35.2 C
Jalandhar
Friday, October 18, 2024
spot_img

ਫ਼ਲਸਤੀਨੀਆਂ ਦੇ ਹੱਕ ‘ਚ ਆਵਾਜ਼ ਉਠਾਉਣ ਦਾ ਸੱਦਾ

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਨੇ 30, 31 ਅਕਤੂਬਰ ਅਤੇ 1 ਨਵੰਬਰ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋ ਰਹੇ ਗ਼ਦਰੀ ਬਾਬਿਆਂ ਦੇ 32ਵੇਂ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਵੱਖ-ਵੱਖ ਪੇਸ਼ਕਾਰੀਆਂ, ਕਲਾ ਵੰਨਗੀਆਂ ਅਤੇ ਪ੍ਰਬੰਧਾਂ ਨੂੰ ਅੰਤਮ ਛੋਹਾਂ ਦਿੱਤੀਆਂ |
ਜਨਰਲ ਬਾਡੀ ਨੇ ਦੇਸ਼ ਭਗਤ ਯਾਦਗਾਰ ਹਾਲ ਦੇ ਬਾਹਰ ਜੀ ਟੀ ਰੋਡ ਵਾਲੇ ਪਾਸੇ ਵੱਖ-ਵੱਖ ਇਤਿਹਾਸਕ ਸੰਘਰਸ਼ਾਂ, ਸ਼ਹਾਦਤਾਂ, ਘਟਨਾਵਾਂ ਅਤੇ ਆਜ਼ਾਦੀ ਸੰਗਰਾਮ ਦੇ ਨਾਇਕਾਂ ਦੀਆਂ ਆਮ ਲੋਕਾਂ ਦੀ ਜਾਣਕਾਰੀ ਲਈ ਫਲੈਕਸਾਂ ਅੱਜ ਲੋਕ ਅਰਪਣ ਕੀਤੀਆਂ ਤਾਂ ਜੋ ਸ਼ਹਿਰ ਨਿਵਾਸੀਆਂ ਅਤੇ ਦੇਸ਼ ਭਗਤ ਯਾਦਗਾਰ ਹਾਲ ਦਾ ਮਿਊਜ਼ੀਅਮ, ਲਾਇਬ੍ਰੇਰੀ, ਥੀਏਟਰ ਅਤੇ ਸਰਗਰਮੀਆਂ ਵੇਖਣ ਜੁੜਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ |
30 ਅਕਤੂਬਰ ਸ਼ਾਮ : ਪੁਸਤਕ ਸੱਭਿਆਚਾਰ ਦੇ ਨਾਂਅ ਕਰਦੇ ਹੋਏ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਵਾਲੀ ਪੰਡਾਲ ‘ਚ ਪਿਛਲੇ ਦਿਨੀਂ ਵਿਛੜੇ ਕਵੀਆਂ, ਸਾਹਿਤਕਾਰਾਂ, ਲੇਖਕਾਂ, ਪੱਤਰਕਾਰਾਂ, ਜਾਣੇ-ਪਹਿਚਾਣੇ ਕਵੀ ਗ਼ਦਰ, ਹਰਭਜਨ ਹੁੰਦਲ, ਬਾਰੂ ਸਤਵਰਗ, ਮਾਸਟਰ ਤਰਲੋਚਨ ਸਮਰਾਲਾ, ਦੇਸ ਰਾਜ ਕਾਲੀ, ਸ਼ਿਵ ਨਾਥ, ਡਾ. ਜਸਵੰਤ ਬੇਗੋਵਾਲ ਅਤੇ ਪ੍ਰੋ. ਅਨੂਪ ਵਿਰਕ ਨੂੰ ਸਿਜਦਾ ਕਰਨ ਉਪਰੰਤ ਹਰ ਚੁੱਲ੍ਹੇ-ਚੌਂਕੇ, ਹਰ ਪਿੰਡ, ਸ਼ਹਿਰ ਵਿਦਿਅਕ ਸੰਸਥਾਵਾਂ ਤੱਕ ਸਿਹਤਮੰਦ, ਵਿਗਿਆਨਕ, ਲੋਕ-ਪੱਖੀ ਸਾਹਿਤ ਕਿਵੇਂ ਪੁੱਜ ਸਕੇ, ਉਪਰ ਗੰਭੀਰ ਵਿਚਾਰਾਂ ਹੋਣਗੀਆਂ | 31 ਅਕਤੂਬਰ ਕੁਇਜ਼, ਪੇਂਟਿੰਗ ਮੁਕਾਬਲਾ, ਵਿਚਾਰ-ਚਰਚਾ, ਜਿਸ ਵਿੱਚ ਤੀਸਤਾ ਸੀਤਲਵਾੜ, ਵਿਨੀਤ ਤਿਵਾੜੀ ਮੁੱਖ ਵਕਤਾ ਹੋਣਗੇ | ਸਨਮਾਨ ਸਮਾਰੋਹ ਮੌਕੇ ਕਮੇਟੀ ਮੈਂਬਰ ਰਮਿੰਦਰ ਪਟਿਆਲਾ ਅਤੇ ਤਰਕਸ਼ੀਲ ਆਗੂ ਰਾਜਿੰਦਰ ਭਦੌੜ ਵਿਚਾਰ ਸਾਂਝੇ ਕਰਨਗੇ | ਉਪਰੰਤ ਕਵੀ ਦਰਬਾਰ ਹੋਏਗਾ | ਸ਼ਾਮ ਨੂੰ ਫ਼ਿਲਮ ਸ਼ੋਅ ਅਤੇ ਮਾਨਵਤਾ ਕਲਾ ਮੰਚ ਨਗਰ ਵੱਲੋਂ ਹੋਏਗਾ ਨਾਟਕ ‘ਚਿੜੀਆਂ ਦਾ ਚੰਬਾ’ |
ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਸੁਰਿੰਦਰ ਕੁਮਾਰੀ ਕੋਛੜ, ਜਨਰਲ ਸਕੱਤਰ ਅਤੇ ਪ੍ਰਧਾਨ ਸੰਬੋਧਨ ਕਰਨਗੇ | ਅਮੋਲਕ ਸਿੰਘ ਦੇ ਲਿਖਿਆ, ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਨ ਸੰਗੀਤਕ ਓਪੇਰਾ ਝੰਡੇ ਦਾ ਗੀਤ ‘ਚਾਨਣ ਦੇ ਵਣਜਾਰੇ’, ਗੀਤ-ਸੰਗੀਤ, ਇਕੱਤਰ ਦਾ ਨਾਟਕ ‘ਠੱਗੀ’ ਹੋਏਗਾ | ਵਿਚਾਰ-ਚਰਚਾ ‘ਚ ਕਮੇਟੀ ਮੈਂਬਰ ਹਰਦੇਵ ਅਰਸ਼ੀ, ਮੰਗਤ ਰਾਮ ਪਾਸਲਾ, ਡਾ. ਪਰਮਿੰਦਰ, ਦਰਸ਼ਨ ਖਟਕੜ, ਸੁਖਮਿੰਦਰ ਸੇਖੋਂ ਸ਼ਿਰਕਤ ਕਰਨਗੇ ਅਤੇ ਪ੍ਰੋ. ਤੇਜਿੰਦਰ ਵਿਰਲੀ ਮੰਚ ਸੰਚਾਲਨ ਦੀ ਭੂਮਿਕਾ ਅਦਾ ਕਰਨਗੇ | ਪਹਿਲੀ ਨਵੰਬਰ ਦਿਨ-ਰਾਤ ਸਮਾਂ-ਸਾਰਣੀ ਮੁਤਾਬਕ ਗੀਤ ਸੰਗੀਤ ਦੀਆਂ ਸੇਵਾਵਾਂ ਹਰਿੰਦਰ ਸੋਹਲ ਅੰਮਿ੍ਤਸਰ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਸੰਗੀਤ ਵਿਭਾਗ, ਖਾਲਸਾ ਕਾਲਜ ਗੜ੍ਹਦੀਵਾਲ (ਗੁਰਪਿੰਦਰ ਸਿੰਘ), ਦਸਤਕ ਮੰਚ, ਲੋਕ ਸੰਗੀਤ ਮੰਡਲੀ ਮਸਾਣੀ (ਧਰਮਿੰਦਰ ਮਸਾਣੀ), ਮਾਨਵਤਾ ਕਲਾ ਮੰਚ ਨਗਰ ਦੀ ਅਦਾਕਾਰ ਨਰਗਿਸ, ਅੰਮਿ੍ਤਪਾਲ ਬੰਗਾ ਆਦਿ ਅਦਾ ਕਰਨਗੇ | ਪਹਿਲੀ ਨਵੰਬਰ ਦੀ ਰਾਤ ਇਪਟਾ ਛਤੀਸ਼ਗੜ੍ਹ, ਅਨੀਤਾ ਸ਼ਬਦੀਸ਼, ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਵਿੱਕੀ ਮਹੇਸ਼ਰੀ ਅਤੇ ਅਵਤਾਰ ਚੜਿੱਕ (ਇਪਟਾ) ਨਾਟਕ ਪੇਸ਼ ਕਰਨਗੇ | ਅਵਤਾਰ ਚੜਿਕ ਅਤੇ ਇਕਬਾਲ ਭੰਡਾਂ ਦੀ ਜੋੜੀ ਵੀ ਇਸ ਰਾਤ ਮੇਲੇ ‘ਤੇ ਆਪਣੀ ਕਲਾ ਦਾ ਰੰਗ ਪੇਸ਼ ਕਰੇਗੀ | ਨਾਟਕਾਂ ਅਤੇ ਗੀਤਾਂ ਭਰੀ ਇਹ ਸ਼ਾਮ ਕਮੇਟੀ ਦੇ ਜਨਰਲ ਸਕੱਤਰ ਅਤੇ ਪ੍ਰਧਾਨ ਦੇ ਸ਼ਬਦਾਂ ਨਾਲ ਸ਼ੁਰੂ ਹੋਏਗੀ | ਤਿੰਨੇ ਦਿਨ ਦੇਸ਼ ਭਗਤ ਯਾਦਗਾਰ ਹਾਲ ਨੂੰ ਪ੍ਰੋ. ਬਰਕਤ ਉੱਲਾ ਹਾਲ ਅਤੇ ਪ੍ਰਮੁੱਖ ਪੰਡਾਲ ਨੂੰ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਪੰਡਾਲ ਦਾ ਨਾਂਅ ਦਿੱਤਾ ਜਾਏਗਾ | ਸ਼ੁੱਕਰਵਾਰ ਦੀ ਮੀਟਿੰਗ ਦਾ ਆਗਾਜ਼ ਉੱਘੇ ਕਵੀ ਪ੍ਰੋ. ਅਨੂਪ ਵਿਰਕ ਅਤੇ ਲੋਕ-ਪੱਖੀ ਲਹਿਰ ਨਾਲ ਜੁੜੇ ਰਹੇ ਸਦੀਵੀ ਵਿਛੋੜਾ ਦੇ ਗਏ ਕੈਨੇਡਾ ਵਸਦੇ ਗੁਰਮੁੱਖ ਸਿੰਘ ਰਾਏਪੁਰ ਡੱਬਾ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਦੇਣ ਨਾਲ ਹੋਇਆ | ਮੀਟਿੰਗ ‘ਚ ਫ਼ਲਸਤੀਨ ਦੇ ਮਾਰੇ ਜਾ ਰਹੇ ਨਿਹੱਥੇ ਅਤੇ ਬੇਦੋਸ਼ੇ ਲੋਕਾਂ ਦੇ ਪਰਵਾਰਾਂ ਨਾਲ ਗਹਿਰੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਫ਼ਲਸਤੀਨ ਦੇ ਲੋਕਾਂ ਖਿਲਾਫ਼ ਛੇੜੀ ਨਿਹੱਕੀ ਜੰਗ ਤੁਰੰਤ ਬੰਦ ਕਰਨ ਦਾ ਮਤਾ ਪਾਇਆ ਗਿਆ | ਮੀਟਿੰਗ ‘ਚ ਇਹ ਮੰਗ ਵੀ ਕੀਤੀ ਗਈ ਕਿ ‘ਨਿਊਜ਼ਕਲਿੱਕ’ ਦੇ ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ | ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਦੀ ਜਨਰਲ ਬਾਡੀ ਮੀਟਿੰਗ ‘ਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਕਮੇਟੀ ਮੈਂਬਰ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਡਾ. ਪਰਮਿੰਦਰ, ਮੰਗਤ ਰਾਮ ਪਾਸਲਾ, ਪ੍ਰਗਟ ਸਿੰਘ ਜਾਮਾਰਾਏ, ਕੁਲਬੀਰ ਸੰਘੇੜਾ, ਬਲਬੀਰ ਕੌਰ ਬੰਡਾਲਾ, ਮਨਜੀਤ ਸਿੰਘ, ਸੁਖਮਿੰਦਰ ਸੇਖੋਂ, ਕ੍ਰਿਸ਼ਨਾ, ਵਿਜੈ ਬੰਬੇਲੀ, ਹਰਮੇਸ਼ ਮਾਲੜੀ , ਡਾ. ਸੈਲੇਸ਼, ਪ੍ਰੋ. ਤੇਜਿੰਦਰ ਵਿਰਲੀ ਅਤੇ ਐਡਵੋਕੇਟ ਰਾਜਿੰਦਰ ਮੰਡ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles