ਇਲਾਹਾਬਾਦ : ਨੋਇਡਾ ਦੇ ਬਹੁ-ਚਰਚਿਤ ਨਿਠਾਰੀ ਕਾਂਡ ਵਿਚ ਇਲਾਹਾਬਾਦ ਹਾਈ ਕੋਰਟ ਨੇ ਸੋਮਵਾਰ ਮੋਨਿੰਦਰ ਸਿੰਘ ਪੰਧੇਰ ਤੇ ਸੁਰਿੰਦਰ ਕੋਲੀ ਨੂੰ ਬਰੀ ਕਰ ਦਿੱਤਾ। ਪੰਧੇਰ ਦੀ ਵਕੀਲ ਮਨੀਸ਼ਾ ਭੰਡਾਰੀ ਨੇ ਦੱਸਿਆ ਹੁਣ ਪੰਧੇਰ ਖਿਲਾਫ ਕੋਈ ਮੁਕੱਦਮਾ ਨਹੀਂ ਬਚਿਆ। ਛੇ ਵਿੱਚੋਂ ਇਕ ਨੂੰ ਹਾਈ ਕੋਰਟ ਨੇ 2010 ਵਿਚ ਰੱਦ ਕਰ ਦਿੱਤਾ ਸੀ। ਤਿੰਨ ਵਿਚ ਸੈਸ਼ਨ ਨੇ ਬਰੀ ਕਰ ਦਿੱਤਾ ਸੀ ਤੇ ਦੋ ਵਿਚ ਫਾਂਸੀ ਦੀ ਸਜ਼ਾ ਦਿੱਤੀ ਸੀ, ਜਿਹੜੀ ਹਾਈ ਕੋਰਟ ਨੇ ਰੱਦ ਕਰ ਦਿੱਤੀ।
ਹਾਈ ਕੋਰਟ ਦੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਸਈਅਦ ਆਫਤਾਬ ਹੁਸੈਨ ਰਿਜ਼ਵੀ ਨੇ ਪਿਛਲੇ ਮਹੀਨੇ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਸੋਮਵਾਰ ਸੁਣਾਇਆ। ਬੈਂਚ ਨੇ ਕਿਹਾ ਕਿ ਇਸਤਗਾਸਾ ਕਾਇਲ ਕਰਨ ਵਾਲੇ ਸਬੂਤ ਨਹੀਂ ਪੇਸ਼ ਕਰ ਸਕਿਆ। ਕੋਲੀ ਖਿਲਾਫ ਇਕ ਮਾਮਲਾ ਰਹਿ ਗਿਆ ਹੈ, ਜਿਸ ਵਿਚ ਸੁਪਰੀਮ ਕੋਰਟ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖ ਚੁੱਕੀ ਹੈ।
2005 ਤੇ 2006 ਵਿਚ ਬੱਚੀਆਂ, ਮੁਟਿਆਰਾਂ ਤੇ ਮਹਿਲਾਵਾਂ ਨਾਲ ਬਲਾਤਕਾਰ ਦੇ ਬਾਅਦ ਹੱਤਿਆ ਦੇ 19 ਮੁਕੱਦਮੇ ਦਰਜ ਕੀਤੇ ਗਏ ਸਨ। ਤਿੰਨ ਵਿਚ ਸਬੂਤਾਂ ਦੀ ਘਾਟ ਕਾਰਨ ਪੁਲਸ ਨੇ ਬੰਦ ਕਰਾ ਦਿੱਤੇ ਸਨ। 