ਨਵੀਂ ਦਿੱਲੀ : ਗ੍ਰੇਟਰ ਨੋਇਡਾ ਦੇ ਯਮੁਨਾ ਐਕਸਪ੍ਰੈਸ ਵੇਅ ’ਤੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਕਾਰ ’ਚ ਸਵਾਰ 5 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ, ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਾਇਆ ਗਿਆ। ਜਾਣਕਾਰੀ ਅਨੁਸਾਰ ਯਮੁਨਾ ਐਕਸਪ੍ਰੈਸ ਵੇਅ ’ਤੇ ਦੇਰ ਰਾਤ ਸ਼ੁੱਕਰਵਾਰ ਕਰੀਬ 1 ਵਜੇ ਰਬੂਪੁਰਾ ਇਲਾਕੇ ’ਚ ਨੋਇਡਾ ਤੋਂ ਜੇਵਰ ਵੱਲ ਜ਼ੀਰੋ ਪੁਆਇੰਟ ਤੋਂ 25 ਕਿਲੋਮੀਟਰ ਦੂਰੀ ’ਤੇ ਇੱਕ ਈਕੋ ਵੈਨ ਨੰਬਰ ਡੀ ਐੱਲ 3 ਸੀ ਸੀ 7136 ’ਚ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਕਾਰਨ ਵੈਨ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ। ਵੈਨ ’ਚ ਕੁੱਲ 8 ਲੋਕ ਸਵਾਰ ਸਨ, ਜਿਨ੍ਹਾਂ ’ਚੋਂ ਪੰਜ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਤਿੰਨ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾ ਨੂੰ ਇਲਾਜ ਲਈ ਜੇਵਰ ਦੇ ਕੈਲਾਸ਼ ਹਸਪਤਾਲ ’ਚ ਭਰਤੀ ਕਰਾਇਆ ਗਿਆ।



