ਫਲਸਤੀਨੀਆਂ ’ਤੇ ਹਮਲੇ ’ਚ ਅਮਰੀਕਾ ਦਾ ਸਿੱਧਾ ਦਖਲ : ਈਰਾਨ

0
206

ਤਹਿਰਾਨ : ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਅਮਰੀਕਾ ਇਜ਼ਰਾਈਲ ਤੇ ਫਲਸਤੀਨੀਆਂ ਵਿਚਾਲੇ ਟਕਰਾਅ ਵਿਚ ਫੌਜੀ ਦਖਲ ਦੇ ਰਿਹਾ ਹੈ। ਇਜ਼ਰਾਈਲ ਦੀ ਯਹੂਦੀ ਹਕੂਮਤ ਨੇ ਅਮਰੀਕਾ ਦੀ ਹਮਾਇਤ ਨਾਲ ਜ਼ੁਲਮ ਕੀਤੇ ਹਨ ਤੇ ਇਸ ਲਈ ਅਮਰੀਕਾ ਨੂੰ ਅਵੱਸ਼ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ। ਅਮਰੀਕਾ ਦਾ ਦੁਨੀਆ ਦਾ ਸਭ ਤੋਂ ਵੱਡਾ ਜੰਗੀ ਬੇੜਾ ਭੂ-ਮੱਧ ਸਾਗਰ ਵਿਚ ਹੈ ਤੇ ਕੁਝ ਦਿਨਾਂ ਤੱਕ ਇਕ ਹੋਰ ਪੁੱਜ ਜਾਣਾ ਹੈ। ਈਰਾਨੀ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਹੀਆਨ ਨੇ ਕਤਰ ਵਿਚ ਹਮਾਸ ਆਗੂ ਇਸਮਾਈਲ ਹਨੀਯੇਹ ਨਾਲ ਮੁਲਾਕਾਤ ਕਰਕੇ ਕਿਹ ਕਿ ਈਰਾਨ ਉਨ੍ਹਾ ਦੇ ਨਿਸ਼ਾਨੇ ਦੀ ਪ੍ਰਾਪਤੀ ਵਿਚ ਮਿਲਵਰਤਨ ਜਾਰੀ ਰੱਖੇਗਾ। ਉਨ੍ਹਾ ਇਹ ਵੀ ਕਿਹਾ ਕਿ ਜੇ ਇਜ਼ਰਾਈਲ ਨੇ ਹਮਲੇ ਨਾ ਰੋਕੇ ਤਾਂ ਖਿੱਤੇ ਦੀਆਂ ਹੋਰ ਧਿਰਾਂ ਕਾਰਵਾਈ ਲਈ ਤਿਆਰ ਹਨ। ਉਨ੍ਹਾਂ ਦੀਆਂ ਉਗਲਾਂ ਟਿ੍ਰਗਰ ’ਤੇ ਹਨ। ਖਿੱਤੇ ਵਿਚ ਲੜਾਈ ਦਾ ਨਵਾਂ ਫਰੰਟ ਖੁੱਲ੍ਹਿਆ ਤਾਂ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਅਮਰੀਕਾ ਤੇ ਯਹੂਦੀ ਹਕੂਮਤ ਦੀ ਹੋਵੇਗੀ। ਇਸੇ ਦੌਰਾਨ ਈਰਾਨੀ ਰਾਸ਼ਟਰਪਤੀ ਇਬਰਾਹੀਮ ਰਾਇਸੀ ਨੇ ਫਰਾਂਸ ਦੇ ਰਾਸ਼ਟਰਪਤੀ ਐਮੁਏਲ ਮੈਂਕਰੋ ਨੂੰ ਫੋਨ ਕਰਕੇ ਕਿਹਾ ਕਿ ਉਹ ਫਲਸਤੀਨੀਆਂ ’ਤੇ ਜ਼ੁਲਮ ਰੁਕਵਾਉਣ ਵਿਚ ਮਦਦ ਕਰਨ। ਜੇ ਯਹੂਦੀ ਹਕੂਮਤ ਵੱਲੋਂ ਗਾਜ਼ਾ ਦੀ ਨਾਕਾਬੰਦੀ ਤੇ ਕਤਲੇਆਮ ਨਾ ਰੁਕਿਆ ਤਾਂ ਸਥਿਤੀ ਭਿਆਨਕ ਹੋ ਜਾਵੇਗੀ। ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਹਮਾਸ ਅਤੇ ਹੋਰ ਫਲਸਤੀਨੀ ਅੱਤਵਾਦੀਆਂ ਨੇ ਗਾਜ਼ਾ ’ਚ 199 ਲੋਕਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਅਤੇ ਇਹ ਗਿਣਤੀ ਪਿਛਲੇ ਅਨੁਮਾਨਾਂ ਤੋਂ ਵੱਧ ਹੈ। ਬੰਦੀਆਂ ਦੇ ਪਰਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਸਪੱਸ਼ਟ ਨਹੀਂ ਕੀਤਾ ਕਿ ਬੰਦੀਆਂ ਦੀ ਇਸ ਗਿਣਤੀ ’ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ ਜਾਂ ਨਹੀਂ। ਇਹ ਵੀ ਨਹੀਂ ਦੱਸਿਆ ਕਿ ਇਨ੍ਹਾਂ ਬੰਦੀਆਂ ਨੂੰ ਕਿਸ ਦੀ ਕੈਦ ਵਿਚ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਨੂੰ ਗਾਜ਼ਾ ’ਤੇ ਸ਼ਾਸਨ ਕਰਨ ਵਾਲੇ ਹਮਾਸ ਅੱਤਵਾਦੀ ਸਮੂਹ ਨੇ ਬੰਦੀ ਬਣਾਇਆ ਹੈ।

LEAVE A REPLY

Please enter your comment!
Please enter your name here