ਇਸਤੰਬੁਲ : ਤੁਰਕੀ ਦੀ ਰਾਜਧਾਨੀ ਇਸਤੰਬੁਲ ’ਚ ਰੂਸ ਦੇ ਟਾਪ ਡਿਪਲੋਮੈਟ ਨਿਕੋਲੇ ਕੋਬ੍ਰੀਨੇਟਸ ਦੀ ਭੇਦਭਰੀ ਹਾਲਤ ’ਚ ਮੌਤ ਹੋ ਗਈ। ਇੱਕ ਹੋਟਲ ਦੇ ਕਮਰੇ ’ਚ ਉਨ੍ਹਾ ਦੀ ਲਾਸ਼ ਮਿਲੀ ਹੈ। ਤੁਰਕੀ ਪੁਲਸ ਮਾਮਲੇ ਦੀ ਜਾਂਚ ਲਈ ਹੋਟਲ ਦੇ ਸੀ ਸੀ ਟੀ ਵੀ ਫੁਟੇਜ਼ ਖੰਗਾਲ ਰਹੀ ਹੈ। ਮਾਹਰ ਫਿੰਗਰ ਪਿ੍ਰੰਟਾਂ ਦੇ ਨਿਸ਼ਾਨਾਂ ਦੀ ਜਾਂਚ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਹ ਕਈ ਦੇਸ਼ਾਂ ਦੇ ਰਾਜਦੂਤਾਂ ਦੇ ਨਾਲ ਹੋਣ ਵਾਲੇ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਤੁਰਕੀ ਗਏ ਸਨ। ਇਹ ਮਾਮਲਾ ਰੂਸੀ ਅਧਿਕਾਰੀਆਂ ਅਤੇ ਬਿਜ਼ਨੈੱਸਮੈਨ ਦੀਆਂ ਸ਼ੱਕੀ ਮੌਤਾਂ ਦੀ ਲੜੀ ’ਚ ਨਵਾਂ ਜੁੜ ਗਿਆ ਹੈ। ਨਿਕੋਲੇ ਜਦ ਸਵੇਰੇ ਮੀਟਿੰਗ ’ਚ ਨਾ ਪਹੁੰਚੇ ਤਾਂ ਉਨ੍ਹਾ ਦੇ ਸਾਥੀ ਮੁਲਾਜ਼ਮਾਂ ਨੇ ਚਿੰਤਾ ਪ੍ਰਗਟ ਕੀਤੀ। ਇਸ ਦੌਰਾਨ ਉਨ੍ਹਾ ਦੇ ਹੋਟਲ ਦੇ ਕਮਰੇ ਦੀ ਜਾਂਚ ਕੀਤੀ, ਜਿੱਥੇ ਉਹ ਮਿ੍ਰਤਕ ਮਿਲੇ। ਸ਼ੁਰੂਆਤੀ ਜਾਂਚ ਰਿਪੋਰਟ ’ਚ ਪਤਾ ਚੱਲਿਆ ਕਿ ਦਿਲ ਦਾ ਦੌਰਾ ਪੈਣ ਨਾਲ ਉਨ੍ਹਾ ਦੀ ਮੌਤ ਹੋਈ, ਪਰ ਪੁਲਸ ਹੱਤਿਆ ਦੇ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਨਿਕੋਲੇ ਕੋਬ੍ਰੀਨੇਟਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।




