ਹਮਾਸ ਤੇ ਇਜ਼ਰਾਈਲ ਵਿੱਚ ਛਿੜੇ ਯੁੱਧ ਨੇ ਇੱਕ ਵਾਰ ਫਿਰ ਅਮਰੀਕੀ ਅਗਵਾਈ ਵਾਲੇ ਪੱਛਮੀ ਦੇਸ਼ਾਂ ਦਾ ਮਨੁੱਖਤਾ ਵਿਰੋਧੀ ਪਸ਼ੂ ਬਿਰਤੀ ਵਾਲਾ ਚਿਹਰਾ ਬੇਨਕਾਬ ਕਰ ਦਿੱਤਾ ਹੈ। ਇਹ ਅਮਰੀਕਾ ਹੀ ਸੀ, ਜਿਸ ਨੇ ਹਮਾਸ ਨੂੰ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀ ਐੱਲ ਓ) ਵਿਰੁੱਧ ਇਸ ਲਈ ਖੜ੍ਹਾ ਕੀਤਾ ਸੀ, ਕਿਉਂਕਿ ਪੀ ਐੱਲ ਓ ਦੇ ਮੁਖੀ ਯਾਸਰ ਅਰਾਫਾਤ ਸੋਵੀਅਤ ਕੈਂਪ ਦੇ ਹਮੈਤੀ ਸਨ। ਇਹ ਉਸੇ ਤਰ੍ਹਾਂ ਸੀ, ਜਿਸ ਤਰ੍ਹਾਂ ਅਫ਼ਗਾਨਿਸਤਾਨ ਵਿੱਚ ਸੋਵੀਅਤ ਯੂਨੀਅਨ ਨੂੰ ਮਾਤ ਦੇਣ ਲਈ ਲਾਦੇਨ ਦੀ ਅਗਵਾਈ ਵਿੱਚ ਤਾਲਿਬਾਨ ਖੜ੍ਹੇ ਕੀਤੇ ਗਏ ਸਨ। ਅਸਲ ਵਿੱਚ ਅਮਰੀਕਾ ਸੰਸਾਰ ਅਮਨ ਦਾ ਦੁਸ਼ਮਣ ਹੈ, ਇਸ ਲਈ ਉਹ ਪਹਿਲਾਂ ਅੱਤਵਾਦ ਨੂੰ ਖੜ੍ਹਾ ਕਰਦਾ ਹੈ ਤੇ ਫਿਰ ਉਸ ਵਿਰੁੱਧ ਲੜ ਕੇ ਦੁਨੀਆ ਦਾ ਚੈਂਪੀਅਨ ਬਣ ਜਾਂਦਾ ਹੈ।
ਅਮਰੀਕਾ ਇਸ ਸਮੇਂ ਗਹਿਰੇ ਸੰਕਟ ਵਿੱਚ ਫਸਿਆ ਹੋਇਆ ਹੈ। ਡਾਲਰ ਦੀ ਤਾਕਤ ਖ਼ਤਮ ਹੋ ਚੁੱਕੀ ਹੈ। ਇਸ ਸਮੇਂ ਅਮਰੀਕਾ ’ਤੇ 33 ਟਿ੍ਰਲੀਅਨ ਡਾਲਰ ਦਾ ਕਰਜ਼ਾ ਹੈ, ਜਦੋਂ ਕਿ ਉਸ ਦੀ ਅਰਥ-ਵਿਵਸਥਾ 21 ਟਿ੍ਰਲੀਅਨ ਡਾਲਰ ਦੀ ਹੈ। ਦੂਜੇ ਪਾਸੇ ਚੀਨ ਤੇ ਰੂਸ ਮਿਲ ਕੇ ਉਸ ਨੂੰ ਹਰ ਖੇਤਰ ਵਿੱਚ ਮਾਤ ਦੇ ਰਹੇ ਹਨ। ਦੋ ਦਿਨ ਪਹਿਲਾਂ ਬੀਜਿੰਗ ਵਿੱਚ ਹੋਈ 130 ਦੇਸ਼ਾਂ ਦੀ ਮੀਟਿੰਗ ਨੇ ਅਮਰੀਕਾ ਦੀ ਸੰਸਾਰ ਸਰਦਾਰੀ ਨੂੰ ਚੁਣੌਤੀ ਦੇ ਦਿੱਤੀ ਹੈ। ਮੱਧ-ਪੂਰਬ ਦੇ ਬਹੁਤੇ ਦੇਸ਼ਾਂ ਦੇ ਸ਼ਾਸਕ ਅਮਰੀਕਾ ਦੀਆਂ ਕਠਪੁਤਲੀਆਂ ਬਣੇ ਰਹੇ ਹਨ। ਕੁਝ ਮਹੀਨੇ ਪਹਿਲਾਂ ਦਹਾਕਿਆਂ-ਬੱਧੀ ਇੱਕ-ਦੂਜੇ ਦੇ ਜਾਨੀ ਦੁਸ਼ਮਣ ਬਣੇ ਰਹੇ ਸਾਊਦੀ ਅਰਬ ਤੇ ਈਰਾਨ ਦੀਆਂ ਚੀਨ ਦੀ ਵਿਚੋਲਗੀ ਨਾਲ ਜੱਫੀਆਂ ਪੈ ਗਈਆਂ ਤਾਂ ਅਮਰੀਕਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ। ਉਦੋਂ ਤੋਂ ਹੀ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਇਸ ਸੰਕਟ ਵਿੱਚੋਂ ਨਿਕਲਣ ਲਈ ਅਮਰੀਕਾ ਯੁੱਧ ਦਾ ਸਹਾਰਾ ਲੈ ਸਕਦਾ ਹੈ। ਅਮਰੀਕਾ ਦੁਨੀਆ ਵਿੱਚ ਹਥਿਆਰਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ। ਪੂੰਜੀਵਾਦੀ ਅਰਥ-ਵਿਵਸਥਾ ਜਦੋਂ ਵੀ ਸੰਕਟ ਵਿੱਚ ਪੈਂਦੀ ਹੈ ਤਾਂ ਉਹ ਯੁੱਧ ਦਾ ਹੀ ਸਹਾਰਾ ਲੈਂਦੀ ਹੈ। ਦੂਜਾ ਵਿਸ਼ਵ ਯੁੱਧ ਵੀ ਮੰਦਵਾੜੇ ਵਿੱਚੋਂ ਨਿਕਲਣ ਲਈ ਛੇੜਿਆ ਗਿਆ ਸੀ। ਹਥਿਆਰੀ ਸਨਅਤ ਦੇ ਉਤਪਾਦਨ ਨੂੰ ਤੇਜ਼ ਕਰਨ ਲਈ ਪਹਿਲਾਂ ਯੂਕਰੇਨ ਤੇ ਹੁਣ ਇਜ਼ਰਾਈਲ ਨੂੰ ਜੰਗ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਹੈ। ਇਜ਼ਰਾਈਲ ਦੀ ਮਦਦ ਦੇ ਨਾਂਅ ਉੱਤੇ ਦੋ ਜੰਗੀ ਬੇੜੇ ਸਮੁੰਦਰ ਵਿੱਚ ਭੇਜ ਦਿੱਤੇ ਗਏ ਹਨ। ਇਹ ਫਲਸਤੀਨੀਆਂ ਨੂੰ ਹੀ ਨਹੀਂ, ਸਗੋਂ ਮੱਧ-ਪੂਰਬ ਦੇ ਸਾਰੇ ਦੇਸ਼ਾਂ ਨੂੰ ਡਰਾਉਣ ਲਈ ਹਨ। ਆਪਣੇ ਬਚਾਅ ਲਈ ਇਹ ਸਾਰੇ ਦੇਸ਼ ਹੁਣ ਹਥਿਆਰ ਖਰੀਦਣਗੇ। ਇਹੋ ਨਹੀਂ ਸੰਸਾਰ ਜੰਗ ਦੀ ਸੰਭਾਵਨਾ ਦੇ ਡਰ ਕਾਰਨ ਭਾਰਤ ਵਰਗੇ ਦੂਰ ਵਾਲੇ ਦੇਸ਼ਾਂ ਨੇ ਵੀ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਆਰਡਰ ਦੇਣੇ ਸ਼ੁਰੂ ਕਰ ਦਿੱਤੇ ਹਨ।
ਅਮਰੀਕਾ ਦਾ ਇਹੋ ਰਾਖਸ਼ੀ ਚਿਹਰਾ ਹੈ। ਉਸ ਨੂੰ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਚਿੰਤਾ ਰਹਿੰਦੀ ਹੈ, ਪਰ ਜਦੋਂ ਇਜ਼ਰਾਈਲ ਵੱਲੋਂ ਕੀਤੀ ਗਈ ਬੰਬਾਰੀ ਨਾਲ ਗਾਜ਼ਾ ਦੇ ਹਸਪਤਾਲ ਵਿੱਚ 500 ਤੋਂ ਵੱਧ ਬੇਗੁਨਾਹ, ਜਿਨ੍ਹਾਂ ਵਿੱਚ ਅੱਧੋਂ-ਵੱਧ ਬੱਚੇ ਸਨ, ਮਾਰੇ ਗਏ ਤਾਂ ਅਮਰੀਕੀ ਰਾਸ਼ਟਰਪਤੀ ਇਜ਼ਰਾਈਲ ਨੂੰ ਬੇਗੁਨਾਹ ਸਾਬਤ ਕਰਨ ਲਈ ਕਿੰਤੂ-ਪ੍ਰੰਤੂ ਕਰ ਰਿਹਾ ਹੈ। ਯੁੱਧ ਦੇ ਵੀ ਮਾਨਵੀ ਕਾਨੂੰਨ ਹੁੰਦੇ ਹਨ। ਸ਼ਾਇਦ ਹੀ ਕੋਈ ਯੁੱਧ ਹੋਵੇ, ਜਦੋਂ ਕਿਸੇ ਹਸਪਤਾਲ ਜਾਂ ਸਕੂਲ ’ਤੇ ਬੰਬਾਰੀ ਕੀਤੀ ਗਈ ਹੋਵੇ। ਸੰਯੁਕਤ ਰਾਸ਼ਟਰ ਦਾ ਵੀ ਪੱਖਪਾਤੀ ਚਿਹਰਾ ਨੰਗਾ ਹੋ ਗਿਆ ਹੈ। ਯੂਕਰੇਨ ਜੰਗ ਵਿੱਚ ਅਜਿਹੇ ਦੋਸ਼ ਹੇਠ ਤਾਂ ਉਸ ਨੇ ਰੂਸ ਦੇ ਰਾਸ਼ਟਰਪਤੀ ਪੂਤਿਨ ਨੂੰ ਜੰਗ ਅਪਰਾਧੀ ਐਲਾਨਿਆ ਹੋਇਆ ਹੈ, ਪਰ ਇਜ਼ਰਾਈਲ ਦੇ ਨੇਤਨਯਾਹੂ ਬਾਰੇ ਉਸ ਨੇ ਚੁੱਪ ਵੱਟ ਰੱਖੀ ਹੈ।
ਗਾਜ਼ਾ ਪੱਟੀ ਵਿਰੁੱਧ ਜੰਗ ਇਜ਼ਰਾਈਲ ਨਹੀਂ ਅਸਲ ਵਿੱਚ ਅਮਰੀਕਾ ਲੜ ਰਿਹਾ ਹੈ। ਉਸ ਦਾ ਵਿਦੇਸ਼ ਮੰਤਰੀ ਐਂਟਨੀ ਬ�ਿਕਨ ਪਿਛਲੇ ਇੱਕ ਹਫ਼ਤੇ ਤੋਂ ਮੱਧ-ਪੂਰਬ ਵਿੱਚ ਡੇਰਾ ਲਈ ਬੈਠਾ ਹੈ ਤੇ ਦੇਖ ਰਿਹਾ ਹੈ ਕਿ ਕੋਈ ਹੋਰ ਦੇਸ਼ ਫਲਸਤੀਨ ਦੇ ਹੱਕ ਵਿੱਚ ਖੜ੍ਹਾ ਨਾ ਹੋ ਜਾਵੇ । ਉਹ ਕਤਰ, ਜਾਰਡਨ, ਮਿਸਰ ਤੇ ਬਹਿਰੀਨ ਤੱਕ ਦੀ ਯਾਤਰਾ ਤੋਂ ਬਾਅਦ ਹੁਣ ਇਜ਼ਰਾਈਲ ਵਿੱਚ ਬਹਿ ਕੇ ਰਣਨੀਤੀ ਘੜ ਰਿਹਾ ਹੈ। ਐਂਟਨੀ ਬ�ਿਕਨ ਤੋਂ ਬਾਅਦ ਹੁਣ ਰਾਸ਼ਟਰਪਤੀ ਬਾਈਡੇਨ ਖੁਦ ਮੋਰਚੇ ’ਤੇ ਪਹੁੰਚ ਗਿਆ ਹੈ। ਇੱਕ ਪਾਸੇ ਅਮਰੀਕਾ ਫਲਸਤੀਨ ਦੀ ਮਦਦ ਦਾ ਪਖੰਡ ਕਰ ਰਿਹਾ ਹੈ, ਦੂਜੇ ਪਾਸੇ ਸੰਯੁਕਤ ਰਾਸ਼ਟਰ ਵਿੱਚ ਜੰਗਬੰਦੀ ਦੇ ਮਤੇ ਨੂੰ ਵੀਟੋ ਕਰਕੇ ਆਪਣੇ ਕਰੂਰ ਚਿਹਰੇ ਨੂੰ ਬੇਪਰਦ ਕਰ ਰਿਹਾ ਹੈ। ਸਾਰੀ ਦੁਨੀਆ ਹੁਣ ਜਾਣ ਚੁੱਕੀ ਹੈ ਕਿ ਅਮਰੀਕੀ ਹਾਕਮਾਂ ਦੇ ਹੱਥ ਬੇਗੁਨਾਹ ਬੱਚਿਆਂ ਤੇ ਔਰਤਾਂ ਦੇ ਖੂਨ ਨਾਲ ਰੰਗੇ ਹੋਏ ਹਨ। ਇਹ ਲੜਾਈ ਕਿੰਨਾ ਚਿਰ ਚੱਲੇਗੀ, ਕਿਹਾ ਨਹੀਂ ਜਾ ਸਕਦਾ, ਪਰ ਅਮਰੀਕਾ ਇਸ ਰਾਹੀਂ ਆਪਣੀ ਸੰਸਾਰ ਸਰਦਾਰੀ ਕਾਇਮ ਰੱਖ ਸਕੇਗਾ, ਇਹ ਸੰਭਵ ਨਹੀਂ ਹੈ। ਉਸ ਦਾ ਹਾਰਨਾ ਯਕੀਨੀ ਹੈ।
-ਚੰਦ ਫਤਿਹਪੁਰੀ



