ਪੀ ਐੱਮ ਓ ਨੇ ਦਰਸ਼ਨ ਹੀਰਾਨੰਦਾਨੀ ਤੋਂ ਧੱਕੇ ਨਾਲ ਮੇਰੇ ਖਿਲਾਫ਼ ਹਲਫਨਾਮਾ ਦਿਵਾਇਆ : ਮਹੂਆ ਮੋਇਤਰਾ

0
159

ਨਵੀਂ ਦਿੱਲੀ : ਤਿ੍ਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੇ ਰੀਅਲ ਐਸਟੇਟ ਤੋਂ ਲੈ ਕੇ ਊਰਜਾ ਖੇਤਰ ‘ਚ ਕੰਮ ਕਰਨ ਵਾਲੇ ਗਰੁੱਪ ਹੀਰਾਨੰਦਾਨੀ ਦੇ ਸੀ ਈ ਓ ਦਰਸ਼ਨ ਹੀਰਾਨੰਦਾਨੀ ਦੇ ਹਲਫਨਾਮੇ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਪੀ ਐੱਮ ਓ (ਪ੍ਰਧਾਨ ਮੰਤਰੀ ਦਫਤਰ) ਨੇ ਇਹ ਪੱਤਰ ਤਿਆਰ ਕੀਤਾ ਸੀ ਅਤੇ ਹੀਰਾਨੰਦਾਨੀ ਦੇ ਪਰਵਾਰ ਨੂੰ ਕਾਰੋਬਾਰ ਪੂਰੀ ਤਰ੍ਹਾਂ ਬੰਦ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਇਸ ਹਲਫਨਾਮੇ ‘ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ | ਮਹੂਆ ਨੇ ਦਾਅਵਾ ਕੀਤਾ ਕਿ ਪੀ ਐੱਮ ਓ ਨੇ ਦਰਸ਼ਨ ਤੇ ਉਸ ਦੇ ਪਿਤਾ ‘ਤੇ ਕਥਿਤ ਬੰਦੂਕ ਤਾਣ ਕੇ ਉਨ੍ਹਾਂ ਨੂੰ ਇਸ ਪੱਤਰ ‘ਤੇ ਦਸਤਖਤ ਕਰਨ ਲਈ 20 ਮਿੰਟ ਦਾ ਸਮਾਂ ਦਿੱਤਾ | ਜ਼ਿਕਰਯੋਗ ਹੈ ਕਿ ਦਰਸ਼ਨ ਹੀਰਾਨੰਦਾਨੀ ਨੇ ਇੱਕ ਹਲਫਨਾਮੇ ‘ਚ ਦਾਅਵਾ ਕੀਤਾ ਸੀ ਤਿ੍ਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਲਈ ਉਦਯੋਗਪਤੀ ਗੌਤਮ ਅਡਾਨੀ ‘ਤੇ ਨਿਸ਼ਾਨਾ ਲਾਇਆ ਸੀ |
ਉਧਰ, ਮਹੂਆ ਦੇ ਵਕੀਲ ਗੋਪਾਲ ਸ਼ੰਕਰਨਾਰਾਇਣਨ ਉਸ ਮਾਣਹਾਨੀ ਕੇਸ ਵਿੱਚੋਂ ਹਟ ਗਏ ਹਨ, ਜਿਹੜਾ ਮਹੂਆ ਨੇ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਤੇ ਸੁਪਰੀਮ ਕੋਰਟ ਦੇ ਵਕੀਲ ਜੈ ਅਨੰਤ ਦੇਹਾਦਰਾਈ ਖਿਲਾਫ ਦਿੱਲੀ ਹਾਈ ਕੋਰਟ ਵਿਚ ਕੀਤਾ ਹੈ | ਸ਼ੁੱਕਰਵਾਰ ਸੁਣਵਾਈ ਦੌਰਾਨ ਦੇਹਾਦਰਾਈ ਨੇ ਜੱਜ ਨੂੰ ਦੱਸਿਆ ਕਿ ਸ਼ੰਕਰਨਾਰਾਇਣਨ ਨੇ ਵੀਰਵਾਰ ਰਾਤ ਉਨ੍ਹਾ ਨੂੰ ਫੋਨ ਕਰਕੇ ਪੁੱਛਿਆ ਕਿ ਕੀ ਅਦਾਲਤ ਤੋਂ ਬਾਹਰ ਸਮਝੌਤਾ ਹੋ ਸਕਦਾ ਹੈ?
