ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐਤਵਾਰ ਕਿਹਾ ਕਿ ਕੈਨੇਡੀਅਨ ਹਾਈ ਕਮਿਸ਼ਨ ਦੇ ਸਟਾਫ ਵੱਲੋਂ ਭਾਰਤੀ ਮਾਮਲਿਆਂ ਵਿਚ ਦਖਲਅੰਦਾਜ਼ੀ ਕਾਰਨ ਕੈਨੇਡਾ ਨੂੰ ਸਟਾਫ ਓਨਾ ਕਰਨ ਲਈ ਕਿਹਾ ਗਿਆ ਜਿੰਨਾ ਭਾਰਤੀ ਹਾਈ ਕਮਿਸ਼ਨ ਦਾ ਕੈਨੇਡਾ ਵਿਚ ਹੈ। ਉਨ੍ਹਾ ਇਹ ਵੀ ਕਿਹਾ ਕਿ ਜੇ ਕੈਨੇਡਾ ਵਿਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ’ਚ ਪ੍ਰਗਤੀ ਨਜ਼ਰ ਆਈ ਤਾਂ ਕੈਨੇਡੀਅਨਾਂ ਨੂੰ ਵੀਜ਼ੇ ਦੇਣੇ ਮੁੜ ਸ਼ੁਰੂ ਕੀਤੇ ਜਾ ਸਕਦੇ ਹਨ। ਇੱਥੇ ਇਕ ਪ੍ਰੋਗਰਾਮ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਸੰਬੰਧ ਮੁਸ਼ਕਲ ਦੌਰ ਵਿਚ ਹਨ। ਭਾਰਤ ਨੂੰ ਉਥੇ ਹੁੰਦੀ ਸਿਆਸਤ ਬਾਰੇ ਸਮੱਸਿਆਵਾਂ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵੱਲੋਂ ਉਥੇ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਇਸ਼ਾਰਾ ਕਰਨ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ ਵਿਚ ਕੜਵਾਹਟ ਚੱਲੀ ਆ ਰਹੀ ਹੈ। ਟਰੂਡੋ ਦੇ ਦੋਸ਼ਾਂ ਦੇ ਬਾਅਦ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਸਨ ਤੇ ਹਾਈ ਕਮਿਸ਼ਨ ਵਿਚ ਸਟਾਫ ਘਟਾਉਣ ਲਈ ਕਿਹਾ ਸੀ। ਪਿਛਲੇ ਦਿਨੀਂ ਕੈਨੇਡਾ ਨੇ 41 ਡਿਪਲੋਮੈਟ ਵਾਪਸ ਬੁਲਾ ਲਏ ਸਨ।





