ਅੰਮਿ੍ਰਤਸਰ/ਚੰਡੀਗੜ੍ਹ
(ਜਸਬੀਰ ਸਿੰਘ ਪੱਟੀ, ਗੁਰਜੀਤ ਬਿੱਲਾ)
ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ ਈ ਟੀ) ਦੀ ਹਮਾਇਤ ਪ੍ਰਾਪਤ ਅੱਤਵਾਦੀ ਮਡਿਊਲ ਦੇ ਦੋ ਕਾਰਕੁਨਾਂ ਦੀ ਗਿ੍ਰਫਤਾਰੀ ਨਾਲ ਸਰਹੱਦੀ ਸੂਬੇ ’ਚ ਸੰਭਾਵੀ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਡਾਇਰੈਕਟਰ ਜਨਰਲ ਆਫ ਪੁਲਸ (ਡੀ ਜੀ ਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਸ ਅੱਤਵਾਦੀ ਮਡਿਊਲ ਨੂੰ ਲਸ਼ਕਰ-ਏ-ਤੋਇਬਾ ਦੇ ਸਰਗਰਮ ਮੈਂਬਰ ਫਿਰਦੌਸ ਅਹਿਮਦ ਭੱਟ ਦੁਆਰਾ ਚਲਾਇਆ ਜਾ ਰਿਹਾ ਹੈ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੰਮੂ-ਕਸ਼ਮੀਰ ਦੇ ਰਾਹਪੋਰਾ ਖੁਦਵਾਨੀ ਦੇ ਉਜੈਰ ਉਲ ਹੱਕ ਅਤੇ ਖੇਰਵਾਨ ਦੇ ਰਾਜ ਮੁਹੰਮਦ ਅੰਦਲੀਬ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਦੋ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ ਈ ਡੀ), ਦੋ ਹੈਂਡ ਗਰਨੇਡ, ਦੋ ਮੈਗਜ਼ੀਨਾਂ ਸਮੇਤ ਇੱਕ .30 ਬੋਰ ਦਾ ਪਿਸਤੌਲ ਅਤੇ 24 ਕਾਰਤੂਸ, ਅੱਠ ਡੈਟੋਨੇਟਰ, ਇੱਕ ਟਾਈਮਰ ਸਵਿੱਚ ਅਤੇ ਚਾਰ ਬੈਟਰੀਆਂ ਬਰਾਮਦ ਕੀਤੀਆਂ ਹਨ।
ਡੀ ਜੀ ਪੀ ਨੇ ਕਿਹਾ ਕਿ ਖੁਫੀਆ ਜਾਣਕਾਰੀ ਮਿਲਣ ਕਿ ਲਸ਼ਕਰ-ਏ-ਤੋਇਬਾ ਵੱਲੋਂ ਹਥਿਆਰਾਂ ਅਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਲਈ ਪੰਜਾਬ ਦੀ ਸਰਹੱਦ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਮਡਿਊਲ ਦੇ ਦੋ ਮੈਂਬਰਾਂ ਵੱਲੋਂ ਕੱਥੂਨੰਗਲ ਖੇਤਰ ਵਿੱਚ ਇਹ ਖੇਪ ਪ੍ਰਾਪਤ ਕੀਤੇ ਜਾਣ ਦੀ ਸੰਭਾਵਨਾ ਹੈ, ਪੰਜਾਬ ਪੁਲਸ ਅੰਮਿ੍ਰਤਸਰ ਦੇ ਐੱਸ ਐੱਸ ਓ ਸੀ ਵਿੰਗ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਇਲਾਕੇ ’ਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਦੋਵਾਂ ਮੁਲਜ਼ਮਾਂ ਨੂੰ ਹਥਿਆਰਾਂ ਦੀ ਖੇਪ ਸਮੇਤ ਕਾਬੂ ਕਰ ਲਿਆ।
ਉਨ੍ਹਾ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਫਿਰਦੌਸ ਅਹਿਮਦ ਭੱਟ ਵੱਲੋਂ ਇਸ ਜਥੇਬੰਦੀ ’ਚ ਭਰਤੀ ਕੀਤਾ ਗਿਆ ਸੀ ਅਤੇ ਇਸ ਅੱਤਵਾਦੀ ਜਥੇਬੰਦੀ ਵੱਲੋਂ ਦੇਸ਼ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਇਨ੍ਹਾਂ ਕਾਰਕੁੰਨਾਂ ਨੂੰ ਜੰਮੂ-ਕਸ਼ਮੀਰ ਅਤੇ ਪੰਜਾਬ ’ਚ ਰਣਨੀਤਕ ਮਹੱਤਵ ਵਾਲੇ ਸਥਾਨਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤਣ ਦੀ ਯੋਜਨਾ ਬਣਾਈ ਜਾ ਰਹੀ ਸੀ।
ਏ ਆਈ ਜੀ ਐੱਸ ਐੱਸ ਓ ਸੀ ਅੰਮਿ੍ਰਤਸਰ ਸੁਖਮਿੰਦਰ ਸਿੰਘ ਮਾਨ ਵੱਲੋਂ ਹੋਰ ਦੱਸਿਆ ਗਿਆ ਕਿ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਉਜੈਰ ਉਲ ਹੱਕ, ਜੋ ਕਿ ਫਿਰਦੌਸ ਅਹਿਮਦ ਭੱਟ ਦਾ ਰਿਸ਼ਤੇਦਾਰ ਹੈ, ਨੂੰ ਪਹਿਲਾਂ ਜ਼ਿਲ੍ਹਾ ਕੁਲਗਾਮ ’ਚ ਪੱਥਰਬਾਜ਼ੀ ਕਰਨ ਦੇ ਦੋ ਮਾਮਲਿਆਂ ’ਚ ਗਿ੍ਰਫਤਾਰ ਕੀਤਾ ਗਿਆ ਸੀ, ਜਦੋਂ ਕਿ ਰਾਜ ਮੁਹੰਮਦ ਅੰਦਲੀਬ ਦਾ ਕੋਈ ਪੁਰਾਣਾ ਅਪਰਾਧਕ ਰਿਕਾਰਡ ਨਹੀਂ। ਲਸਕਰ-ਏ-ਤੋਇਬਾ ਦੇ ਪੂਰੇ ਅੱਤਵਾਦੀ ਨੈੱਟਵਰਕ ਅਤੇ ਖੇਪ ਦੇ ਸਰੋਤ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।




