ਤਕੜੇ ਸੰਘਰਸ਼ ਉਲੀਕਣ ਦੀ ਲੋੜ : ਬਿਨੋਏ ਬਿਸ਼ਵਮ

0
215

ਮੋਗਾ (ਅਮਰਜੀਤ ਬੱਬਰੀ)
ਪੰਜਾਬ ਰੋਡਵੇਜ਼ ਕਾਮਿਆਂ ਦੀ ਜਥੇਬੰਦੀ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਵੱਲੋਂ ਆਪਣੇ ਮਹਿਬੂਬ ਆਗੂ ਸ਼ਹੀਦ ਬਾਈ ਨਛੱਤਰ ਧਾਲੀਵਾਲ ਦੀ 35ਵੀਂ ਬਰਸੀ ਬੱਸ ਸਟੈਂਡ ਮੋਗਾ ਵਿਖੇ ਮਨਾਈ ਗਈ। ਸਿੱਖਿਆ, ਸਿਹਤ, ਬੈਂਕ ਅਤੇ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਨੇ ਇਸ ਬਰਸੀ ਸਮਾਗਮ ’ਚ ਵਧ-ਚੜ੍ਹ ਕੇ ਹਿੱਸਾ ਲਿਆ।ਸਟੇਜ ਸਕੱਤਰ ਜਗਦੀਸ਼ ਚਾਹਲ ਨੇ ਆਏ ਹੋਏ ਸਾਥੀਆਂ ਦਾ ਸਵਾਗਤ ਕਰਦਿਆਂ ਬਾਈ ਨਛੱਤਰ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਇਸ ਮੌਕੇ ਕੁੱਲ ਹਿੰਦ ਏਟਕ ਸਕੱਤਰ ਬੀਬੀ ਅਮਰਜੀਤ ਕੌਰ ਨੇ ਸ਼ਹੀਦ ਨਛੱਤਰ ਦੇ ਅਧਿਐਨ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਹਾਨ ਗੁਣ ਬਾਰੇ ਗੱਲ ਸਾਂਝੀ ਕੀਤੀ। ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਬਣਾਈਆਂ ਜਾਣ ਵਾਲੀਆਂ ਲੋਕ ਮਾਰੂ ਨੀਤੀਆਂ ਸਦਾ ਤੋਂ ਹੀ ਚੱਲਦਾ ਵਰਤਾਰਾ ਹੈ, ਜਿਸ ਨੂੰ ਬਾਈ ਨਛੱਤਰ ਬਦਲਣਾ ਚਾਹੁੰਦੇ ਸਨ। ਉਹ ਹਮੇਸ਼ਾ ਸਮਾਜਿਕ ਵਿਤਕਰੇ ਅਤੇ ਆਰਥਿਕ ਪਾੜੇ ਖਿਲਾਫ ਸਨ। ਸਰਬ ਸਾਂਝੀਵਾਲਤਾ ਦੇ ਮੁਦਈ ਬਾਈ ਨਛੱਤਰ ਨੂੰ ਲੋਕ ਦੋਖੀ ਤਾਕਤਾਂ ਵੱਲੋਂ ਕਤਲ ਕਰਨ ਦੀ ਕੋਝੀ ਚਾਲ ਕੇਵਲ ਸਰੀਰ ਨੂੰ ਹੀ ਖਤਮ ਕਰ ਸਕੀ, ਪਰ ਬਾਈ ਦੀ ਸੋਚ ਸਦਾ ਲਈ ਅਮਰ ਹੋ ਗਈ। ਹਰ ਬਰਸੀ ’ਤੇ ਵਧਦਾ ਇਕੱਠ ਗਵਾਹ ਹੈ ਕਿ ਬਾਈ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਲੋਕ ਹਰ ਰੋਜ਼ ਵਧ ਰਹੇ ਹਨ। ਉਹਨਾਂ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੰਮ-ਦਿਹਾੜੀ ਸਮਾਂ 8 ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਗਿਆ ਹੈ। ਸੰਘਰਸ਼ ਅਤੇ ਲੱਖਾਂ ਕੁਰਬਾਨੀਆਂ ਉਪਰੰਤ ਕਿਰਤੀਆਂ ਦੇ ਹੱਕ ’ਚ ਬਣੇ ਕਿਰਤ ਕਾਨੂੰਨਾਂ ਨੂੰ 4 ਲੇਬਰ ਨਿਯਮਾਂ ’ਚ ਤਬਦੀਲ ਕਰ ਦਿੱਤਾ ਗਿਆ। ਇਹ ਕਿਰਤੀਆਂ-ਮਜ਼ਦੂਰਾਂ ਨਾਲ ਬੇਹੱਦ ਜ਼ੁਲਮ ਹੈ। ਪਹਿਲਾਂ ਹੀ ਮਹਿੰਗਾਈ ਦੀ ਮਾਰ ’ਚ ਪਿਸ ਰਹੇ ਗਰੀਬ ਅਤੇ ਮੱਧਵਰਗੀ ਲੋਕ ਕੇਵਲ ਇੱਕ ਵਸਤੂ ਬਣਾਏ ਜਾ ਰਹੇ ਹਨ, ਜਿਨ੍ਹਾਂ ਨੂੰ ਵੱਡੇ ਕਾਰਪੋਰੇਟ ਘਰਾਣੇ ਆਪਣੇ ਮੁਨਾਫੇ ਲਈ ਵਰਤ ਸਕਣ। ਅਮੀਰ ਘਰਾਣਿਆਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ, ਦੂਜੇ ਪਾਸੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਉਪਰ ਪੁਰਾਣੀ ਪੈਨਸ਼ਨ ਵੀ ਬੰਦ ਕਰ ਦਿੱਤੀ ਗਈ ਹੈ। ਦੇਸ਼ ਭਰ ’ਚ ਮੁਲਾਜ਼ਮ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਕੇਰਲ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਬਿਨੋਏ ਬਿਸ਼ਵਮ ਨੇ ਕਿਹਾ ਕਿ ਨਛੱਤਰ ਇੱਕ ਸੋਚ ਸੀ, ਜਿਸ ਉਪਰ ਪਹਿਰਾ ਦੇਣਾ ਅੱਜ ਸਮੇਂ ਦੀ ਲੋੜ ਹੈ। ਸਰਕਾਰੀ ਵਿਭਾਗ ਲਗਾਤਾਰ ਕਮਜ਼ੋਰ ਹੋ ਰਹੇ ਹਨ, ਜਿੱਥੋਂ ਗਰੀਬ ਅਤੇ ਮੱਧਵਰਗੀ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਹਨ। ਦੂਜੇ ਪਾਸੇ ਨਿੱਜੀਕਰਨ ਦਾ ਸ਼ਿਕੰਜਾ ਹਰ ਰੋਜ਼ ਸਖਤ ਹੁੰਦਾ ਜਾ ਰਿਹਾ ਹੈ। ਜੇਕਰ ਇਸ ਦਾ ਜ਼ੋਰਦਾਰ ਵਿਰੋਧ ਨਾ ਕੀਤਾ ਗਿਆ ਤਾਂ ਪਹਿਲਾਂ ਹੀ ਦੇਸ਼ ਦਾ ਕੁੱਲ ਸਰਮਾਇਆ ਜੋ ਕੁਝ ਅਮੀਰ ਲੋਕਾਂ ਕੋਲ ਇਕੱਠਾ ਹੋ ਚੁੱਕਿਆ ਹੈ, ਹੋਰ ਤੇਜ਼ੀ ਨਾਲ ਵੰਡਿਆ ਜਾਵੇਗਾ ਅਤੇ ਵੱਡੀ ਵਸੋਂ ਦਾ ਜੀਵਨ ਬਦਤਰ ਹੋ ਜਾਵੇਗਾ। ਬੇਰੋਜ਼ਗਾਰਾਂ ਨੂੰ ਕੰਮ ਪ੍ਰਦਾਨ ਕਰਨਾ ਹੀ ਸਮਾਜ ਨੂੰ ਬਿਹਤਰ ਦਿਸ਼ਾ ਵੱਲ ਲਿਜਾ ਸਕਦਾ ਹੈ, ਇਸ ਲਈ ਲੋੜ ਹੈ ਤਕੜੇ ਸੰਘਰਸ਼ ਉਲੀਕਣ ਦੀ ਤਾਂ ਜੋ ਸਰਕਾਰਾਂ ਨੂੰ ਲੋਕ ਪੱਖੀ ਨੀਤੀਆਂ ਘੜਨ ਲਈ ਮਜਬੂਰ ਕੀਤਾ ਜਾਵੇ।
