ਫਲਸਤੀਨੀਆਂ ਨੂੰ ਭਾਰਤ ਤੋਂ ਵੱਡੀਆਂ ਆਸਾਂ, ਪਰ ਮੋਦੀ ਵੱਲੋਂ ਇਜ਼ਰਾਈਲ ਦੀ ਡਟਵੀਂ ਹਮਾਇਤ

0
284

ਨਵੀਂ ਦਿੱਲੀ : ਫਲਸਤੀਨੀ ਰਾਜਦੂਤ ਅਦਨਾਨ ਅਬੂ ਅਲਹਾਈਜਾ ਨੇ ਮੰਗਲਵਾਰ ਕਿਹਾ ਕਿ ਭਾਰਤ ਦੀ ਫਲਸਤੀਨੀਆਂ ਨਾਲ ਯਕਜਹਿਤੀ ਮਹਾਤਮਾ ਗਾਂਧੀ ਦੇ ਸਮੇਂ ਦੀ ਹੈ ਅਤੇ ਭਾਰਤ ਦੁਨੀਆ ਵਿਚ ਵਧ ਰਹੇ ਆਪਣੇ ਰੁਤਬੇ ਤੇ ਪੱਛਮੀ ਏਸ਼ੀਆ ਦੇ ਅਹਿਮ ਦੇਸ਼ਾਂ ਉੱਤੇ ਆਪਣੇ ਪ੍ਰਭਾਵ ਨਾਲ ਇਜ਼ਰਾਈਲ-ਹਮਾਸ ਟਕਰਾਅ ਨੂੰ ਖਤਮ ਕਰਨ ’ਚ ਅਹਿਮ ਰੋਲ ਅਦਾ ਕਰ ਸਕਦਾ ਹੈ।
ਅਲਹਾਈਜਾ ਨੇ ਇਕ ਖਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿਚ ਨੋਟ ਕੀਤਾ ਕਿ ਭਾਰਤ ਇਜ਼ਰਾਈਲ ਤੇ ਫਲਸਤੀਨ ਦੋਵਾਂ ਦਾ ‘ਦੋਸਤ’ ਹੈ, ਇਸ ਕਰਕੇ ਖਿਚਾਅ ਘਟਾਉਣ ਤੇ ਫਲਸਤੀਨ ਮੁੱਦਾ ਹੱਲ ਕਰਨ ਵਿਚ ਯੋਗਦਾਨ ਪਾ ਸਕਦਾ ਹੈ। ਭਾਰਤ ਯੂਰਪੀ ਦੇਸ਼ਾਂ, ਅਮਰੀਕਾ ਤੇ ਪੱਛਮੀ ਏਸ਼ੀਆ ਦੇ ਦੇਸ਼ਾਂ ਨਾਲ ਸੰਪਰਕ ਕਰਕੇ ਇਜ਼ਰਾਈਲ ’ਤੇ ਅਮਨ ਵੱਲ ਵਧਣ ਦਾ ਦਬਾਅ ਪਾ ਸਕਦਾ ਹੈ। ਭਾਰਤ ਬਹੁਤ ਅਹਿਮ ਦੇਸ਼ ਹੈ ਤੇ ਇਸ ਮਾਮਲੇ ਵਿਚ ਅਗਵਾਈ ਕਰ ਸਕਦਾ ਹੈ, ਚੰਗਾ ਰੋਲ ਅਦਾ ਕਰ ਸਕਦਾ ਹੈ।
ਇਹ ਪੁੱਛੇ ਜਾਣ ’ਤੇ ਕਿ ਕੀ ਉਹ ਚਾਹੁੰਦੇ ਹਨ ਕਿ ਭਾਰਤ ਵਿਚੋਲਗੀ ਕਰੇ, ਉਨ੍ਹਾ ਕਿਹਾਮੈਂ ਇਹੀ ਆਸ ਕਰਦਾ ਹਾਂ। ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾ ਇਸ ਬਾਰੇ ਵਿਦੇਸ਼ ਮੰਤਰਾਲੇ ਜਾਂ ਭਾਰਤ ਸਰਕਾਰ ਦੇ ਸੰਬੰਧਤ ਅਧਿਕਾਰੀਆਂ ਨੂੰ ਇਹ ਗੱਲ ਦੱਸੀ ਹੈ, ਉਨ੍ਹਾ ਕਿਹਾ ਕਿ ਉਨ੍ਹਾ ਕਰੀਬ ਦੋ ਸਾਲ ਪਹਿਲਾਂ ਦੱਸੀ ਸੀ।
ਹਮਾਸ ਦੇ ਇਜ਼ਰਾਈਲ ’ਤੇ ਹਮਲੇ ਬਾਰੇ ਉਨ੍ਹਾ ਕਿਹਾ ਕਿ ਹਮਾਸ ਨੇ ਉਸ ਦਾ ਜਵਾਬ ਦਿੱਤਾ ਹੈ, ਜੋ ਇਜ਼ਰਾਈਲ ਲੰਮੇ ਸਮੇਂ ਤੋਂ ਫਲਸਤੀਨੀ ਲੋਕਾਂ ਨਾਲ ਕਰ ਰਿਹਾ ਹੈ। ਇਹ ਪੁੱਛਣ ’ਤੇ ਕਿ ਕੀ ਉਹ ਹਮਾਸ ਦੇ ਹਮਲਿਆਂ ਦੀ ਨਿੰਦਾ ਕਰਦੇ ਹਨ, ਜਿਨ੍ਹਾਂ ਨਾਲ ਬੇਗੁਨਾਹ ਨਾਗਰਿਕ ਮਾਰੇ ਗਏ, ਉਨ੍ਹਾ ਕਿਹਾਮੈਂ ਨਾਗਰਿਕਾਂ ਨੂੰ ਮਾਰਨ ਦੀ ਨਿੰਦਾ ਕਰਦਾ ਹਾਂ, ਭਾਵੇਂ ਉਹ ਫਲਸਤੀਨੀ ਹੋਣ ਜਾਂ ਇਜ਼ਰਾਈਲੀ। ਗਾਜ਼ਾ 22 ਲੱਖ ਲੋਕਾਂ ਲਈ ਖੁੱਲ੍ਹੀ ਜੇਲ੍ਹ ਵਾਂਗ ਹੈ। ਜੇ ਇਜ਼ਰਾਈਲ ਪੱਛਮੀ ਕੰਢੇ ਵੱਲ ਆਉਣ ਦੀ ਆਗਿਆ ਨਾ ਦੇਵੇ ਤਾਂ ਉਹ ਡਾਕਟਰੀ ਇਲਾਜ ਲਈ ਵੀ ਬਾਹਰ ਨਹੀਂ ਨਿਕਲ ਸਕਦੇ।
ਉਨ੍ਹਾ ਕਿਹਾਸਥਿਤੀ ਬਹੁਤ ਖਰਾਬ ਹੈ। ਅਸੀਂ ਵਰ੍ਹਿਆਂ ਤੋਂ ਦੁਨੀਆ ਨੂੰ ਦੱਸ ਰਹੇ ਹਾਂ ਕਿ ਇਜ਼ਰਾਈਲ ਕਿੰਨਾ ਜ਼ੁਲਮ ਕਰ ਰਿਹਾ ਹੈ, ਪਰ ਕੋਈ ਉਸ ਦੀ ਜਵਾਬਦੇਹੀ ਤੈਅ ਨਹੀਂ ਕਰ ਰਿਹਾ। ਇਸੇ ਕਰਕੇ ਅੱਜ ਵਾਲੇ ਹਾਲਾਤ ਬਣੇ। ਇਹ ਜੰਗ ਖਤਮ ਹੋ ਜਾਏਗੀ, ਪਰ ਜੇ ਮਸਲੇ ਦਾ ਹੱਲ ਨਾ ਕੀਤਾ ਜਾਂ ਫਿਰ ਭੜਕ ਸਕਦੀ ਹੈ।
ਫਲਸਤੀਨੀ ਰਾਜਦੂਤ ਭਾਰਤ ਤੋਂ ਕਾਫੀ ਆਸ ਰੱਖਦੇ ਹਨ, ਪਰ ਮੰਗਲਵਾਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਗ ਦੀ ਸਥਿਤੀ ਤੋਂ ਜਾਣੂੰ ਕਰਾਇਆ ਤਾਂ ਮੋਦੀ ਨੇ ਕਿਹਾ ਕਿ ਭਾਰਤ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਕਰੜੀ ਨਿੰਦਾ ਕਰਦਾ ਹੈ। ਉਨ੍ਹਾ ਕਿਹਾਮੈਂ ਸਥਿਤੀ ਤੋਂ ਜਾਣੰੂ ਕਰਾਉਣ ਲਈ ਪ੍ਰਧਾਨ ਮੰਤਰੀ ਬੈਂਜਾਮਿਨ ਵੱਲੋਂ ਫੋਨ ਕਰਨ ਦਾ ਧੰਨਵਾਦ ਕਰਦਾ ਹਾਂ। ਭਾਰਤ ਦੇ ਲੋਕ ਔਖੀ ਘੜੀ ਵਿਚ ਇਜ਼ਰਾਈਲ ਨਾਲ ਪੂਰੀ ਤਰ੍ਹਾਂ ਖੜ੍ਹੇ ਹਨ।
ਬੈਂਜਾਮਿਨ ਨੇ ਹਮਾਸ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਜ਼ਰਾਈਲ ਨੇ ਜੰਗ ਸ਼ੁਰੂ ਨਹੀਂ ਕੀਤੀ, ਪਰ ਖਤਮ ਉਹੀ ਕਰੇਗਾ।
ਇਸੇ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਨੇ ਆਪਣੀ ਸੋਮਵਾਰ ਦੀ ਮੀਟਿੰਗ ਵਿਚ ਮਤਾ ਪਾਸ ਕਰਕੇ ਕਿਹਾ ਕਿ ਉਹ ਮੱਧ-ਪੂਰਬ ਵਿਚ ਭੜਕੀ ਜੰਗ ਤੋਂ ਬਹੁਤ ਚਿੰਤਤ ਹੈ। ਕਾਂਗਰਸ ਫਲਸਤੀਨੀਆਂ ਦੇ ਜ਼ਮੀਨ, ਸਵੈ-ਸ਼ਾਸਨ ਤੇ ਗੈਰਤ ਨਾਲ ਰਹਿਣ ਦੇ ਹੱਕਾਂ ਨਾਲ ਪਹਿਲਾਂ ਵਾਂਗ ਖੜ੍ਹੀ ਹੈ। ਤੁਰੰਤ ਗੋਲੀਬੰਦੀ ਹੋਣੀ ਚਾਹੀਦੀ ਹੈ। ਸਾਰੇ ਮਸਲੇ ਹੱਲ ਹੋਣੇ ਤੇ ਰਹਿੰਦੇ ਮਸਲਿਆਂ ਦੇ ਹੱਲ ਲਈ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ।
ਗਾਜ਼ਾ ਵਿਚ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲੀ ਹਮਲੇ ਵਿਚ 140 ਬੱਚਿਆਂ ਤੇ 120 ਔਰਤਾਂ ਸਣੇ ਘੱਟੋ-ਘੱਟ 770 ਲੋਕ ਮਾਰੇ ਜਾ ਚੁੱਕੇ ਹਨ।
ਇਜ਼ਰਾਈਲੀ ਫੌਜ ਨੇ ਦੇਸ਼ ਦੇ ਦੱਖਣੀ ਹਿੱਸੇ ’ਚ ਜ਼ਿਆਦਾਤਰ ਥਾਵਾਂ ’ਤੇ ਮੁੜ ਕਬਜ਼ਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਜ਼ਰਾਈਲ ਦੇ ਇਲਾਕੇ ’ਚੋਂ ਕਰੀਬ 1500 ਹਮਾਸ ‘ਅੱਤਵਾਦੀਆਂ’ ਦੀਆਂ ਲਾਸ਼ਾਂ ਮਿਲੀਆਂ ਹਨ। ਇਜ਼ਰਾਈਲ ਦੇ ਸੂਤਰਾਂ ਮੁਤਾਬਕ ਅਚਨਚੇਤ ਹਮਲੇ ਤੋਂ ਬਾਅਦ ਜਾਰੀ ਜੰਗ ਦੇ ਚੌਥੇ ਦਿਨ ਸਰਹੱਦ ’ਤੇ ਪੂਰਾ ਕੰਟਰੋਲ ਹਾਸਲ ਕਰ ਲਿਆ ਗਿਆ ਹੈ। ਸੋਮਵਾਰ ਦੇਰ ਰਾਤ ਤੋਂ ਹਮਾਸ ਦਾ ਇੱਕ ਵੀ ‘ਅੱਤਵਾਦੀ’ ਇਜ਼ਰਾਈਲ ’ਚ ਦਾਖਲ ਨਹੀਂ ਹੋਇਆ, ਹਾਲਾਂਕਿ ਘੁਸਪੈਠ ਹਾਲੇ ਵੀ ਸੰਭਵ ਹੋ ਸਕਦੀ ਹੈ। ਚਾਰ ਦਿਨਾਂ ’ਚ ਇਜ਼ਰਾਈਲ ਨੇ 900 ਸੈਨਿਕਾਂ ਅਤੇ ਨਾਗਰਿਕਾਂ ਦੀ ਮੌਤ ਅਤੇ ਫਲਸਤੀਨੀ ਅਧਿਕਾਰੀਆਂ ਨੇ ਗਾਜ਼ਾ ਤੇ ਪੱਛਮੀ ਕੰਢੇ ’ਚ ਲਗਭਗ 800 ਲੋਕਾਂ ਦੀ ਮੌਤ ਦੀ ਸੂਚਨਾ ਦਿੱਤੀ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਹਮਾਸ ਖਿਲਾਫ ਮੁਹਿੰਮ ’ਚ ਗਾਜ਼ਾ ਦੀ ਸੰਸਦ ਅਤੇ ਗੈਰ-ਫੌਜੀ ਮੰਤਰਾਲੇ ਉਸ ਦੇ ਨਿਸ਼ਾਨੇ ’ਤੇ ਹਨ।

LEAVE A REPLY

Please enter your comment!
Please enter your name here