36.9 C
Jalandhar
Friday, March 29, 2024
spot_img

ਸਟੈਨ ਸਵਾਮੀ ਦੀ ਪਹਿਲੀ ਬਰਸੀ ਮੌਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਉੱਠੀ ਆਵਾਜ਼

ਜਲੰਧਰ (ਕੇਸਰ)
ਆਦਿਵਾਸੀਆਂ, ਸਮੂਹ ਮਿਹਨਤਕਸ਼ ਲੋਕਾਂ ਦੇ ਹੱਕਾਂ ਅਤੇ ਸਮਾਜ ਦੇ ਜਮਹੂਰੀ ਹੱਕਾਂ ਲਈ ਜ਼ਿੰਦਗੀ ਭਰ ਸੰਘਰਸ਼ ਦੇ ਮੈਦਾਨ ‘ਚ ਰਹੇ ਮੁਲਕ ਦੇ ਜਾਣੇ-ਪਹਿਚਾਣੇ ਬੁੱਧੀਜੀਵੀ ਸਟੈਨ ਸਵਾਮੀ ਦੀ ਪਹਿਲੀ ‘ਤੇ ਦੇਸ਼ ਭਰ ਦੇ ਬੁੱਧੀਜੀਵੀਆਂ ਅਤੇ ਜਮਹੂਰੀ ਕਾਮਿਆਂ ਦੀ ਸੰਸਥਾ ਸੀ ਡੀ ਆਰ ਓ ਦੇ ਸੱਦੇ ‘ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਲੰਧਰ ਇਕਾਈ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ‘ਤੇ ਵਿਚਾਰ-ਚਰਚਾ ਕੀਤੀ ਗਈ ਅਤੇ ਹੱਥਾਂ ਵਿੱਚ ਮੋਮਬੱਤੀਆਂ ਲੈ ਕੇ ਜਮਹੂਰੀ ਹੱਕਾਂ ਦੀ ਲਹਿਰ ਨੂੰ ਵਿਸ਼ਾਲ ਅਤੇ ਮਜ਼ਬੂਤ ਕਰਨ ਦਾ ਅਹਿਦ ਕੀਤਾ ਗਿਆ | ਸਮਾਗਮ ਦਾ ਆਗਾਜ਼ ਬਿਹਾਰੀ ਲਾਲ ਛਾਬੜਾ ਵੱਲੋਂ ਸਟੈਨ ਸਵਾਮੀ ਨੂੰ ਸਮਰਪਿਤ ਪੇਸ਼ ਕਵਿਤਾ ਨਾਲ ਹੋਇਆ | ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਲੇਖਕ ਅਤੇ ਪੱਤਰਕਾਰ ਦੇਸ ਰਾਜ ਕਾਲੀ, ਜਸਕਰਨ ਸਿੰਘ, ਅਮੋਲਕ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਮਾਸਟਰ ਲਵਿੰਦਰ ਸਿੰਘ, ਚਰਨਜੀਤ ਸਿੰਘ ਡਾ. ਸੈਲੇਸ਼, ਜਸਵਿੰਦਰ ਪੱਪੀ, ਕਸ਼ਮੀਰ ਘੁੱਗਸ਼ੋਰ, ਚਰੰਜੀ ਲਾਲ ਕੰਗਣੀਵਾਲ, ਪਰਮਜੀਤ ਆਦਮਪੁਰ, ਪਰਮਜੀਤ ਕਲਸੀ ਅਤੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਚੀਮਾ ਵਿਚਾਰ-ਚਰਚਾ ਵਿੱਚ ਸ਼ਾਮਲ ਹੋਏ | ਬੁਲਾਰਿਆਂ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਨੇ ਗਿਣੀਮਿਥੀ ਯੋਜਨਾ ਤਹਿਤ ਸਟੈਨ ਸਵਾਮੀ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਮਰਨ ਵਾਲੇ ਹਾਲਾਤ ਪੈਦਾ ਕੀਤੇ | ਉਹਨਾਂ ਕਿਹਾ ਕਿ ਪਾਰਕਿਨਜ਼ ਬਿਮਾਰੀ ਨਾਲ ਪੀੜਤ ਸਵਾਮੀ ਨੂੰ ਜ਼ਮਾਨਤ ਲਈ ਪਾਈਆਂ ਅਪੀਲਾਂ ਰੱਦ ਕਰਾਉਣ ਲਈ ਮੋਦੀ ਹਕੂਮਤ ਨੇ ਹਰ ਹਰਬਾ ਵਰਤਿਆ | ਇਥੋਂ ਤੱਕ ਕਿ ਜਦੋਂ ਉਸ ਦੇ ਹੱਥ ਹਿਲਣ ਕਾਰਨ ਜੇਲ੍ਹ ਵਿਚ ਪਾਣੀ ਪੀਣਾ ਵੀ ਦੁੱਭਰ ਹੋ ਗਿਆ, ਉਸ ਮੌਕੇ ਸਵਾਮੀ ਦੇ ਵਕੀਲਾਂ ਵੱਲੋਂ ਉਹਨਾ ਲਈ ਸਿੱਪਰ ਮੁਹੱਈਆ ਕਰਾਉਣ ਦੀ ਜਾਇਜ਼ ਮੰਗ ਵੀ ਠੁਕਰਾ ਦਿੱਤੀ | ਇਕੱਤਰਤਾ ਨੇ ਐਲਾਨ ਕੀਤਾ ਕਿ ਹੱਕ-ਸੱਚ ਇਨਸਾਫ ਦੀ ਆਵਾਜ਼ ਦੇ ਗਲ ਅੰਗੂਠਾ ਨਹੀਂ ਦਿੱਤਾ ਜਾ ਸਕਦਾ | ਇੱਕ ਮਤਾ ਪਾਸ ਕਰਕੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਸਮੂਹ ਬੁੱਧੀਜੀਵੀਆਂ ਦੀ ਰਿਹਾਈ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਸਤੇ 10 ਜੁਲਾਈ (ਐਤਵਾਰ) ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਚ ਬਣੇ ਪ੍ਰੋ. ਬਰਕਤ ਉੱਲਾ ਖਾਂ ਸੈਮੀਨਾਰ ਹਾਲ ਵਿਚ ਕਨਵੈਨਸ਼ਨ ਕੀਤੀ ਜਾਏਗੀ, ਜਿਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਜਗਮੋਹਣ ਸਿੰਘ ਸੰਬੋਧਨ ਕਰਨਗੇ | ਸਮਾਗਮ ਦਾ ਮੰਚ ਸੰਚਾਲਨ ਜਮਹੂਰੀ ਅਧਿਕਾਰ ਸਭਾ ਜਲੰਧਰ ਦੇ ਸਕੱਤਰ ਡਾ. ਮੰਗਤ ਰਾਏ ਨੇ ਕੀਤਾ |

Related Articles

LEAVE A REPLY

Please enter your comment!
Please enter your name here

Latest Articles