ਗਾਜ਼ਾ ਵਿਚ ਈਸਾਈ ਮਿਸ਼ਨਰੀ ਵੱਲੋਂ ਸੰਚਾਲਤ ਅਲ ਅਹਲੀ ਅਰਬ ਹਸਪਤਾਲ ’ਤੇ ਮੰਗਲਵਾਰ ਹੋਏ ਹਮਲੇ ’ਚ 500 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਦੁਨੀਆ ਭਰ ਵਿਚ, ਖਾਸ ਤੌਰ ’ਤੇ ਅਰਬ ਦੇਸ਼ਾਂ ਵਿਚ ਗੁੱਸਾ ਫੈਲ ਗਿਆ ਹੈ। ਇੱਥੋਂ ਤੱਕ ਕਿ ਅਮਰੀਕਾ ਤੇ ਇਜ਼ਰਾਈਲੀ ਦੇ ਯਾਰ ਹਾਕਮਾਂ ਦੇ ਦੇਸ਼ ਬਹਿਰੀਨ ਵਿਚ ਵੀ ‘ਅਮਰੀਕਾ ਮੁਰਦਾਬਾਦ’ ਤੇ ‘ਇਜ਼ਰਾਈਲ ਮੁਰਦਾਬਾਦ’ ਦੇ ਨਾਅਰੇ ਲੱਗ ਰਹੇ ਹਨ। ਇਜ਼ਰਾਈਲੀ ਡਿਫੈਂਸ ਫੋਰਸ (ਆਈ ਡੀ ਐੱਫ) ਨੇ ਦਾਅਵਾ ਕੀਤਾ ਹੈ ਕਿ ਹਮਲਾ ਉਸ ਨੇ ਨਹੀਂ ਕੀਤਾ, ਸਗੋਂ ਹਮਾਸ ਹਮਾਇਤੀ ਅਲ ਜਿਹਾਦ ਗਰੁੱਪ ਦਾ ਰਾਕਟ ਹਸਪਤਾਲ ’ਤੇ ਡਿੱਗਾ। ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਜੇ ਇਜ਼ਰਾਈਲ ਨੇ ਬੰਬਾਰੀ ਕੀਤੀ ਹੁੰਦੀ ਤਾਂ ਉਥੇ ਟੋਆ ਪਿਆ ਹੋਣਾ ਸੀ, ਜਿਹੜਾ ਕਿ ਡਰੋਨ ਵੱਲੋਂ ਲਈਆਂ ਤਸਵੀਰਾਂ ’ਚ ਕਿਤੇ ਨਜ਼ਰ ਨਹੀਂ ਆਉਦਾ। ਇਜ਼ਰਾਈਲ ਨੇ ਇਸ ਨਸਲਘਾਤ ਦਾ ਸਾਰਾ ਦੋਸ਼ ਹਮਾਸ ’ਤੇ ਮੜ੍ਹਿਆ ਹੈ। ਆਈ ਡੀ ਐੱਫ ਦੇ ਬੁਲਾਰੇ ਡੈਨੀਅਲ ਹਗਾਰੀ ਨੇ ਕਿਹਾਸ਼ਾਮ ਸਵਾ 6 ਵਜੇ ਇਜ਼ਰਾਈਲ ਵੱਲੋਂ ਰਾਕਟਾਂ ਦੀ ਬੁਛਾੜ ਕੀਤੀ ਗਈ। ਸ਼ਾਮ 6.50 ਵਜੇ ਕਬਰਿਸਤਾਨ ਤੋਂ ਇਸਲਾਮਿਕ ਜਿਹਾਦ ਵੱਲੋਂ 10 ਰਾਕਟ ਦਾਗੇ ਗਏ। ਸ਼ਾਮ 6.59 ਵਜੇ ਹਸਪਤਾਲ ਵਿਚ ਧਮਾਕੇ ਦੀਆਂ ਖਬਰਾਂ ਆਈਆਂ। ਇਸਲਾਮਿਕ ਜਿਹਾਦ ਨੇ ਆਪਣੀ ਗਲਤੀ ਲੁਕੋਣ ਲਈ ਦੁਨੀਆ ਭਰ ਵਿਚ ਇਹ ਗੱਲ ਫੈਲਾਅ ਦਿੱਤੀ ਕਿ ਹਮਲਾ ਇਜ਼ਰਾਈਲ ਨੇ ਕੀਤਾ ਹੈ।
ਇਜ਼ਰਾਈਲ ਦਾ ਝੂਠ ਇੱਥੋਂ ਹੀ ਫੜਿਆ ਜਾਂਦਾ ਹੈ ਕਿ ਇਕ ਪਾਸੇ ਉਹ ਕਹਿ ਰਿਹਾ ਹੈ ਕਿ ਇਸਲਾਮਿਕ ਜਿਹਾਦ ਨੇ 6.50 ਵਜੇ ਰਾਕਟ ਦਾਗੇ, ਜਦਕਿ ਹਸਪਤਾਲ ’ਤੇ ਹਮਲਾ 6.59 ਵਜੇ ਹੋਇਆ। ਹਫਤੇ ਤੋਂ ਵੱਧ ਸਮੇਂ ਤੋਂ ਫਲਸਤੀਨੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਹਮਲੇ ਕਰ ਰਹੇ ਇਜ਼ਰਾਈਲ ਦੇ ਇਸ ਦਾਅਵੇ ਦੀ ਪੋਲ ਬੀ ਬੀ ਸੀ ਦੇ ਰਿਪੋਰਟਰ ਰੁਸ਼ਦੀ ਅਬੂ ਅਲੌਫ ਦੀ ਬੀ ਬੀ ਸੀ ਦੀ ਵੈੱਬਸਾਈਟ ’ਤੇ ਮੌਜੂਦ ਇਹ ਰਿਪੋਰਟ ਵੀ ਚੰਗੀ ਤਰ੍ਹਾਂ ਖੋਲ੍ਹ ਦਿੰਦੀ ਹੈ। ਉਸ ਨੇ ਲਿਖਿਆਮੰਗਲਵਾਰ ਤਿੰਨ ਵਜੇ ਮੈਂ ਬੀ ਬੀ ਸੀ ਟੀ ਵੀ ਨਿਊਜ਼ ’ਤੇ ਲਾਈਵ ਹੋਣ ਦੀ ਤਿਆਰੀ ਕਰ ਰਿਹਾ ਸੀ, ਉਸੇ ਸਮੇਂ ਮੇਰੀ ਪਤਨੀ ਦਾ ਫੋਨ ਆਇਆ। ਉਹ ਰੋ ਰਹੀ ਸੀ, ਬੱਚਿਆਂ ਦੇ ਰੋਣ ਦੀ ਵੀ ਆਵਾਜ਼ ਆ ਰਹੀ ਸੀ। ਉਨ੍ਹਾਂ ਨੂੰ ਉਹ ਅਪਾਰਟਮੈਂਟ ਛੱਡਣ ਲਈ ਕਿਹਾ ਗਿਆ ਸੀ, ਜਿਸ ਵਿਚ ਅਸੀਂ ਰਹਿ ਰਹੇ ਸੀ। ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਇਜ਼ਰਾਈਲੀ ਹਵਾਈ ਫੌਜ ਅਗਲੀ ਬਿਲਡਿੰਗ ’ਤੇ ਬੰਬਾਰੀ ਕਰਨ ਵਾਲੀ ਹੈ। ਮੈਂ ਪਤਨੀ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਲੈ ਕੇ ਉਥੋਂ ਤੁਰੰਤ ਨਿਕਲ ਜਾਵੇ। ਮੈਂ ਆਪਣੇ ਸਾਥੀ ਮਹਿਮੂਦ ਨੂੰ ਮਦਦ ਲਈ ਫੋਨ ਕੀਤਾ। ਗਾਜ਼ਾ ਵਿਚ ਪੰਜ ਦਿਨਾਂ ਤੋਂ ਦੂਜੀ ਵਾਰ ਮੇਰਾ ਪਰਵਾਰ ਬੰਬਾਰੀ ਤੋਂ ਬਚਣ ਲਈ ਭੱਜ ਰਿਹਾ ਸੀ। ਅਜੇ ਸ਼ੁੱਕਰਵਾਰ ਸਾਨੂੰ ਗਾਜ਼ਾ ਸ਼ਹਿਰ ਵਿਚ ਪਿਛਲਾ ਘਰ ਛੱਡਣਾ ਪਿਆ ਸੀ, ਜਦ ਇਜ਼ਰਾਈਲੀਆਂ ਨੇ ਉੱਤਰੀ ਗਾਜ਼ਾ ਵਿਚ ਸਾਰਿਆਂ ਨੂੰ ਸੁਰੱਖਿਆ ਲਈ ਦੱਖਣ ਵੱਲ ਜਾਣ ਲਈ ਕਿਹਾ ਸੀ। ਮੈਂ ਆਪਣੇ ਸਹੁਰੇ, ਪਤਨੀ, ਉਸ ਦੀ ਭੈਣ ਤੇ ਉਨ੍ਹਾਂ ਦੇ ਪਰਵਾਰਾਂ ਨਾਲ ਦੱਖਣੀ ਇਲਾਕੇ ਖਾਨ ਯੂਨਿਸ ਸ਼ਹਿਰ ਵੱਲ ਚੱਲ ਪਏ। ਨਵਾਂ ਟਿਕਾਣਾ ਲੱਭਣਾ ਅਸਾਨ ਨਹੀਂ ਸੀ। ਚਾਰ ਲੱਖ ਲੋਕਾਂ ਦੀ ਪਹਿਲਾਂ ਹੀ ਭੀੜ-ਭਾੜ ਵਾਲਾ ਖਾਨ ਯੂਨਿਸ 10 ਲੱਖ ਤੋਂ ਵੱਧ ਲੋਕਾਂ ਨਾਲ ਭਰ ਚੁੱਕਾ ਸੀ। ਆਖਰ ਸਾਨੂੰ ਇਕ ਘਰ ਮਿਲਿਆ, ਜਿੱਥੇ ਉਸ ਦੇ ਮਾਲਕ ਨੇ ਸਾਨੂੰ ਦੂਜੇ ਪਰਵਾਰ ਨਾਲ ਰਹਿਣ ਲਈ ਪਨਾਹ ਦਿੱਤੀ। ਅਸੀਂ ਸੋਚਿਆ ਕਿ ਉਥੇ ਇਕ ਬੇਕਰੀ ਤੇ ਫਾਰਮੇਸੀ ਹੈ। ਬਹੁਤ ਸਾਰੇ ਲੋਕ ਰਹਿ ਰਹੇ, ਇਥੇ ਅਸੀਂ ਸੁਰੱਖਿਅਤ ਰਹਾਂਗੇ। ਇਸ ਬਿਲਡਿੰਗ ਦੇ ਹੋਰਨਾਂ ਪਰਵਾਰਾਂ ਨਾਲ ਮਿਲ ਕੇ ਅਸੀਂ ਪਾਣੀ ਤੇ ਭੋਜਨ ਲੱਭਣ ਵਿਚ ਇਕ-ਦੂਜੇ ਦੀ ਮਦਦ ਕੀਤੀ, ਪਰ ਤਦੇ ਬਿਲਡਿੰਗ ਮਾਲਕ ਨੇ ਆ ਕੇ ਦੱਸਿਆ ਕਿ ਉਸ ਨੂੰ ਇਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਖੁਦ ਨੂੰ ਇਜ਼ਰਾਈਲੀ ਫੌਜੀ ਦੱਸਿਆ। ਉਸ ਨੇ ਮਾਲਕ ਦੇ ਨਾਂਅ ਦੀ ਪੜਤਾਲ ਕੀਤੀ ਤੇ ਕਿਹਾ ਕਿ ਬਿਲਡਿੰਗ ਖਾਲੀ ਕਰ ਦਿਓ, ਕਿਉਕਿ ਨਾਲ ਦੀ ਬਿਲਡਿੰਗ (ਸਿਰਫ ਇਕ ਮੀਟਰ ਦੂਰ) ਤਬਾਹ ਹੋਣ ਵਾਲੀ ਹੈ। ਗਾਜ਼ਾ ਵਿਚ ਇਹ ਜਾਣਨਾ ਨਾਮੁਮਕਿਨ ਹੈ ਕਿ ਇਜ਼ਰਾਈਲ ਕਦੋਂ ਬੰਬਾਰੀ ਕਰੇਗਾ। ਪੰਜ ਮਿੰਟ ਵਿਚ ਜਾਂ ਅਗਲੇ ਦਿਨ। ਮੈਂ ਪਰਵਾਰ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ 700 ਮੀਟਰ ਦੀ ਦੂਰੀ ’ਤੇ ਰੈੱਡ ਕਰਾਸ ਹਸਪਤਾਲ ਵਿਚ ਚਲੇ ਜਾਣ। ਅਸੀਂ ਹੁਣ ਫਿਰ ਬੇਘਰ ਹਾਂ। (ਜਿਸ ਹਸਪਤਾਲ ’ਤੇ ਹਮਲਾ ਹੋਇਆ, ਉਹ ਨੇੜੇ ਹੀ ਸੀ।)
ਸੰਯੁਕਤ ਰਾਸ਼ਟਰ ਵਿਚ ਫਲਸਤੀਨੀ ਰਾਜਦੂਤ ਰਿਆਦ ਮਨਸੂਰ ਨੇ ਇਜ਼ਰਾਈਲੀ ਦਾਅਵਿਆਂ ਦਾ ਜ਼ੋਰਦਾਰ ਖੰਡਨ ਕਰਦਿਆਂ ਕਿਹਾਨੇਤਨਯਾਹੂ (ਇਜ਼ਰਾਈਲੀ ਪ੍ਰਧਾਨ ਮੰਤਰੀ) ਝੂਠੇ ਹਨ। ਉਨ੍ਹਾ ਦੇ ਡਿਜੀਟਲ ਬੁਲਾਰੇ ਨੇ ਟਵੀਟ ਕੀਤਾ ਸੀ ਕਿ ਇਜ਼ਰਾਈਲ ਨੇ ਹਮਲਾ ਇਹ ਸੋਚ ਕੇ ਕੀਤਾ ਕਿ ਹਸਪਤਾਲ ਦੇ ਨੇੜੇ-ਤੇੜੇ ਹਮਾਸ ਦਾ ਬੇਸ ਹੈ ਅਤੇ ਫਿਰ ਟਵੀਟ ਹਟਾ ਦਿੱਤਾ। ਸਾਡੇ ਕੋਲ ਟਵੀਟ ਦੀ ਕਾਪੀ ਹੈ। ਹੁਣ ਫਲਸਤੀਨੀਆਂ ’ਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕਰਨ ਲਈ ਕਹਾਣੀ ਬਦਲ ਦਿੱਤੀ ਹੈ। ਇਜ਼ਰਾਈਲੀ ਫੌਜ ਦੇ ਬੁਲਾਰੇ ਨੇ ਵੀ ਪਹਿਲਾਂ ਬਿਆਨ ਦਿੱਤਾ ਸੀ ਕਿ ਹਸਪਤਾਲਾਂ ਨੂੰ ਖਾਲੀ ਕਰ ਦਿਓ। ਉਨ੍ਹਾਂ ਦਾ ਇਰਾਦਾ ਹਸਪਤਾਲ ਖਾਲੀ ਕਰਾਉਣਾ ਸੀ ਜਾਂ ਹਸਪਤਾਲਾਂ ’ਤੇ ਹਮਲਾ ਕਰਨਾ। ਉਹ ਇਸ ਅਪਰਾਧ ਲਈ ਜ਼ਿੰਮੇਵਾਰ ਹਨ ਤੇ ਇਸ ਤੋਂ ਬਚਣ ਲਈ ਕਹਾਣੀਆਂ ਨਹੀਂ ਘੜ ਸਕਦੇ।



