ਯੇਰੂਸ਼ਲਮ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਹਮਾਸ ਦਾ ਨਾਮੋ-ਨਿਸ਼ਾਨ ਖਤਮ ਕਰ ਦੇਵੇਗਾ। ਹਮਾਸ ਦਾ ਹਰ ਮੈਂਬਰ ਹੁਣ ਮਰਿਆ ਸਮਝੇ। ਇਸੇ ਦੌਰਾਨ ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਹ ਗਾਜ਼ਾ ’ਚ ਜ਼ਮੀਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ, ਪਰ ਦੇਸ਼ ਦੇ ਨੇਤਾਵਾਂ ਨੇ ਇਸ ਸੰਬੰਧ ’ਚ ਕੋਈ ਫੈਸਲਾ ਨਹੀਂ ਲਿਆ। ਲੈਫਟੀਨੈਂਟ ਕਰਨਲ ਰਿਚਰਡ ਹੇਚਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫੌਜ ਜ਼ਮੀਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਇਜ਼ਰਾਈਲ ਨੇ ਹਫਤੇ ਦੇ ਅੰਤ ’ਚ ਹਮਾਸ ਦੁਆਰਾ ਕੀਤੇ ਗਏ ਘਾਤਕ ਹਮਲਿਆਂ ਦੇ ਜਵਾਬ ’ਚ 3, 60,000 ਰਿਜ਼ਰਵ ਫੌਜੀਆਂ ਨੂੰ ਸੱਦਿਆ ਹੈ। ਅਮਰੀਕਾ ਨੇ ਕਿਹਾ ਹੈ ਕਿ ਹਮਾਸ ਦੇ ਇਜ਼ਰਾਈਲ ’ਤੇ ਹਮਲੇ ਵਿਚ ਘੱਟੋ-ਘੱਟ 22 ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ 17 ਲਾਪਤਾ ਹਨ। ਆਉਣ ਵਾਲੇ ਦਿਨਾਂ ਵਿਚ ਇਹ ਅੰਕੜਾ ਵਧਣ ਦੀ ਉਮੀਦ ਹੈ।



