ਇਸਲਾਮਾਬਾਦ : ਪਾਕਿਸਤਾਨ ਦੀ ਵਿਸ਼ੇਸ ਅਦਾਲਤ ਨੇ ਸੋਮਵਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੇਸ਼ ਦੇ ਨਿੱਜਤਾ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ। ਇਮਰਾਨ (71) ਨੂੰ ਪਿਛਲੇ ਸਾਲ ਮਾਰਚ ’ਚ ਵਾਸ਼ਿੰਗਟਨ ’ਚ ਪਾਕਿਸਤਾਨ ਦੇ ਸਫਾਰਤਖਾਨੇ ਵੱਲੋਂ ਭੇਜੇ ਗੁਪਤ ਡਿਪਲੋਮੈਟਿਕ ਸੁਨੇਹੇ (ਸਿਫਰ) ਲੀਕ ਕਰਕੇ ਸਰਕਾਰੀ ਨਿੱਜਤਾ ਕਾਨੂੰਨ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਇਸ ਸਾਲ ਅਗਸਤ ’ਚ ਗਿ੍ਰਫਤਾਰ ਕੀਤਾ ਗਿਆ ਸੀ।
ਇਮਰਾਨ ਦੇ ਨਾਲ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ’ਚ ਵਿਸ਼ੇਸ਼ ਅਦਾਲਤ ਦੇ ਜੱਜ ਅਬੁਲ ਹਸਨਤ ਜ਼ੁਲਕਰਨੈਨ ਨੇ ਕੇਸ ਦੀ ਸੁਣਵਾਈ ਕੀਤੀ। ‘ਜੀਓ ਨਿਊਜ਼’ ਦੀ ਖਬਰ ਮੁਤਾਬਕ ਇਮਰਾਨ ਅਤੇ ਕੁਰੈਸ਼ੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।
ਗ੍ਰੇਟਰ ਨੋਇਡਾ ਦਾ ਬਾਹਲਾ ਮੰਦਾ ਹਾਲ
ਨੋਇਡਾ : ਦਿੱਲੀ ਤੇ ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ’ਚ ਹਵਾ ਖਰਾਬ ਸਥਿਤੀ ’ਤੇ ਪਹੁੰਚ ਗਈ ਹੈ। ਸੋਮਵਾਰ ਗ੍ਰੇਟਰ ਨੋਇਡਾ ਰਾਸ਼ਟਰੀ ਰਾਜਧਾਨੀ ਖੇਤਰ ਦਾ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰ ਰਿਹਾ, ਜਦੋਂ ਕਿ ਦਿੱਲੀ ਦੂਜੇ ਸਥਾਨ ’ਤੇ ਰਹੀ। ਗ੍ਰੇਟਰ ਨੋਇਡਾ ਦਾ ਹਵਾ ਗੁਣਵੱਤਾ ਸੂਚਕ ਅੰਕ 325 ਦਰਜ ਕੀਤਾ ਗਿਆ। ਦਿੱਲੀ ’ਚ ਸੂਚਕ ਅੰਕ 310, ਗਾਜ਼ੀਆਬਾਦ ’ਚ 260 ਅਤੇ ਨੋਇਡਾ ’ਚ 275 ਦਰਜ ਕੀਤਾ ਗਿਆ।





