ਨਵੀਂ ਦਿੱਲੀ : ਐਡੀਸ਼ਨਲ ਸੈਸ਼ਨ ਜੱਜ ਰਵਿੰਦਰ ਕੁਮਾਰ ਪਾਂਡੇ ਨੇ ਟੀ ਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੀ 2008 ’ਚ ਹੱਤਿਆ ਦੇ ਦੋਸ਼ ’ਚ ਸਾਰੇ ਮੁਲਜ਼ਮਾਂ ਨੂੰ ਬੁੱਧਵਾਰ ਦੋਸ਼ੀ ਕਰਾਰ ਦਿੱਤਾ। ਸਜ਼ਾ ਦਾ ਐਲਾਨ 26 ਅਕਤੂਬਰ ਨੂੰ ਕੀਤਾ ਜਾਵੇਗਾ।
ਸੌਮਿਆ ਵਿਸ਼ਵਨਾਥਨ ਦੀ 30 ਸਤੰਬਰ 2008 ਨੂੰ ਸਵੇਰੇ 3.30 ਵਜੇ ਕੰਮ ਤੋਂ ਘਰ ਪਰਤਦੇ ਸਮੇਂ ਕਾਰ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਮੁਤਾਬਕ ਕਤਲ ਦਾ ਮਕਸਦ ਲੁੱਟ ਸੀ। ਪੁਲਸ ਨੇ ਰਵੀ ਕਪੂਰ, ਅਮਿਤ ਸ਼ੁਕਲਾ, ਬਲਜੀਤ ਮਲਿਕ, ਅਜੇ ਕੁਮਾਰ ਅਤੇ ਅਜੈ ਸੇਠੀ ਨੂੰ ਗਿ੍ਰਫਤਾਰ ਕੀਤਾ ਸੀ। ਪੁਲਸ ਨੇ ਮੁਲਜ਼ਮਾਂ ਖਿਲਾਫ ਮਹਾਰਾਸ਼ਟਰ ਸੰਗਠਿਤ ਅਪਰਾਧ ਨਿਯੰਤਰਣ ਕਾਨੂੰਨ (ਮਕੋਕਾ) ਦੀ ਸਖਤ ਕਾਰਵਾਈ ਕੀਤੀ ਸੀ। ਬਲਜੀਤ, ਰਵੀ ਕਪੂਰ ਅਤੇ ਅਮਿਤ ਸ਼ੁਕਲਾ ਨੂੰ ਪਹਿਲਾਂ 2009 ’ਚ ਆਈ ਟੀ ਐਗਜ਼ੈਕਟਿਵ ਜਿਗੀਸਾ ਘੋਸ਼ ਦੇ ਕਤਲ ’ਚ ਦੋਸੀ ਠਹਿਰਾਇਆ ਗਿਆ ਸੀ। ਘੋਸ਼ ਦੇ ਕਤਲ ’ਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਨਾਲ ਸੌਮਿਆ ਵਿਸ਼ਵਨਾਥਨ ਦੇ ਕਤਲ ਦੇ ਮਾਮਲੇ ਦਾ ਪਰਦਾ ਫਾਸ਼ ਹੋਇਆ।