16 ਮੁਕੱਦਮਿਆਂ ਵਿਚ ਗਾਜ਼ੀਆਬਾਦ ਦੀ ਸੀ ਬੀ ਆਈ ਕੋਰਟ ਨੇ ਫੈਸਲਾ ਸੁਣਾਇਆ ਸੀ। ਕੋਲੀ ਨੂੰ 13 ਮਾਮਲਿਆਂ ਵਿਚ ਫਾਂਸੀ ਦੀ ਸਜ਼ਾ ਦਿੱਤੀ ਤੇ 3 ਵਿਚ ਬਰੀ ਕੀਤਾ। ਪੰਧੇਰ ਨੂੰ 2 ਵਿਚ ਫਾਂਸੀ ਦੀ ਸਜ਼ਾ ਦਿੱਤੀ, ਇਕ ਵਿਚ 7 ਸਾਲ ਦੀ ਸਜ਼ਾ ਸੁਣਾਈ ਤੇ 4 ਵਿਚ ਬਰੀ ਕੀਤਾ ਗਿਆ ਸੀ। ਫਾਂਸੀ ਦੀ ਸਜ਼ਾ ਖਿਲਾਫ ਕੋਲੀ ਤੇ ਪੰਧੇਰ ਨੇ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਸੀ।
ਸੀ ਬੀ ਆਈ ਨੇ 16 ਮਾਮਲਿਆਂ ਵਿਚ ਕੋਲੀ ’ਤੇ ਹੱਤਿਆ, ਅਗਵਾ ਤੇ ਬਲਾਤਕਾਰ ਤੋਂ ਇਲਾਵਾ ਸਬੂਤ ਨਸ਼ਟ ਕਰਨ ਦੇ ਦੋਸ਼ ਲਾਏ ਸਨ। ਇਕ ਮਾਮਲੇ ਵਿਚ ਪੰਧੇਰ ’ਤੇ ਅਨੈਤਿਕ ਤਸਕਰੀ ਦਾ ਦੋਸ਼ ਲਾਇਆ ਸੀ। ਪੀੜਤ ਪਰਵਾਰਾਂ ਦੇ ਸੰਪਰਕ ਕਰਨ ’ਤੇ ਗਾਜ਼ੀਆਬਾਦ ਕੋਰਟ ਨੇ ਪੰਧੇਰ ਨੂੰ ਪੰਜ ਹੋਰ ਮਾਮਲਿਆਂ ਵਿਚ ਤਲਬ ਕੀਤਾ ਸੀ। ਸੀ ਬੀ ਆਈ ਮੁਤਾਬਕ ਕੋਲੀ ਨੇ ਕੁੜੀਆਂ ਦੇ ਟੁਕੜੇ ਕਰਕੇ ਹੱਤਿਆ ਕੀਤੀ ਸੀ ਤੇ ਇਕ ਘਰ ਦੇ ਬਾਹਰ ਨਾਲੇ ਵਿਚ ਸੁੱਟ ਦਿੱਤਾ ਸੀ। ਨੋਇਡਾ ਦੇ ਸੈਕਟਰ 31 ਵਿਚ ਨਿਠਾਰੀ ਪਿੰਡ ਹੈ। ਇੱਥੇ ਡੀ-5 ਕੋਠੀ ਵਿਚ ਮੂਲ ਰੂਪ ਵਿਚ ਪੰਜਾਬ ਦਾ ਮੋਨਿੰਦਰ ਪੰਧੇਰ ਰਹਿੰਦਾ ਸੀ। ਉਸ ਨੇ 2000 ਵਿਚ ਕੋਠੀ ਖਰੀਦੀ ਸੀ। ਉਸ ਦਾ ਪਰਵਾਰ 2003 ਵਿਚ ਪਿੰਡ ਚਲੇ ਗਿਆ ਸੀ। ਇਕੱਲੇ ਰਹਿੰਦੇ ਮੋਨਿੰਦਰ ਨੇ ਅਲਮੋੜਾ (ਉੱਤਰਾਖੰਡ) ਦੇ ਸੁਰਿੰਦਰ ਕੋਲੀ ਨੂੰ ਨੌਕਰ ਰੱਖ ਲਿਆ। ਦੋਸ਼ ਲੱਗਾ ਕਿ ਮੋਨਿੰਦਰ ਕੋਠੀ ਵਿਚ ਕਾਲ ਗਰਲ ਸੱਦਦਾ ਸੀ। ਇਕ ਵਾਰ ਕੋਲੀ ਨੇ ਉਥੇ ਆਈ ਕਾਲ ਗਰਲ ਨਾਲ ਸਰੀਰਕ ਸੰਬੰਧ ਬਣਾਉਣ ਦੀ ਇੱਛਾ ਜਤਾਈ ਤਾਂ ਕਾਲ ਗਰਲ ਨੇ ਕੁਝ ਕਹਿ ਦਿੱਤਾ। ਕੋਲੀ ਨੂੰ ਬੁਰਾ ਲੱਗਾ। ਉਸ ਨੇ ਗਲ ਘੁੱਟ ਕੇ ਕਾਲ ਗਰਲ ਨੂੰ ਮਾਰ ਦਿੱਤਾ ਤੇ ਲਾਸ਼ ਨਾਲੇ ਵਿਚ ਸੁੱਟ ਦਿੱਤੀ। ਇਹ ਡੀ-5 ਕੋਠੀ ਵਿਚ ਪਹਿਲਾ ਕਤਲ ਸੀ। ਫਿਰ ਜਿਹੜੀ ਵੀ ਕੁੜੀ ਆਈ, ਉਹ ਜਿਊਂਦੀ ਨਹੀਂ ਮੁੜੀ। ਹੌਲੀ-ਹੌਲੀ ਇਲਾਕੇ ਵਿੱਚੋਂ ਕਈ ਬੱਚੀਆਂ ਲਾਪਤਾ ਹੋਣੀਆਂ ਸ਼ੁਰੂ ਹੋ ਗਈਆਂ। ਚਸ਼ਮਦੀਦਾਂ ਨੇ ਆਖਰੀ ਵਾਰ ਉਨ੍ਹਾਂ ਨੂੰ ਕੋਠੀ ਦੇ ਬਾਹਰ ਦੇਖਿਆ, ਪਰ ਠੋਸ ਸਬੂਤ ਨਾ ਮਿਲਣ ਕਾਰਨ ਪੁਲਸ ਮੋਨਿੰਦਰ ਤੇ ਕੋਲੀ ਨੂੰ ਹੱਥ ਨਹੀਂ ਪਾ ਸਕੀ। 25 ਸਾਲਾ ਆਨੰਦਾ ਦੇਵੀ ਪੰਧੇਰ ਘਰ ਨੌਕਰ ਬਣ ਕੇ ਆਈ ਸੀ, ਪਰ 31 ਅਕਤੂਬਰ 2006 ਨੂੰ ਲਾਪਤਾ ਹੋ ਗਈ। ਇਸ ਤੋਂ ਪਹਿਲਾਂ ਊਧਮ ਸਿੰਘ ਨਗਰ (ਉੱਤਰਾਖੰਡ) ਦੀ ਦੀਪਿਕਾ ਉਰਫ ਪਾਇਲ ਨੌਕਰੀ ਦੀ ਤਲਾਸ ਵਿਚ 7 ਮਈ 2006 ਵਿਚ ਪੰਧੇਰ ਕੋਲ ਆਈ ਸੀ, ਪਰ ਵਾਪਸ ਨਹੀਂ ਪਰਤੀ। 24 ਅਗਸਤ 2006 ਨੂੰ ਨੋਇਡਾ ਪੁਲਸ ਨੇ ਅਗਵਾ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਦੀਪਿਕਾ ਦਾ ਮੋਬਾਇਲ ਕੋਲੀ ਮਿਲਿਆ। ਪੁੱਛਗਿੱਛ ਵਿਚ ਪੰਧੇਰ ਤੇ ਕੋਲੀ ਨੇ ਦੀਪਿਕਾ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰਕੇ ਲਾਸ਼ ਕੋਠੀ ਦੇ ਬਾਹਰ ਨਾਲੇ ਵਿਚ ਸੁੱਟਣ ਦੀ ਗੱਲ ਮੰਨੀ। 29 ਤੇ 30 ਦਸੰਬਰ 2006 ਵਿਚ ਨੋਇਡਾ ਪੁਲਸ ਨੇ ਨਾਲੇ ਵਿੱਚੋਂ ਕੁੜੀਆਂ ਦੇ ਕਈ ਕੰਕਾਲ ਬਰਾਮਦ ਕੀਤੇ।