ਅੱਜ ਦਾ ਬਰਸੀ ਸਮਾਗਮ ਖਤਮ ਹੋਣ ਉਪਰੰਤ ਧਾਲੀਵਾਲ ਭਵਨ ਮੋਗਾ ਵਿਖੇ ਹੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਇਜ਼ ਕਨਫੈਡਰੇਸ਼ਨ ਦੀ 7ਵੀਂ ਦੋ ਦਿਨਾ ਕਾਨਫ਼ਰੰਸ ਵੀ ਸ਼ੁਰੂ ਹੋਈ, ਜਿਸ ’ਚ ਦੇਸ਼ ਭਰ ਦੇ ਸੂਬਿਆਂ ’ਚੋਂ 400 ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਮੌਕੇ ਏਟਕ ਪੰਜਾਬ ਪ੍ਰਧਾਨ ਕਾ. ਬੰਤ ਬਰਾੜ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾ. ਜਗਰੂਪ, ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਮੋਗਾ ਸਕੱਤਰ ਕੁਲਦੀਪ ਭੋਲਾ, ਆਲ ਇੰਡੀਆ ਯੂਥ ਫੈਡਰੇਸ਼ਨ ਅਤੇ ਸਟੂਡੈਂਟ ਫੈਡਰੇਸ਼ਨ ਦੇ ਆਗੂ ਸਾਥੀ ਸੁਖਜਿੰਦਰ ਮਹੇਸਰੀ ਅਤੇ ਸਾਥੀ ਵਿੱਕੀ ਮਹੇਸਰੀ ਨੇ ਵੀ ਬਾਈ ਨਛੱਤਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਧਾਲੀਵਾਲ ਯਾਦਗਾਰੀ ਡਾਇਰੀ ਵੀ ਜਾਰੀ ਕੀਤੀ ਗਈ ਅਤੇ ਸ਼ਹੀਦ ਨਛੱਤਰ ਦੇ ਜੱਦੀ ਪਿੰਡ ਬੱਧਨੀ ਖੁਰਦ ਦੇ ਸਕੂਲ ਦੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।
ਇਸ ਮੌਕੇ ਗੁਰਜੀਤ ਸਿੰਘ ਬਟਾਲਾ, ਅਵਤਾਰ ਸਿੰਘ ਤਾਰੀ, ਬਲਰਾਜ ਭੰਗੂ, ਸੁਰਿੰਦਰ ਪੁਆਰੀ, ਗੁਰਜੰਟ ਕੋਕਰੀ, ਗੁਰਪ੍ਰੀਤ ਧੂੜ, ਜਗਪਾਲ ਸਿੰਘ, ਡਾ. ਇੰਦਰਬੀਰ ਗਿੱਲ, ਸੂਰਤ ਸਿੰਘ ਧਰਮਕੋਟ ਅਤੇ ਮੋਗਾ ਡਿੱਪੂ ਦੇ ਸਮੂਹ ਸਾਥੀਆਂ ਤੋਂ ਇਲਾਵਾ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਵੱਡੀ ਗਿਣਤੀ ’ਚ ਹਾਜ਼ਰ ਸਨ।

LEAVE A REPLY

Please enter your comment!
Please enter your name here