ਤੇਲ ਅਵੀਵ : ਗਾਜ਼ਾ ’ਤੇ ਇਜ਼ਰਾਈਲ ਦੇ ਹਮਲੇ ’ਚ ਵੱਡੀ ਗਿਣਤੀ ’ਚ ਆਮ ਫਲਸਤੀਨੀ ਲੋਕ ਮਾਰੇ ਜਾ ਰਹੇ ਹਨ, ਜਿਸ ਨੂੰ ਲੈ ਕੇ ਕਈ ਦੇਸ਼ਾਂ ’ਚ ਵੱਡੀ ਪੱਧਰ ’ਤੇ ਪ੍ਰਦਰਸ਼ਨ ਹੋ ਰਹੇ ਹਨ। ਯੁੱਧ ਨੂੰ ਲੈ ਕੇ ਇਜ਼ਰਾਈਲ ’ਚ ਵੀ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਜ਼ਰਾਈਲ ਦੇ ਹਾਈਫਾ ’ਚ ਗਾਜ਼ਾ ’ਤੇ ਇਜ਼ਰਾਈਲੀ ਬੰਬਾਰੀ ਦੇ ਵਿਰੋਧ ’ਚ ਪ੍ਰਦਰਸ਼ਨ ਹੋਇਆ, ਜਿਸ ਨੂੰ ਪੁਲਸ ਨੇ ਜਲਦ ਹੀ ਰੋਕ ਦਿੱਤਾ ਅਤੇ 6 ਪ੍ਰਦਰਸ਼ਨਕਾਰੀਆਂ ਨੁੰ ਗਿ੍ਰਫਤਾਰ ਕਰ ਲਿਆ। ਇਨ੍ਹਾਂ ਗਿ੍ਰਫ਼ਤਾਰੀਆਂ ਤੋਂ ਬਾਅਦ ਇਜ਼ਰਾਈਲ ਮੀਡੀਆ ’ਚ ਸ਼ਬਤਾਈ ਦੇ ਬਿਆਨ ਨੂੰ ਚਲਾਇਆ ਗਿਆ, ਜਿਸ ’ਚ ਉਹ ਪ੍ਰਦਰਸ਼ਨਕਾਰੀਆਂ ਨੂੰ ਗਾਜਾ ਭੇਜਣ ਦੀ ਧਮਕੀ ਦੇ ਰਹੇ ਹਨ। ਇੱਕ ਰਿਪੋਰਟ ਮੁਤਾਬਿਕ, ਸ਼ਬਤਾਈ ਨੇ ਕਿਹਾ, ਜੋ ਕੋਈ ਵੀ ਇਜ਼ਰਾਈਲੀ ਨਾਗਰਿਕ ਦੀ ਤਰ੍ਹਾਂ ਰਹਿਣਾ ਚਾਹੁੰਦਾ ਹੈ, ਉਸ ਦਾ ਸਵਾਗਤ ਹੈ ਅਤੇ ਜੋ ਲੋਕ ਗਾਜਾ ਦੇ ਨਾਲ ਰਹਿਣਾ ਚਾਹੁੰਦੇ ਹਨ, ਉਨ੍ਹਾ ਦਾ ਵੀ ਸਵਾਗਤ ਹੈ। ਮੈਂ ਉਨ੍ਹਾ ਸਾਰੇ ਲੋਕਾਂ ਨੂੰ ਗਾਜਾ ਜਾਣ ਵਾਲੀਆਂ ਬੱਸਾਂ ’ਚ ਭਰ ਕੇ ਉਥੇ ਭੇਜ ਦਿਆਂਗਾ। ਸ਼ਬਤਾਈ ਨੇ ਇਹ ਵੀ ਕਿਹਾ ਕਿ ਉਕਸਾਵੇ ਦੀ ਕਿਸੇ ਵੀ ਘਟਨਾ ਨੂੰ ਲੈ ਕੇ ਇਜ਼ਰਾਈਲ ’ਚ ਜ਼ੀਰੋ ਟਾਰਲੈਂਸ ਦੀ ਨੀਤੀ ਅਪਣਾਈ ਜਾਵੇਗੀ। ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਕਿਸੇ ਵੀ ਤਰ੍ਹਾਂ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਜ਼ਰਾਈਲ ਪੁਲਸ ਦੇ ਬੁਲਾਰੇ ਐਲੀ ਲੇਵੀ ਨੇ ਆਰਮੀ ਰੇਡੀਓ ਨਾਲ ਗੱਲਬਾਤ ਕਰਦੇ ਹੋਏ ਕਿਹਾ 7 ਅਕਤੂਬਰ ਨੂੰ ਗਾਜਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ’ਚ 63 ਲੋਕਾਂ ਨੂੰ ਅੱਤਵਾਦ ਦਾ ਸਮਰਥਨ ਕਰਨ ਜਾਂ ਭੜਕਾਉਣ ਦੇ ਸ਼ੱਕ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ।



