ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 41 ਮੈਂਬਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ, ਇਸ ਵਿੱਚ 7 ਮੌਜੂਦਾ ਸਾਂਸਦਾਂ ਨੂੰ ਵੀ ਟਿਕਟ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਵੀ 7 ਸਾਂਸਦਾਂ ਤੇ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਗੋਦੀ ਮੀਡੀਆ ਦੇ ਦਲਾਲ ਪੱਤਰਕਾਰਾਂ ਨੇ ਇਸ ਨੂੰ ਮੋਦੀ ਦਾ ਮਾਸਟਰ ਸਟਰੋਕ ਕਹਿ ਕੇ ਪ੍ਰਚਾਰਿਆ ਹੈ। ਉਨ੍ਹਾਂ ਮੁਤਾਬਕ ਇਸ ਨਾਲ ਇਹ ਗੱਲ ਸਾਬਤ ਹੁੰਦੀ ਹੈ ਕਿ ਮੋਦੀ-ਸ਼ਾਹ ਦੀ ਜੋੜੀ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਤਿੰਨ ਰਾਜਾਂ; ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਜਿੱਤਣ ਲਈ ਹਰ ਹੀਲਾ ਵਰਤ ਰਹੀ ਹੈ। ਇਹ ਸਮਝ ਬਿਲਕੁੱਲ ਗਲਤ ਹੈ। ਅਸਲ ਵਿੱਚ ਮੋਦੀ-ਸ਼ਾਹ ਜੋੜੀ ਇਨ੍ਹਾਂ ਰਾਜਾਂ ਦੀਆਂ ਚੋਣਾਂ ਨਹੀਂ, ਸਗੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣੇ ਰਾਹ ਦੇ ਸਾਰੇ ਕੰਡੇ ਚੁਗਣ ਦੀ ਚਾਲ ਚੱਲ ਰਹੀ ਹੈ। ਸਾਂਸਦਾਂ ਤੇ ਮੰਤਰੀਆਂ ਨੂੰ ਟਿਕਟਾਂ ਦੇ ਕੇ ਉਨ੍ਹਾਂ ਕਈ ਨਿਸ਼ਾਨੇ ਫੁੰਡਣ ਦਾ ਰਾਹ ਚੁਣਿਆ ਹੈ।
ਇੱਕ ਸਾਂਸਦ 6 ਤੋਂ ਲੈ ਕੇ 8 ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਦਾ ਹੈ। ਇਸ ਦੌਰਾਨ ਉਹ ਆਪਣੇ ਕਿਸੇ ਪੁੱਤ-ਭਤੀਜੇ ਨੂੰ ਕਿਸੇ ਇੱਕ ਵਿਧਾਨ ਸਭਾ ਹਲਕੇ ਵਿੱਚ ਕੰਮ ’ਤੇ ਲਾਉਂਦਾ ਹੈ, ਤਾਂ ਕਿ ਉਸ ਨੂੰ ਆਪਣੀ ਵਿਰਾਸਤ ਸੌਂਪੀ ਜਾ ਸਕੇ। ਇਨ੍ਹਾਂ ਸਾਂਸਦਾਂ ਨੂੰ ਟਿਕਟ ਦੇ ਕੇ ਮੋਦੀ-ਸ਼ਾਹ ਨੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦਾ ਸਿਆਸਤ ਵਿੱਚ ਦਾਖਲਾ ਬੰਦ ਕਰ ਦਿੱਤਾ ਹੈ।
