34.1 C
Jalandhar
Friday, October 18, 2024
spot_img

ਮਾਨ ਵੱਲੋਂ ਟਾਟਾ ਸਟੀਲ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਨੀਂਹ ਪੱਥਰ

ਲੁਧਿਆਣਾ (ਰਾਜ ਸਿੰਗਲਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਕਿਹਾ ਕਿ ਉਦਯੋਗਿਕ ਖੇਤਰ ਦੀ ਨਾਮਵਰ ਕੰਪਨੀ ਟਾਟਾ ਗਰੁੱਪ ਵੱਲੋਂ ਵਿਆਪਕ ਨਿਵੇਸ਼ ਕਰਨ ਨਾਲ ਸੂਬੇ ਵਿੱਚ ਸਨਅਤੀ ਵਿਕਾਸ ਤੇ ਤਰੱਕੀ ਦੇ ਨਵੇਂ ਯੁੱਗ ਦਾ ਆਗਾਜ਼ ਹੋਇਆ ਹੈ | ਇੱਥੇ ਹਾਈ-ਟੈੱਕ ਵੈਲੀ ਵਿਖੇ 2600 ਕਰੋੜ ਰੁਪਏ ਦੀ ਲਾਗਤ ਨਾਲ 115 ਏਕੜ ਵਿੱਚ ਸਥਾਪਤ ਹੋ ਰਹੇ ਗਰੀਨ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਟਾਟਾ ਦਾ ਬਹੁਤ ਵੱਡਾ ਰੁਤਬਾ ਤੇ ਵੱਕਾਰ ਹੈ ਅਤੇ ਸੂਬੇ ਵਿੱਚ ਇਸ ਨਾਮਵਰ ਕੰਪਨੀ ਦੇ ਵੱਡੇ ਨਿਵੇਸ਼ ਨਾਲ ਯਕੀਨਨ ਤੌਰ ਉਤੇ ਦੂਜੀਆਂ ਕੰਪਨੀਆਂ ਨੂੰ ਸੂਬੇ ਵਿੱਚ ਪ੍ਰਵੇਸ਼ ਕਰਨ ਲਈ ਪ੍ਰੇਰਨਾ ਮਿਲੇਗੀ | ਉਨ੍ਹਾ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਸਥਾਪਤ ਕਰਨ ਜਾ ਰਹੇ ਟਾਟਾ ਗਰੁੱਪ ਨੂੰ ਦੇਸ਼ ਭਗਤ ਕੰਪਨੀ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਅਹਿਮ ਭੂਮਿਕਾ ਅਦਾ ਕੀਤੀ | ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ ਅਤੇ ਸੂਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ | ਉਨ੍ਹਾ ਕਿਹਾ ਕਿ ਇਸ ਪਲਾਂਟ ਵਿੱਚ ਨਾਲ ਲਗਦੇ ਇਲਾਕਿਆਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਪਹਿਲ ਦਿੱਤੀ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਇਹ ਵੱਡਾ ਨਿਵੇਸ਼ ਉਨ੍ਹਾਂ ਤਾਕਤਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ, ਜੋ ਸੂਬੇ ਨੂੰ ਅਮਨ-ਕਾਨੂੰਨ ਦੇ ਮਸਲੇ ਉਤੇ ਬੇਵਜ੍ਹਾ ਬਦਨਾਮ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹਾ ਨਿਵੇਸ਼ ਸਿਰਫ ਸ਼ਾਂਤਮਈ ਸੂਬਿਆਂ ਵਿੱਚ ਹੀ ਆਉਂਦਾ ਹੈ ਅਤੇ ਇਸ ਪ੍ਰਾਜੈਕਟ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਅੱਜ ਦੇਸ਼ ਦਾ ਸਭ ਤੋਂ ਅਮਨ-ਸ਼ਾਂਤੀ ਵਾਲਾ ਸੂਬਾ ਹੈ | ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਕੌਮੀ ਮਾਰਗ ਤੋਂ ਪਲਾਂਟ ਵਾਲੀ ਜਗ੍ਹਾ ਨੂੰ ਜਾਂਦੀ ਸੜਕ ਦਾ ਨਿਰਮਾਣ ਕਰੇਗੀ |