ਜਸਟਿਸ ਸਚਿਨ ਦੱਤਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਸ਼ੰਕਰਨਾਰਾਇਣਨ ਨੇ ਵਿਚੋਲੀਏ ਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ | ਕੀ ਉਹ ਅਜੇ ਵੀ ਇਸ ਕੇਸ ਵਿਚ ਪੇਸ਼ ਹੋਣ ਦੇ ਪਾਤਰ ਹਨ? ਇਸ ਤੋਂ ਬਾਅਦ ਸ਼ੰਕਰਨਾਰਾਇਣਨ ਨੇ ਕੇਸ ਤੋਂ ਖੁਦ ਨੂੰ ਵੱਖ ਕਰ ਲਿਆ | ਮਹੂਆ ਨੇ ਕੋਰਟ ਤੋਂ ਮੀਡੀਆ ਹਾਊਸ ਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਉਨ੍ਹਾ ਖਿਲਾਫ ਅਪਮਾਨਜਨਕ ਸਮੱਗਰੀ ਪੋਸਟ ਕਰਨ ਤੇ ਪ੍ਰਸਾਰਤ ਕਰਨ ‘ਤੇ ਰੋਕ ਲਾਉਣ ਦੀ ਮੰਗ ਵੀ ਕੀਤੀ ਹੈ | ਹੁਣ ਇਸ ‘ਤੇ 31 ਅਕਤੂਬਰ ਨੂੰ ਸੁਣਵਾਈ ਹੋਵੇਗੀ | ਮਹੂਆ ਤੇ ਦੇਹਦਰਾਈ ਵਿਚਾਲੇ ਤਿੰਨ ਸਾਲ ਦੇ ਰੌਟਵੀਲਰ ਬਰੀਡ ਦੇ ਕੁੱਤੇ ਹੈਨਰੀ ਦੀ ਕਸਟਡੀ ਨੂੰ ਲੈ ਕੇ ਵੀ ਵਿਵਾਦ ਹੈ | ਦੇਹਦਰਾਈ ਕੁੱਤੇ ਦੀ ਕਸਟਡੀ ਚਾਹੁੰਦੇ ਹਨ | ਦੇਹਦਰਾਈ ਨੇ ਦੋਸ਼ ਲਾਇਆ ਹੈ ਕਿ ਮਹੂਆ ਨੇ ਉਨ੍ਹਾ ਨੂੰ ਕਿਹਾ ਕਿ ਉਹ ਹੈਨਰੀ ਦੇ ਦੇਵੇਗੀ, ਜੇ ਉਹ ਪੈਸੇ ਲੈ ਕੇ ਲੋਕ ਸਭਾ ਵਿਚ ਸਵਾਲ ਪੁੱਛਣ ਦੇ ਮਾਮਲੇ ਵਿਚ ਹੀਰਾਨੰਦਾਨੀ ਗਰੁੱਪ ਨਾਲ ਉਸ ਦੇ ਸੰਬੰਧਾਂ ਨੂੰ ਲੈ ਕੇ ਸੀ ਬੀ ਆਈ ਨੂੰ ਕੀਤੀ ਗਈ ਸ਼ਿਕਾਇਤ ਵਾਪਸ ਲੈ ਲੈਣ |
