ਨਵੀਂ ਦਿੱਲੀ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਇੱਥੇ ਸਪੱਸ਼ਟ ਕੀਤਾ ਕਿ ਕਾਂਗਰਸ ’ਚ ਕੋਈ ਮੱਤਭੇਦ ਨਹੀਂ, ਉਮੀਦਵਾਰਾਂ ਦੀ ਚੋਣ ਸਮੇਤ ਸਾਰੇ ਫੈਸਲੇ ਸਰਬਸੰਮਤੀ ਨਾਲ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਦੇ ਅਹੁਦੇ ’ਤੇ ਦਾਅਵੇ ਬਾਰੇ ਉਨ੍ਹਾ ਕਿਹਾ-ਮੈਂ ਇਹ ਅਹੁਦਾ ਛੱਡਣਾ ਚਾਹੁੰਦਾ ਹਾਂ, ਪਰ ਇਹ ਮੈਨੂੰ ਨਹੀਂ ਛੱਡ ਰਿਹਾ ਅਤੇ ਸ਼ਾਇਦ ਛੱਡੇਗਾ ਵੀ ਨਹੀਂ। ਆਪਣੀ ਸਰਕਾਰ ਵਿਰੁੱਧ ਸਚਿਨ ਪਾਇਲਟ ਵੱਲੋਂ ਬਗਾਵਤ ’ਤੇ ਉਨ੍ਹਾ ਕਿਹਾ-ਅਸੀਂ ਮੁਆਫ ਕਰੋ ਅਤੇ ਭੁੱਲ ਜਾਓ ਦੀ ਨੀਤੀ ਅਪਣਾਈ ਹੈ। ਕਾਂਗਰਸ ਉਮੀਦਵਾਰਾਂ ਦੀ ਚੋਣ ਲਈ ਜਿੱਤ ਹੀ ਮਾਪਦੰਡ ਹੈ।
ਲੜਾਈ ਦਾ ਹੌਲਨਾਕ ਨਤੀਜਾ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਬੀ ਐੱਸ ਐੱਫ ਦੇ ਜਵਾਨ ਨੇ ਇਹ ਪਤਾ ਲੱਗਣ ਤੋਂ ਬਾਅਦ ਆਪਣੇ-ਆਪ ਨੂੰ ਗੋਲੀ ਮਾਰ ਲਈ ਕਿ ਉਸ ਦੀ ਪਤਨੀ ਨੇ ਰਾਜਸਥਾਨ ਵਿਖੇ ਘਰ ’ਚ ਖੁਦਕੁਸ਼ੀ ਕਰ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਰਾਜੇਂਦਰ ਯਾਦਵ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਪਤਨੀ ਅੰਸ਼ੂ ਯਾਦਵ ਨੇ ਰਾਜਸਥਾਨ ਦੇ ਧੀਰਪੁਰ ਪਿੰਡ ’ਚ ਫਾਹਾ ਲੈ ਲਿਆ ਹੈ ਤਾਂ ਉਸ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਜ਼ਿੰਦਗੀ ਖਤਮ ਕਰ ਲਈ। ਪਤਨੀ ਵੱਲੋਂ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਜੋੜੇ ਦੀ ਫੋਨ ’ਤੇ ਲੜਾਈ ਹੋਈ ਸੀ। ਉਨ੍ਹਾਂ ਦਾ ਅੱਠ ਮਹੀਨੇ ਪਹਿਲਾਂ ਵਿਆਹ ਹੋਇਆ ਸੀ।
ਸਾਬਕਾ ਬੈਂਕ ਮੈਨੇਜਰ ਦਾ ਕਤਲ
