ਸੀਤਲਵਾੜ, ਵਰਧਰਾਜਨ ਤੇ ਵਿਨੀਤ ਤਿਵਾੜੀ ਨੂੰ ਸੁਣਨ ਲਈ ਪੁੱਜਣ ਦੀ ਅਪੀਲ

0
115

ਜਲੰਧਰ (ਕੇਸਰ)-ਗਦਰੀ ਬਾਬਿਆਂ ਦੇ 32ਵੇਂ ਮੇਲੇ ’ਚ ਵਿਚਾਰ, ਚਿੰਤਨ, ਚੇਤਨਾ ਅਤੇ ਇਤਿਹਾਸ ਦੀ ਸਾਡੇ ਸਮਿਆਂ ਅੰਦਰ ਪ੍ਰਸੰਗਿਕਤਾ ਉਘਾੜਨ ਉਪਰ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਿਤ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰੋਗਰਾਮ ਦੀ ਰੂਪ-ਰੇਖਾ ਬਣਾਈ ਗਈ ਹੈ। ਇਸ ਵਿਚਾਰ ਦੀ ਅਹਿਮ ਕੜੀ ਵਜੋਂ ਹੀ ਪਹਿਲੀ ਵਾਰ 31 ਅਕਤੂਬਰ ਦਿਨੇ 1:30 ਵਜੇ ਉਚੇਚੇ ਤੌਰ ’ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਵਿਚਾਰ ਚਰਚਾ ’ਚ ਬਹੁਚਰਚਿਤ ਨਾਮਵਰ ਵਿਦਵਾਨ ਖੋਜੀ ਲੇਖਕ ਤੀਸਤਾ ਸੀਤਲਵਾੜ ਮੁੰਬਈ ਅਤੇ ਵਿਨੀਤ ਤਿਵਾੜੀ ਪੁੱਜ ਰਹੇ ਹਨ। ਇਉਂ ਹੀ ਪਹਿਲੀ ਨਵੰਬਰ ਨੂੰ ਮੇਲੇ ਦਾ ਸਭ ਤੋਂ ਮਹੱਤਵਪੂਰਨ ਸਮਾਂ, ‘ਦੀ ਵਾਇਰ’ ਦੇ ਸੰਪਾਦਕ ਮਾਣਯੋਗ ਸਿਧਾਰਥ ਵਰਧਰਾਜਨ ਦੇ ਭਾਸ਼ਣ ਲਈ ਰਾਖਵਾਂ ਰੱਖਿਆ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਇਸ ਉਚੇਚੇ ਉੱਦਮ ਨੂੰ ਹਰ ਪੱਖੋਂ ਸਫਲ ਕਰਨ ਲਈ ਪ੍ਰਗਤੀਸ਼ੀਲ ਲੇਖਕ ਸੰਘ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਸਾਹਿਤਕ ਸੱਭਿਆਚਾਰਕ ਸੰਸਥਾ (ਫੁਲਕਾਰੀ), ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ ਨੇ ਲੇਖਕਾਂ, ਬੁੱਧੀਜੀਵੀਆਂ, ਸਾਹਿਤਕਾਰਾਂ, ਵਿਦਵਾਨਾਂ, ਕਵੀਆਂ, ਰੰਗਕਰਮੀਆਂ, ਤਰਕਸ਼ੀਲ ਤੇ ਜਮਹੂਰੀ ਕਾਮਿਆਂ ਨੂੰ ਵਿਚਾਰ ਚਰਚਾਵਾਂ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰੋ. ਸੁਰਜੀਤ ਜੱਜ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਡਾ. ਹਰਜਿੰਦਰ ਸਿੰਘ ਅਟਵਾਲ, ਫੁਲਕਾਰੀ ਦੇ ਕਵੀ ਮੱਖਣ ਮਾਨ, ਪਲਸ ਮੰਚ ਦੇ ਜਸਵਿੰਦਰ ਪੱਪੀ, ਜਮਹੂਰੀ ਅਧਿਕਾਰ ਸਭਾ ਦੇ ਡਾ. ਜਗਜੀਤ ਸਿੰਘ ਚੀਮਾ, ਡਾ. ਮੰਗਤ ਰਾਏ, ਤਰਕਸ਼ੀਲ ਸੁਸਾਇਟੀ ਦੇ ਜਸਵਿੰਦਰ ਸਿੰਘ ਫਗਵਾੜਾ ਨੇ ਪ੍ਰੈੱਸ ਬਿਆਨ ’ਚ ਕਿਹਾ ਹੈ ਕਿ ਇਹਨਾਂ ਵਿਦਵਾਨਾਂ ਦੇ ਵਿਚਾਰਾਂ ਨੂੰ ਸੁਣ ਕੇ ਬੋਲਣ ਦੀ ਆਜ਼ਾਦੀ ਅਤੇ ਬੋਲਣ ਤੋਂ ਬਾਅਦ ਦੀ ਆਜ਼ਾਦੀ ਬਾਰੇ ਬਹੁਤ ਹੀ ਸੁਚੇਤ ਹੋਣ ਅਤੇ ਸਮੇਂ ਸਿਰ ਲੋਕ ਆਵਾਜ਼ ਬੁਲੰਦ ਕਰਨ ਦੀ ਮਹੱਤਤਾ ਦਾ ਹੋਰ ਗਹਿਰਾ ਅਹਿਸਾਸ ਹੋਏਗਾ। ਮੇਲੇ ’ਚ ਜਿੱਥੇ ਕੁਇਜ਼, ਪੇਂਟਿੰਗ ਮੁਕਾਬਲੇ, ਕਵੀ ਦਰਬਾਰ, ਫਿਲਮ, ਗੀਤ-ਸੰਗੀਤ ਅਤੇ ਰੰਗਮੰਚ ਦੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੈ, ਉਥੇ ਇਸ ਵਾਰ ਬਹੁਤ ਚੇਤਨ ਪੱਧਰ ’ਤੇ ਬੌਧਿਕ ਚਿੰਤਨ ਵਾਲੇ ਪਾਸੇ ਵਿਸ਼ੇਸ਼ ਧਿਆਨ ਦੇਣ ਦੇ ਉਲੀਕੇ ਕਾਰਜ ਪੱਖੋਂ ਵਿਸ਼ੇਸ਼ ਜ਼ੋਰ ਲਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here