ਦਰਸ਼ਨ ਹੀਰਾਨੰਦਾਨੀ, ਜਿਹੜਾ ਡੁਬਈ ਵਿਚ ਰਹਿ ਕੇ ਬਿਜ਼ਨੈੱਸ ਕਰਦਾ ਹੈ, ਨੇ ਵੀਰਵਾਰ ਇਕ ਕਬੂਲਨਾਮੇ ਵਿਚ ਕਿਹਾ ਸੀ ਕਿ ਉਸ ਦੀ ਮਹੂਆ ਨਾਲ ਦੋਸਤੀ ਸੀ ਤੇ ਉਸ ਨੇ ਆਪਣੇ ਸੰਸਦੀ ਲੌਗਇਨ ਦੀ ਉਸ ਨੂੰ ਵਰਤੋਂ ਕਰਨ ਦੀ ਆਗਿਆ ਦਿੱਤੀ ਹੋਈ ਸੀ | ਉਸ ਨੇ ਉਸ ‘ਤੇ ਅਡਾਨੀ ਖਿਲਾਫ ਸਵਾਲ ਅਪਲੋਡ ਕੀਤੇ ਸਨ | ਉਸ ਨੇ ਇਹ ਵੀ ਕਿਹਾ ਕਿ ਮਹੂਆ ਨੇ ‘ਮੌਜਾਂ’ ਕਰਨ ਲਈ ਉਸ ਦੇ ਕਾਫੀ ਪੈਸੇ ਖਰਚ ਕਰਵਾਏ | ਉਹ ਡਰਦਾ ਮਾਰਾ ਮਹੂਆ ਦੀਆਂ ਫਰਮਾਇਸ਼ਾਂ ਪੂਰੀਆਂ ਕਰਦਾ ਰਿਹਾ | ਇਸ ਦੇ ਜਵਾਬ ਵਿਚ ਮਹੂਆ ਨੇ ਕਿਹਾ ਹੈ ਕਿ ਦਰਸ਼ਨ ਤੇ ਉਸ ਦਾ ਪਿਤਾ ਭਾਰਤ ਵਿਚ ਬਹੁਤ ਵੱਡਾ ਬਿਜ਼ਨੈੱਸ ਗਰੁੱਪ ਚਲਾਉਂਦੇ ਹਨ | ਯੂ ਪੀ ਤੇ ਗੁਜਰਾਤ ਵਿਚ ਉਨ੍ਹਾਂ ਦੇ ਪ੍ਰੋਜੈਕਟਾਂ ਦੇ ਉਦਘਾਟਨ ਪ੍ਰਧਾਨ ਮੰਤਰੀ ਨੇ ਕੀਤੇ | ਏਨੀ ਵੱਡੀ ਪਹੁੰਚ ਰੱਖਣ ਵਾਲਾ ਉਸ ਤੋਂ ਕਿਉਂ ਡਰੇਗਾ | ਦਰਸ਼ਨ ਨੇ ਜਿਹੜਾ ਹਲਫਨਾਮਾ ਦਿੱਤਾ, ਉਹ ਅਧਿਕਾਰਤ ਲੈਟਰਹੈੱਡ ‘ਤੇ ਨਹੀਂ ਹੈ, ਕੋਰੇ ਕਾਗਜ਼ ‘ਤੇ ਹੈ | ਇਸ ਤਰ੍ਹਾਂ ਦੇ ਲੈਟਰ ‘ਤੇ ਕੋਈ ਦਸਤਖਤ ਉਦੋਂ ਹੀ ਕਰੇਗਾ, ਜਦੋਂ ਉਸ ਦੇ ਸਿਰ ‘ਤੇ ਬੰਦੂਕ ਰੱਖੀ ਹੋਵੇ | ਦਰਸ਼ਨ ਨੇ ਪ੍ਰੈੱਸ ਕਾਨਫਰੰਸ ਕਿਉਂ ਨਹੀਂ ਕੀਤੀ |
ਕਬੂਲਨਾਮੇ ਨੂੰ ਖੁਦ ਟਵੀਟ ਕਿਉਂ ਨਹੀਂ ਕੀਤਾ ਜਾਂ ਉਸ ਦੀ ਕੰਪਨੀ ਨੇ ਸਾਹਮਣੇ ਕਿਉਂ ਨਹੀਂ ਲਿਆਂਦਾ? ਜੇ ਵਾਸਤਵ ਵਿਚ ਉਸ ਨੇ ਕਬੂਲ ਕਰ ਲਿਆ ਹੈ ਤਾਂ ਬੈਕ ਚੈਨਲ ਲੀਕ ਰਾਹੀਂ ਕਿਉਂ ਜਾਰੀ ਕਰਨ ਦੀ ਥਾਂ ਅਧਿਕਾਰਕ ਤੌਰ ‘ਤੇ ਕਿਉਂ ਜਾਰੀ ਨਹੀਂ ਕੀਤਾ?

LEAVE A REPLY

Please enter your comment!
Please enter your name here