ਤੇਲ ਅਵੀਵ : ਇਜ਼ਰਾਈਲ ਅਤੇ ਫਲਸਤੀਨੀ ਸੰਗਠਨ ਹਮਾਸ ਵਿਚਾਲੇ 7 ਅਕਤੂਬਰ ਨੂੰ ਸ਼ੁਰੂ ਹੋਈ ਜੰਗ ਨੂੰ 15 ਦਿਨ ਪੂਰੇ ਹੋ ਗਏ। ਇਸ ਯੁੱਧ ’ਚ ਹਮਾਸ ਨੇ ਕਈ ਲੋਕਾਂ ਨੂੰ ਇਜ਼ਰਾਈਲ ਤੋਂ ਅਗਵਾ ਕਰ ਲਿਆ ਸੀ। ਹਮਾਸ ਨੇ ਦੇਰ ਰਾਤ ਦੋ ਅਮਰੀਕੀ ਬੰਧਕਾਂ ਨੂੰ ਰਿਹਾਅ ਕਰ ਦਿੱਤਾ। ਜੂਡਿਥ ਤਾਈ ਰਾਨਨ ਅਤੇ ਨਤਾਲੀ ਸ਼ੋਸ਼ਾਨਾ ਰਾਨਨ ਨਾਂਅ ਦੀਆਂ ਦੋ ਮਹਿਲਾਵਾਂ ਨੂੰ ਹਮਾਸ ਨੇ ਰਿਹਾਅ ਕਰ ਦਿੱਤਾ। ਜੂਡਿਥ ਅਤੇ ਨਤਾਲੀ ਮਾਂ-ਬੇਟੀ ਹਨ ਅਤੇ ਦੋਵਾਂ ਨੂੰ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ਤੋਂ ਅਗਵਾ ਕਰਕੇ ਗਾਜ਼ਾ ’ਚ ਬੰਧਕ ਬਣਾ ਲਿਆ ਸੀ। ਹੁਣ ਦੋਵਾਂ ਦੀ ਰਿਹਾਈ ਹੋ ਗਈ ਹੈ ਅਤੇ ਦੋਵੇਂ ਇਜ਼ਰਾਈਲ ਆ ਗਈਆਂ ਹਨ।
ਜਾਣਕਾਰੀ ਅਨੁਸਾਰ ਹਮਾਸ ਨੇ ਦੋ ਅਮਰੀਕੀ ਬੰਧਕਾਂ ਨੂੰ ਮਨੁੱਖੀ ਕਾਰਨਾਂ ਦੇ ਚੱਲਦੇ ਰਿਹਾਅ ਕੀਤਾ ਹੈ। ਕਤਰ ਨੇ ਇਸ ਲਈ ਅਹਿਮ ਭੂਮਿਕਾ ਨਿਭਾਈ। ਸੱਤ ਅਕਤੂਬਰ ਨੂੰ ਸ਼ੁਰੂ ਹੋਏ ਯੁੱਧ ਦੇ ਪਹਿਲੇ ਹੀ ਦਿਨ ਹਮਾਸ ਨੇ 200 ਤੋਂ ਵੱਧ ਲੋਕਾਂ ਨੂੰ ਇਜ਼ਰਾਈਲ ਤੋਂ ਅਗਵਾ ਕਰਕੇ ਬੰਧਕ ਬਣਾ ਲਿਆ ਸੀ।