ਇਸ ਦੇ ਨਾਲ ਇਹ ਘਾਗ ਸਾਂਸਦ ਆਪਣੇ ਹਮੈਤੀਆਂ ਨੂੰ ਟਿਕਟਾਂ ਦਿਵਾਉਣ ਲਈ ਵੀ ਜੋੜ-ਤੋੜ ਕਰਦੇ ਹਨ। ਹੁਣ ਜਦੋਂ ਉਹ ਖੁਦ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਬਣ ਗਏ ਹਨ, ਉਨ੍ਹਾਂ ਦੀ ਇਸ ਦਖਲ-ਅੰਦਾਜ਼ੀ ਉੱਤੇ ਵੀ ਰੋਕ ਲੱਗ ਗਈ ਹੈ।
ਮੋਦੀ-ਸ਼ਾਹ ਜੋੜੀ ਦੀ ਸ਼ੁਰੂ ਤੋਂ ਹੀ ਪਾਰਟੀ ਵਿੱਚ ਆਪਣੇ ਵਿਰੋਧੀਆਂ ਤੋਂ ਛੁਟਕਾਰਾ ਪਾ ਕੇ ਆਪਣੇ ਹੱਥਠੋਕੇ ਪੈਦਾ ਕਰਨ ਦੀ ਨੀਤੀ ਰਹੀ ਹੈ। ਸਾਂਸਦਾਂ ਨੂੰ ਟਿਕਟ ਦੇਣ ਦਾ ਮਤਲਬ ਉਨ੍ਹਾਂ ਤੋਂ ਛੁਟਕਾਰਾ ਹਾਸਲ ਕਰਨਾ ਵੀ ਹੈ। ਇਨ੍ਹਾਂ ਵਿੱਚੋਂ ਜਿਹੜੇ ਜਿੱਤ ਜਾਣਗੇ, ਉਹ ਵਿਧਾਇਕ ਬਣ ਕੇ ਕੇਂਦਰੀ ਸਿਆਸਤ ਤੋਂ ਫਾਰਗ ਹੋ ਜਾਣਗੇ ਤੇ ਜਿਹੜੇ ਹਾਰ ਗਏ, ਉਨ੍ਹਾਂ ਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਟਿਕਟ ਨਹੀਂ ਮਿਲੇਗੀ। ਇਸ ਤਰ੍ਹਾਂ ਉਹ ਵੀ ਕੇਂਦਰ ਦੀ ਸਿਆਸਤ ਵਿੱਚੋਂ ਬਾਹਰ ਹੋ ਜਾਣਗੇ। ਇਸ ਤਰ੍ਹਾਂ ਮੋਦੀ-ਸ਼ਾਹ ਜੋੜੀ ਨੂੰ ਕਈ-ਕਈ ਵਾਰ ਲੋਕ ਸਭਾ ਦੀਆਂ ਚੋਣਾਂ ਜਿੱਤ ਚੁੱਕੇ ਸਿਆਸਤ ਦੇ ਇਨ੍ਹਾਂ ਘਾਗ ਖਿਡਾਰੀਆਂ ਤੋਂ ਮੁਕਤੀ ਮਿਲ ਜਾਵੇਗੀ। ਇਸੇ ਨੀਤੀ ਤਹਿਤ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਤੇ ਰਾਕੇਸ਼ ਸਿੰਘ ਦੇ ਵੀ ਖੰਭ ਕੁਤਰਨ ਦਾ ਮਨਸੂਬਾ ਘੜ ਲਿਆ ਗਿਆ ਹੈ। ਇਨ੍ਹਾਂ ਵੱਡੇ ਆਗੂਆਂ ਨੂੰ ਟਿਕਟਾਂ ਦੇ ਕੇ ਕਈ ਹਲਕਿਆਂ ਵਿੱਚ ਵੱਡੀ ਪਹੁੰਚ ਰੱਖਣ ਵਾਲੇ ਉਮੀਦਵਾਰਾਂ ਨੂੰ ਲਾਂਭੇ ਕਰਨ ਦਾ ਵੀ ਦਾਅ ਖੇਡਿਆ ਗਿਆ ਹੈ। ਇਨ੍ਹਾਂ ਵਿੱਚ ਰਾਜਸਥਾਨ ਤੋਂ ਮੁੱਖ ਮੰਤਰੀ ਰਹਿ ਚੁੱਕੇ ਭੈਰੋਂ ਸਿੰਘ ਸ਼ੇਖਾਵਤ ਦਾ ਜਵਾਈ ਵੀ ਹੈ, ਜਿਹੜਾ ਤਿੰਨ ਵਾਰ ਦਾ ਵਿਧਾਇਕ ਹੈ।
ਅਸਲ ਵਿੱਚ ਮੋਦੀ-ਸ਼ਾਹ ਦੀ ਕਾਰਜ-ਪ੍ਰਣਾਲੀ ਤੋਂ ਭਾਜਪਾ ਅੰਦਰ ਵੀ ਅਸੰਤੋਸ਼ ਪੈਦਾ ਹੋਣਾ ਸੁਭਾਵਕ ਹੈ। ਇਹ ਵੀ ਇੱਕ ਤਰ੍ਹਾਂ ਸੱਤਾ ਵਿਰੋਧੀ ਲਹਿਰ ਹੀ ਹੁੰਦੀ ਹੈ। ਮੋਦੀ-ਸ਼ਾਹ ਦੀ ਸਾਂਸਦਾਂ ਨੂੰ ਰਾਜਾਂ ਵਿੱਚ ਧੱਕਣ ਦੀ ਇਹ ਨੀਤੀ ਅਸਲ ਵਿੱਚ ਕੇਂਦਰ ਵਿੱਚ ਆਪਣੇ ਵਿਰੋਧੀਆਂ ਦਾ ਮਲੀਆਮੇਟ ਕਰਨ ਦੀ ਚਾਲ ਹੈ। ਇਹੋ ਨਹੀਂ ਉਹ ਰਾਜਾਂ ਵਿੱਚ ਵੀ ਕਿਸੇ ਦਾ ਕੱਦ ਵਧੇ ਇਹ ਸਹਾਰ ਨਹੀਂ ਸਕਦੇ। ਰਾਜਸਥਾਨ ਵਿੱਚ ਵਸੁੰਧਰਾ ਰਾਜੇ ਸਿੰਧੀਆ ਦੇ ਖੰਭ ਕੁਤਰਨ ਲਈ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਾਰਨਾ ਵੀ ਮਨਜ਼ੂਰ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਚੌਹਾਨ ਨੂੰ ਵੀ ਧਰਾਤਲ ਉੱਤੇ ਲਿਆਉਣ ਲਈ 7 ਸਾਂਸਦਾਂ ਦੀ ਬਲੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸਿੰਧੀਆ ਪਰਵਾਰ ਦੀ ਯਸ਼ੋਧਰਾ ਨੇ ਤਾਂ ਹਾਲਤ ਦੇਖ ਕੇ ਪਹਿਲਾਂ ਹੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਜਿਓਤਿਰਾਦਿਤਿਆ ਸਿੰਧੀਆ ਵੀ ਲੱਗਭੱਗ ਹਥਿਆਰ ਸੁੱਟ ਚੁੱਕਾ ਹੈ। ਸਿੰਧੀਆ ਘਰਾਣੇ ਦੇ ਮਾਇਆ ਸਿੰਘ, ਧਿਆਨੇਂਦਰ ਤੇ ਮਾਇਆ ਦੇ ਬੇਟੇ ਦੀਆਂ ਉਮੀਦਾਂ ਨੂੰ ਫਲ ਨਹੀਂ ਲੱਗਾ।
ਸਪੱਸ਼ਟ ਹੈ ਕਿ ਮੋਦੀ-ਸ਼ਾਹ ਦਾ ਹਰ ਦਾਅ ਲੋਕ ਸਭਾ ਦੀਆਂ ਚੋਣਾਂ ਜਿੱਤਣ ਲਈ ਹੈ। ਉਹ ਲੋਕਾਂ ਵਿੱਚ ਹੀ ਨਹੀਂ ਪਾਰਟੀ ਵਿੱਚ ਵੀ ਜਿੱਤਣਾ ਚਾਹੁੰਦੇ ਹਨ। ਪੁਰਾਣੇ ਸਾਂਸਦਾਂ ਦੀ ਥਾਂ ਉਹ ਆਪਣੇ ਹੱਥਠੋਕੇ ਨਵਿਆਂ ਨੂੰ ਟਿਕਟਾਂ ਦੇ ਕੇ ਅੱਗੇ ਲਿਆਉਣਗੇ, ਜਿਹੜੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਸਕਣ। ਇਹ ਨਵੇਂ ਹੋਣਗੇ ਬਜਰੰਗ ਦਲੀਏ ਤੇ ਭੀੜਤੰਤਰੀਏ। ਸਪੱਸ਼ਟ ਹੈ ਕਿ ਮੋਦੀ-ਸ਼ਾਹ ਭਾਜਪਾ ਨੂੰ ਇੱਕ ਫਾਸ਼ੀ ਪਾਰਟੀ ਵਿੱਚ ਬਦਲਣ ਲਈ ਦਿ੍ਰੜ੍ਹ ਸੰਕਲਪ ਹਨ। ਉਨ੍ਹਾਂ ਦੀ ਇਹ ਨੀਤੀ ਕਿੰਨੀ ਸਫ਼ਲ ਹੁੰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।
-ਚੰਦ ਫਤਿਹਪੁਰੀ



