ਦੋਰਾਹਾ (ਹਰਮਿੰਦਰ ਸੇਠ)-ਵੀਰਵਾਰ ਤੜਕਸਾਰ ਦੋਰਾਹਾ ਸ਼ਹਿਰ ਵਿੱਚ ਵਾਰਡ ਨੰਬਰ 13 ਦੇ ਖਸਤਾ ਹਾਲ ਕੁਆਰਟਰਾਂ ਵਿੱਚੋਂ ਇੱਕ ਕੁਆਰਟਰ ਦੀ ਛੱਤ ਦਾ ਲੈਂਟਰ ਡਿੱਗਣ ਨਾਲ 8 ਸਾਲਾ ਬੱਚੀ ਤੇ 21 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਨ੍ਹਾਂ ਕੁਆਰਟਰਾਂ ਵਿੱਚ ਬਾਹਰਲੇ ਰਾਜਾਂ ਤੋਂ ਆਏ ਪਰਦੇਸੀ ਹੀ ਰਹਿੰਦੇ ਹਨ।
ਕੁਆਰਟਰਾਂ ਵਿੱਚ ਨਗਰ ਕੌਂਸਲ ਵੱਲੋਂ ਹਾਊਸ ਨੰਬਰ ਦੀਆਂ ਪਲੇਟਾਂ ਵੀ ਲਗਾਈਆਂ ਗਈਆਂ ਹਨ, ਪਰੰਤੂ ਨਗਰ ਕੌਂਸਲ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਲਗਦਾ ਕਿ ਇਹ ਕੁਆਰਟਰ ਰਹਿਣ ਯੋਗ ਨਹੀਂ ਹਨ। ਇਹਨਾਂ ਦੀ ਹਾਲਤ ਏਨੀ ਖਸਤਾ ਹੈ ਕਿ ਕਿਸੇ ਸਮੇਂ ਵੀ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਲੋਕਾਂ ਦੱਸਿਆ ਕਿ ਇਹ ਹਾਦਸਾ ਸਵੇਰੇ ਤਕਰੀਬਨ 4 ਵਜੇ ਵਾਪਰਿਆ, ਪਰ ਮੌਕੇ ’ਤੇ ਕੋਈ ਵੀ ਐਂਬੂਲੈਂਸ ਨਹੀਂ ਆਈ। ਜ਼ਖਮੀਆਂ ਨੂੰ ਉਹਨਾਂ ਆਪਣੀ ਹਿੰਮਤ ਨਾਲ ਹੀ ਹਸਪਤਾਲ ਪਹੁੰਚਾਇਆ ਤੇ ਪ੍ਰਸ਼ਾਸਨਕ ਅਧਿਕਾਰੀ ਵੀ ਕਾਫੀ ਲੇਟ ਪਹੁੰਚੇ।
ਹੁਣ ਕੁਆਰਟਰਾਂ ਦੇ ਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਇਹ ਹੁਕਮ ਦਿੱਤਾ ਗਿਆ ਹੈ ਕਿ ਉਹ ਇਹਨਾਂ ਕੁਆਰਟਰਾਂ ਨੂੰ ਜਲਦ ਤੋਂ ਜਲਦ ਖਾਲੀ ਕਰ ਦੇਣ। ਦੂਸਰੇ ਪਾਸੇ ਇਹਨਾਂ ਮਜ਼ਦੂਰ ਪਰਵਾਰਾਂ ਦਾ ਰੋਸ ਹੈ ਕਿ ਪ੍ਰਸ਼ਾਸਨ ਨੂੰ ਉਹਨਾਂ ਦੇ ਰਹਿਣ ਲਈ ਕੋਈ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ, ਜਦ ਤੱਕ ਉਹ ਆਪਣਾ ਕੋਈ ਰਹਿਣ ਦਾ ਵਸੀਲਾ ਨਹੀਂ ਬਣਾ ਲੈਂਦੇ। ਇਸ ਤਰ੍ਹਾਂ ਦੇ ਕੁਆਰਟਰ ਦੋਰਾਹਾ ਸ਼ਹਿਰ ਵਿੱਚ ਵੱਡੀ ਗਿਣਤੀ ਵਿਚ ਹਨ, ਜਿਹਨਾਂ ਵਿੱਚੋਂ ਬਹੁਤੀਆਂ ਬਿਲਡਿੰਗਾਂ ਅਸੁਰੱਖਿਅਤ ਹਨ। ਵਾਸੀਆਂ ਨੇ ਮੰਗ ਕੀਤੀ ਕਿ ਮਿ੍ਰਤਕ ਪਰਵਾਰਾਂ ਦੇ ਵਾਰਸਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਆਪਣੇ ਪਰਵਾਰ ਦਾ ਕਮਾਊ ਮੈਂਬਰ ਸੀ।