ਸੂਬੇ ਵਿੱਚ ਐੱਮ.ਓ.ਯੂ. (ਮੈਮੋਰੰਡਮ ਆਫ ਅੰਡਰਸਟੈਂਡਿੰਗ) ਨੂੰ ਹੁਣ ਪੁਰਾਣਾ ਤੇ ਵੇਲਾ ਵਿਹਾਅ ਚੁੱਕਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਵੇਲੇ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਨਅਤਕਾਰਾਂ ਨਾਲ ਐੱਮ.ਓ.ਡੀ.ਐੱਸ. (ਦਿਲ ਨਾਲ ਸਮਝੌਤਾ ਸਹੀਬੰਦ ਕਰਨਾ) ਉਤੇ ਹਸਤਾਖਰ ਕਰ ਰਹੀ ਹੈ | ਉਨ੍ਹਾ ਕਿਹਾ ਕਿ ਐੱਮ.ਓ.ਡੀ.ਐੱਸ. ਸਿੱਧੇ ਤੌਰ ‘ਤੇ ਦਿਲੋਂ ਕੀਤਾ ਪਵਿੱਤਰ ਸਮਝੌਤਾ ਹੈ ਅਤੇ ਪੰਜਾਬ ਨੂੰ ਉਦਯੋਗਿਕ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਇਹ ਸਮਝੌਤਾ ਪੂਰੀ ਤਰ੍ਹਾਂ ਆਪਸੀ ਵਿਸ਼ਵਾਸ ਉਤੇ ਅਧਾਰਤ ਹੈ | ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਬਾਰੇ ਕੀਤੇ ਗਏ ਐਲਾਨ ਦੇ ਇੱਕ ਸਾਲ ਦੇ ਅੰਦਰ ਹੀ ਇਸ ਵੱਡੇ ਪਲਾਂਟ ਦਾ ਕੰਮ ਸ਼ੁਰੂ ਹੋ ਗਿਆ ਹੈ |
ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਅੱਜ ਪੰਜਾਬ ਕਈ ਆਲਮੀ ਉਦਯੋਗਿਕ ਦਿੱਗਜ਼ਾਂ ਦੇ ਨਿਵੇਸ਼ ਲਈ ਪਹਿਲੀ ਪਸੰਦ ਬਣ ਚੁੱਕਾ ਹੈ |
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਵੱਡੇ ਉਪਰਾਲਿਆਂ ਸਦਕਾ ਪੰਜਾਬ ਵਿੱਚ 16 ਮਾਰਚ, 2022 ਤੋਂ ਹੁਣ ਤੱਕ 56796 ਕਰੋੜ ਦਾ ਨਿਵੇਸ਼ ਪ੍ਰਾਪਤ ਹੋਇਆ ਹੈ, ਜਿਸ ਨਾਲ ਰੋਜ਼ਗਾਰ ਦੇ 2.92 ਲੱਖ ਮੌਕੇ ਪੈਦਾ ਹੋਣਗੇ | ਉਨ੍ਹਾ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ ਵੱਡੀਆਂ ਕੰਪਨੀਆਂ ਟਾਟਾ ਸਟੀਲ, ਸਨਥਾਨ ਟੈਕਸਟਾਈਲ, ਟੋਪਨ ਅਤੇ ਫਰੂਡੇਨਬਰਗ ਸੂਬੇ ਵਿੱਚ ਨਿਵੇਸ਼ ਕਰ ਰਹੀਆਂ ਹਨ |
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ‘ਸਰਕਾਰ-ਸਨਅਤਕਾਰ ਮਿਲਣੀ’ ਦੀ ਵਿਲੱਖਣ ਪਹਿਲਕਦਮੀ ਕੀਤੀ ਗਈ ਤਾਂ ਕਿ ਉਦਯੋਗਪਤੀਆਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਜਾ ਸਕਣ |

Related Articles

LEAVE A REPLY

Please enter your comment!
Please enter your name here

Latest Articles