ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ’ਚ ਪਲਾਟ ਦੀ ਖਰੀਦ ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ’ਚ ਸੋਮਵਾਰ ਅੰਤਰਮ ਜ਼ਮਾਨਤ ਦੇ ਦਿੱਤੀ। ਬਠਿੰਡਾ ਦੀ ਅਦਾਲਤ ਵੱਲੋਂ 4 ਅਕਤੂਬਰ ਨੂੰ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕੀਤੇ ਜਾਣ ਤੋਂ ਬਾਅਦ ਮਨਪ੍ਰੀਤ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ। ਉਸ ਦੇ ਵਕੀਲ ਨੇ ਕਿਹਾ ਕਿ ਜਸਟਿਸ ਵਿਕਾਸ ਬਹਿਲ ਦੀ ਬੈਂਚ ਨੇ ਅੰਤਰਮ ਜ਼ਮਾਨਤ ਦਿੱਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੇ ਸੰਬੰਧ ’ਚ ਮਨਪ੍ਰੀਤ ਅਤੇ ਪੰਜ ਹੋਰਨਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਬਠਿੰਡਾ ਦੀ ਅਦਾਲਤ ਵੱਲੋਂ ਮਨਪ੍ਰੀਤ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਬਿਊਰੋ ਦੀਆਂ ਕਈ ਟੀਮਾਂ ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ ਅਤੇ ਰਾਜਸਥਾਨ ਵਿਚ ਉਨ੍ਹਾ ਨੂੰ ਲੱਭਦੀਆਂ ਰਹੀਆਂ ਸਨ।