ਪਟਿਆਲਾ : ਵੀਰਵਾਰ ਸਵੇਰੇ ਇਥੇ ਪਾਸੀ ਰੋਡ ’ਤੇ ਸੈਰ ਕਰਦੇ ਸਾਬਕਾ ਬੈਂਕ ਮੈਨੇਜਰ ਬਲਬੀਰ ਸਿੰਘ ਚਾਹਲ (67) ਦੀ ਅਣਪਛਾਤੇ ਵਿਅਕਤੀਆਂ ਨੇ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਪਟਿਆਲਾ ਮੀਡੀਆ ਕਲੱਬ ਦੀ ਇਮਾਰਤ ਦੀ ਕੰਧ ਦੇ ਨਾਲ ਕੀਤਾ ਗਿਆ। ਪੁਲਸ ਨੂੰ ਮੌਕੇ ਤੋਂ ਉਹ ਛੁਰਾ ਮਿਲਿਆ, ਜੋ ਕਤਲ ਲਈ ਕਥਿਤ ਤੌਰ ’ਤੇ ਵਰਤਿਆ ਗਿਆ। ਐੱਸ ਐੱਸ ਪੀ ਵਰੁਣ ਸ਼ਰਮਾ ਨੇ ਕਿਹਾ ਕਿ ਕਾਤਲਾਂ ਨੂੰ ਬਹੁਤ ਜਲਦੀ ਕਾਬੂ ਕਰ ਲਿਆ ਜਾਵੇਗਾ।
ਸ਼ਰੀਫ ਦੀ ਵਾਪਸੀ ਭਲਕੇ
ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸ਼ਨਿਚਰਵਾਰ ਨੂੰ ਦੇਸ਼ ਪਰਤਣ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾ ਨੂੰ ਐਵਨਫੀਲਡ ਅਤੇ ਅਲ-ਅਜੀਜ਼ੀਆ ਭਿ੍ਰਸ਼ਟਾਚਾਰ ਮਾਮਲਿਆਂ ’ਚ 24 ਅਕਤੂਬਰ ਤੱਕ ਜ਼ਮਾਨਤ ਦੇ ਦਿੱਤੀ। ਨਾਲ ਹੀ ਪਾਕਿਸਤਾਨ ਦੀ ਭਿ੍ਰਸ਼ਟਾਚਾਰ ਵਿਰੋਧੀ ਅਦਾਲਤ ਵੱਲੋਂ ਤੋਸ਼ਾਖਾਨਾ ਵਾਹਨ ਮਾਮਲੇ ’ਚ ਜਾਰੀ ਉਨ੍ਹਾ ਦੇ ਗਿ੍ਰਫਤਾਰੀ ਵਾਰੰਟ ਨੂੰ ਮੁਅੱਤਲ ਕਰ ਦਿੱਤਾ ਹੈ। ਲੰਡਨ ਵਿਚ ਚਾਰ ਸਾਲ ਦੀ ਸਵੈ-ਜਲਾਵਤਨੀ ਕੱਟ ਕੇ ਨਵਾਜ਼ ਸਰੀਫ 21 ਅਕਤੂਬਰ ਨੂੰ ਪਾਕਿਸਤਾਨ ਪਹੁੰਚ ਰਹੇ ਹਨ।
ਭਾਰਤੀ ਕਪਤਾਨ ਦੇ ਤਿੰਨ ਚਲਾਨ
ਪੁਣੇ : ਭਾਰਤੀ ਕਿ੍ਰਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਵਿਸ਼ਵ ਕੱਪ ਲਈ ਆਪਣੀ ਟੀਮ ਕੋਲ ਪੁੱਜਣ ਲਈ ਮੁੰਬਈ-ਪੁਣੇ ਐਕਸਪ੍ਰੈਸ ਵੇਅ ’ਤੇ ਤੇਜ਼ ਰਫਤਾਰ ਕਾਰ ਚਲਾਉਣ ਕਾਰਨ ਤਿੰਨ ਚਲਾਨ ਭੁਗਤਣੇ ਪੈਣਗੇ। ਮੀਡੀਆ ਰਿਪੋਰਟ ਅਨੁਸਾਰ ਰੋਹਿਤ ਨੇ ਆਪਣੀ ਲੈਂਬੋਰਗਿਨੀ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਾਈ ਅਤੇ ਇੱਕ ਵਾਰ 215 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨੂੰ ਪਾਰ ਕਰ ਲਿਆ।




