤੱਕ ਸ਼ਾਮਲ ਹਨ। ਸਟੀਲ-ਕੋਰ-ਬੁਲੇਟ ਬੁਲੇਟ ਪਰੂਫ਼ ਜੈਕਟਾਂ ਨੂੰ ਵੀ ਪਾਰ ਕਰ ਜਾਂਦੇ ਹਨ।
ਜੰਗ ਇੱਕ ਵੱਡਾ ਕਾਰੋਬਾਰ ਹੈ, ਜੋ ਇੱਕ ਖੂਨੀ ਧੰਦਾ ਬਣ ਚੁੱਕਾ ਹੈ। ਇਹ ਅਸੀਂ ਯੂਕਰੇਨ, ਇਜ਼ਰਾਈਲ ਤੇ ਗਾਜ਼ਾ ਵਿੱਚ ਦੇਖ ਰਹੇ ਹਾਂ। ਹਥਿਆਰਾਂ ਦਾ ਸਭ ਤੋਂ ਵੱਡਾ ਸੌਦਾਗਰ ਇਸ ਧੰਦੇ ਦੇ ਕੇਂਦਰ ਵਿੱਚ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਇੱਕ ਰਿਪੋਰਟ ਮੁਤਾਬਕ 2013 ਤੋਂ 2022 ਵਿਚਕਾਰ ਅਮਰੀਕੀ ਹਥਿਆਰਾਂ ਦੀ ਬਰਾਮਦ ਵਿੱਚ 14 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸਮੇਂ ਸੰਸਾਰ ਵਿਆਪੀ ਹਥਿਆਰਾਂ ਦੀ ਬਰਾਮਦ ਵਿੱਚ ਅਮਰੀਕਾ ਦੀ ਹਿੱਸੇਦਾਰੀ 40 ਫ਼ੀਸਦੀ ਹੋ ਚੁੱਕੀ ਹੈ। ਅਸਲ ਵਿੱਚ ਅਮਰੀਕਾ ਦੀ ਸੰਸਾਰ ਪੱਧਰੀ ਚੌਧਰ ਹੀ ਹਥਿਆਰਾਂ ਦੇ ਬਲਬੂਤੇ ਉੱਤੇ ਹੈ।
-ਚੰਦ ਫਤਿਹਪੁਰੀ



