25 C
Jalandhar
Sunday, September 8, 2024
spot_img

ਕੈਨੇਡਾ ਨੇ 41 ਡਿਪਲੋਮੈਟ ਕੱਢੇ, ਚੰਡੀਗੜ੍ਹ ਦੇ ਕੌਂਸਲਖਾਨੇ ‘ਚ ਵੀਜ਼ਿਆਂ ਦਾ ਕੰਮ ਬੰਦ

ਟੋਰਾਂਟੋ : ਭਾਰਤ ਵੱਲੋਂ ਕੈਨੇਡੀਅਨ ਡਿਪਲੋਮੈਟਾਂ ਨੂੰ ਮਿਲੀ ਛੋਟ ਹਟਾਉਣ ਦੀ ਚਿਤਾਵਨੀ ਮਗਰੋਂ ਕੈਨੇਡਾ ਨੇ ਆਪਣੇ 41 ਡਿਪਲੋਮੈਟਾਂ ਤੇ ਉਨ੍ਹਾਂ ਦੇ 42 ਪਰਵਾਰਕ ਮੈਂਬਰਾਂ ਨੂੰ ਵੀਰਵਾਰ ਨਵੀਂ ਦਿੱਲੀ ‘ਚ ਸੇਵਾ ਤੋਂ ਹਟਾ ਲਿਆ | ਕੈਨੇਡਾ ਨੇ ਚੰਡੀਗੜ੍ਹ, ਮੁੰਬਈ ਤੇ ਬੇਂਗਲੁਰੂ ਦੇ ਕੌਂਸਲਖਾਨਿਆਂ ਵਿਚ ਵੀਜ਼ਾ ਤੇ ਕੌਂਸੂਲਰ ਸੇਵਾਵਾਂ ਰੋਕ ਦਿੱਤੀਆਂ ਹਨ | ਇਹ ਸੇਵਾਵਾਂ ਸਿਰਫ ਦਿੱਲੀ ਵਿਚਲੇ ਕੈਨੇਡੀਅਨ ਹਾਈ ਕਮਿਸ਼ਨ ਵਿਚ ਹੀ ਮਿਲਣਗੀਆਂ | ਕੌਂਸਲਖਾਨਿਆਂ ਵਿਚ ਜਾ ਕੇ ਕੋਈ ਆਪਣਾ ਕੰਮ ਨਹੀਂ ਕਰਵਾ ਸਕੇਗਾ |
ਕੈਨੇਡਾ ਨੇ ਪਿਛਲੇ ਦਿਨੀਂ ਦੋਸ਼ ਲਾਏ ਸਨ ਕਿ ਉਪ ਨਗਰੀ ਵੈਨਕੂਵਰ ‘ਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤ ਦਾ ਹੱਥ ਹੋ ਸਕਦਾ ਹੈ | ਇਸ ਮਗਰੋਂ ਭਾਰਤ ਤੇ ਕੈਨੇਡਾ ਦੇ ਸੰਬੰਧਾਂ ਵਿੱਚ ਤਣਾਅ ਵਧ ਗਿਆ | ਕੈਨੇਡਾ ਵੱਲੋਂ ਇਕ ਭਾਰਤੀ ਡਿਪਲੋਮੈਟ ਨੂੰ ਕੱਢਣ ਤੋਂ ਬਾਅਦ ਭਾਰਤ ਨੇ ਕੈਨੇਡਾ ਨੂੰ ਆਪਣੇ 62 ਡਿਪਲੋਮੈਟਾਂ ਵਿੱਚੋਂ 41 ਨੂੰ 20 ਅਕਤੂਬਰ ਤੱਕ ਹਟਾਉਣ ਲਈ ਕਿਹਾ ਸੀ | ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੌਲੀ ਨੇ ਕਿਹਾ ਕਿ 41 ਡਿਪਲੋਮੈਟਾਂ ਨੂੰ ਭਾਰਤ ਵਿੱਚੋਂ ਹਟਾ ਲਿਆ ਗਿਆ ਹੈ | ਜੌਲੀ ਨੇ ਕਿਹਾ ਕਿ ਭਾਰਤ ਨੇ ਅਨੈਤਿਕ ਤੌਰ ‘ਤੇ ਇਨ੍ਹਾਂ ਡਿਪਲੋਮੈਟਾਂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਮਿਲੀਆਂ ਸਹੂਲਤਾਂ 20 ਅਕਤੂਬਰ ਨੂੰ ਬੰਦ ਕਰ ਦੇਣ ਦੀ ਗੱਲ ਕਹੀ ਸੀ | 41 ਡਿਪਲੋਮੈਟਾਂ ਨੂੰ ਮਿਲੀਆਂ ਡਿਪਲੋਮੈਟਿਕ ਛੋਟਾਂ ਨੂੰ ਰੱਦ ਕਰਨਾ ਨਾ ਸਿਰਫ ਅਸਧਾਰਨ ਹੈ, ਸਗੋਂ ਕੌਮਾਂਤਰੀ ਕਾਨੂੰਨਾਂ ਦੇ ਖਿਲਾਫ ਹੈ, ਪਰ ਕੈਨੇਡਾ ਨੇ ਕਿਸੇ ਵੀ ਤਰ੍ਹਾਂ ਦੀ ਅਜਿਹੀ ਜਵਾਬੀ ਕਾਰਵਾਈ ਕਰਨ ਦੀ ਯੋਜਨਾ ਨਹੀਂ ਬਣਾਈ ਹੈ, ਜਿਸ ਨਾਲ ਸਥਿਤੀ ਵਿਗੜੇ | ਕੈਨੇਡਾ ਕੌਮਾਂਤਰੀ ਕਾਨੂੰਨ ਦਾ ਬਚਾਅ ਕਰਨਾ ਜਾਰੀ ਰੱਖੇਗਾ, ਜਿਹੜਾ ਸਾਰੇ ਦੇਸ਼ਾਂ ‘ਤੇ ਲਾਗੂ ਹੁੰਦਾ ਹੈ ਤੇ ਭਾਰਤ ਨਾਲ ਜੁੜਨਾ ਜਾਰੀ ਰੱਖੇਗਾ | ਹੁਣ ਪਹਿਲਾਂ ਨਾਲੋਂ ਕਿਤੇ ਵੱਧ ਸਾਨੂੰ ਜ਼ਮੀਨ ‘ਤੇ ਡਿਪਲੋਮੈਟਾਂ ਦੀ ਲੋੜ ਹੈ ਤੇ ਸਾਨੂੰ ਇਕ-ਦੂਜੇ ਨਾਲ ਗੱਲ ਕਰਨ ਦੀ ਲੋੜ ਹੈ |
ਜੌਲੀ ਨੇ ਕਿਹਾ ਕਿ ਭਾਰਤ ਦੇ ਮੁਕਾਬਲੇ ਕੈਨੇਡਾ ਨੇ ਭਾਰਤ ਵਿਚ ਜ਼ਿਆਦਾ ਸਟਾਫ ਇਸ ਕਰਕੇ ਰੱਖਿਆ ਸੀ, ਕਿਉਂਕਿ ਵੀਜ਼ਿਆਂ ਦਾ ਕੰਮ ਬਹੁਤ ਹੁੰਦਾ ਹੈ | 2022 ਵਿਚ ਰਿਕਾਰਡ 2 ਲੱਖ 26 ਹਜ਼ਾਰ ਵਿਦਿਆਰਥੀਆਂ ਦੇ ਵੀਜ਼ੇ ਲਾਉਣੇ ਪਏ ਸਨ | ਕੁਲ ਮਿਲਾ ਕੇ ਇਕ ਸਾਲ ਵਿਚ 6 ਲੱਖ ਵੀਜ਼ਾ ਅਰਜ਼ੀਆਂ ਪੋ੍ਰਸੈਸ ਕੀਤੀਆਂ ਗਈਆਂ | ਜੌਲੀ ਮੁਤਾਬਕ ਭਾਰਤ ਨੇ ਕਿਹਾ ਸੀ ਕਿ ਜੇ ਡਿਪਲੋਮੈਟਾਂ ਨੇ ਭਾਰਤ ਨਾ ਛੱਡਿਆ ਤਾਂ ਉਹ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਕਰ ਸਕੇਗਾ |
ਕੈਨੇਡਾ ਵਿਚ ਲੱਗਭੱਗ 7 ਲੱਖ 70 ਹਜ਼ਾਰ ਸਿੱਖ ਰਹਿੰਦੇ ਹਨ, ਜਿਹੜੇ ਉਥੋਂ ਦੀ ਆਬਾਦੀ ਦਾ ਲੱਗਭੱਗ ਦੋ ਫੀਸਦੀ ਬਣਦੇ ਹਨ | ਭਾਰਤ ਕੈਨੇਡਾ ਵਿਚ ਵੀਜ਼ੇ ਜਾਰੀ ਕਰਨਾ ਪਹਿਲਾਂ ਹੀ ਬੰਦ ਕਰ ਚੁੱਕਾ ਹੈ | ਇਸ ਨਾਲ ਕੈਨੇਡਾ ਦੇ ਨਾਗਰਿਕ ਬਣ ਚੁੱਕੇ ਭਾਰਤੀਆਂ, ਖਾਸਕਰ ਪੰਜਾਬੀਆਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਹਨ |

Related Articles

LEAVE A REPLY

Please enter your comment!
Please enter your name here

Latest Articles