23.3 C
Jalandhar
Friday, April 19, 2024
spot_img

ਦਸਵੀਂ ‘ਚ ਪਹਿਲੇ ਤਿੰਨੇ ਸਥਾਨ ਕੁੜੀਆਂ ਦੇ

ਐੱਸ.ਏ.ਐੱਸ ਨਗਰ
(ਗੁਰਜੀਤ ਬਿੱਲਾ)
ਅਕਾਦਮਿਕ ਸਾਲ 2021-22 ਲਈ ਦਸਵੀਂ ਸ਼੍ਰੇਣੀ ਸਮੇਤ ਓਪਨ ਸਕੂਲ, ਰੀ-ਅਪੀਅਰ ਅਤੇ ਵਾਧੂ ਵਿਸ਼ਾ ਦੀ ਪ੍ਰੀਖਿਆ ਦਾ ਨਤੀਜਾ ਮੰਗਲਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਐਲਾਨਿਆ ਗਿਆ | ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਕੰਟਰੋਲਰ ਪ੍ਰੀਖਿਆਵਾਂ ਜੇ.ਆਰ ਮਹਿਰੋਕ ਤੋਂ ਇਲਾਵਾ ਸੰਬੰਧਤ ਸ਼ਾਖਾਵਾਂ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ |
ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵਾਰ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ 323361 ਪ੍ਰੀਖਿਆਰਥੀ ਅਪੀਅਰ ਹੋਏ, ਜਿਨ੍ਹਾਂ ਵਿੱਚੋਂ 316699 ਪ੍ਰੀਖਿਆਰਥੀ ਪਾਸ ਹੋਏ | ਇਸ ਨਤੀਜੇ ਦੀ ਕੁੱਲ ਪਾਸ ਪ੍ਰਤੀਸ਼ਤਤਾ 97.94 ਪ੍ਰਤੀਸ਼ਤ ਰਹੀ |
ਦਸਵੀਂ ਪ੍ਰੀਖਿਆ ਸੈਸ਼ਨ 2021-22 ਦੌਰਾਨ ਅਪੀਅਰ ਹੋਏ ਪ੍ਰੀਖਿਆਰਥੀਆਂ ਦੇ ਵੇਰਵੇ/ਅੰਕਾਂ ਸਮੇਤ 6 ਜੁਲਾਈ ਨੂੰ ਬਾਅਦ ਦੁਪਹਿਰ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ‘ਤੇ ਉਪਲੱਬਧ ਹੋਣਗੇ | ਪ੍ਰੀਖਿਆਰਥੀ ਆਪਣੇ ਵੇਰਵੇ ਦਰਜ ਕਰਕੇ ਆਪਣੇ ਨਤੀਜੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ | ਪ੍ਰੋ. ਯੋਗਰਾਜ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਰੀ ਰਹੇ ਪ੍ਰੀਖਿਆਰਥੀਆਂ ਵਿੱਚੋਂ ਪਹਿਲਾ ਸਥਾਨ ਨੈਨਸੀ ਰਾਣੀ ਪੁੱਤਰੀ ਰਾਮ ਕਿ੍ਸ਼ਨ, ਸਰਕਾਰੀ ਹਾਈ ਸਕੂਲ, ਸਤੀਏ ਵਾਲਾ (ਫ਼ਿਰੋਜ਼ਪੁਰ), ਦੂਜਾ ਸਥਾਨ ਦਿਲਪ੍ਰੀਤ ਕੌਰ ਪੁੱਤਰੀ ਰੱਬੀ ਸਿੰਘ, ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਾਂਝਲਾ (ਸੰਗਰੂਰ) ਅਤੇ ਤੀਜਾ ਸਥਾਨ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਭੁਟਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਭੁਟਾਲ ਕਲਾਂ (ਸੰਗਰੂਰ) ਨੇ ਪ੍ਰਾਪਤ ਕੀਤਾ |
ਨੈਨਸੀ ਨੇ 650 ਵਿਚੋਂ 644 ਅੰਕ ਹਾਸਲ ਕੀਤੇ, ਦਿਲਪ੍ਰੀਤ ਕੌਰ ਨੇ ਵੀ 644 ਅੰਕ ਹਾਸਲ ਕੀਤੇ | ਛੋਟੀ ਉਮਰ ਕਾਰਨ ਨੈਨਸੀ ਅੱਵਲ ਐਲਾਨੀ ਗਈ | ਕੋਮਲਪ੍ਰੀਤ ਕੌਰ ਨੇ 642 ਅੰਕ ਹਾਸਲ ਕੀਤੇ | ਚੇਅਰਮੈਨ ਨੇ ਕਿਹਾ ਕਿ ਘੋਸ਼ਿਤ ਹੋਏ ਨਤੀਜਿਆਂ ਅਨੁਸਾਰ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਡਿਜੀਲਾਕਰ ‘ਤੇ ਅਪਲੋਡ ਹੋਣਗੇ |
ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਲਈ ਪ੍ਰੀਖਿਆ ਫਾਰਮ ਵਿੱਚ ਜ਼ਿਕਰ ਕੀਤਾ ਹੈ, ਅਜਿਹੇ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਸਕੂਲਾਂ ਨੂੰ ਤਿੰਨ-ਚਾਰ ਹਫ਼ਤਿਆਂ ਵਿੱਚ ਭੇਜ ਦਿੱਤੀ ਜਾਵੇਗੀ | ਇਸ ਸੰਬੰਧੀ ਜਾਣਕਾਰੀ ਸਕੂਲਾਂ ਦੀ ਲਾਗ-ਇੰਨ ਆਈ-ਡੀ ਅਤੇ ਬੋਰਡ ਦੀ ਵੈਬਸਾਈਟ ਰਾਹੀਂ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਦਸਵੀਂ ਸ਼੍ਰੇਣੀ ਸੈਸ਼ਨ 2021-22 ਟਰਮ-2 ਦੀ ਪ੍ਰੀਖਿਆ ਦੀ ਰੀ-ਚੈਕਿੰਗ ਅਤੇ ਮੁੜ ਮੁਲਾਂਕਣ ਕਰਵਾਉਣ ਲਈ ਫਾਰਮ ਅਤੇ ਫੀਸਾਂ ਦਾ ਸ਼ਡਿਊਲ ਵੱਖਰੇ ਤੌਰ ‘ਤੇ ਜਾਰੀ ਕੀਤਾ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles