ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਸਹਾਇਕ ਪ੍ਰੋ. ਬਲਵਿੰਦਰ ਕੌਰ ਨੂੰ ਪਹਿਲਾਂ ਨਿਯੁਕਤ ਕਰਨ ਅਤੇ ਫਿਰ ਹਟਾਉਣ ਕਾਰਨ ਉਸ ਦੀ ਆਤਮਹੱਤਿਆ ਲਈ ਪੰਜਾਬ ਦੇ ਮੰਤਰੀ ਦੇ ਨਾਲ-ਨਾਲ ਅਤੇ ਉਸ ਦੇ ਆਪਣੇ ਪਰਵਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ, ਜਿਸ ਦਾ ਜ਼ਿਕਰ ਬਲਵਿੰਦਰ ਕੌਰ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਕੀਤਾ ਦੱਸਿਆ ਜਾਂਦਾ ਹੈ। ਉਸ ਦੇ ਪਤੀ ਅਤੇ ਸਹੁਰੇ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ, ਪਰ ਮੰਤਰੀ ਅਜੇ ਜਵਾਬਦੇਹੀ ਤੋਂ ਭੱਜ ਰਿਹਾ ਹੈ।
ਸਾਥੀ ਬਰਾੜ ਨੇ ਮੰਗ ਕੀਤੀ ਕਿ ਨਿਯੁਕਤ ਕੀਤੇ ਗਏ ਅਤੇ ਹਟਾਏ ਗਏ ਸਾਰੇ 1158 ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਨਿਯੁਕਤ ਕੀਤਾ ਜਾਵੇ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਤਸੱਲੀ ਕਰਾਈ ਜਾਵੇ ਅਤੇ ਇਸ ਸਾਰੀ ਗੜਬੜਚੌਥ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜ਼ਿਲਾ ਰੋਪੜ ਦੇ ਪਾਰਟੀ ਸਕੱਤਰ ਦੇਵਿੰਦਰ ਨੰਗਲੀ, ਜ਼ਿਲ੍ਹਾ ਆਗੂ ਗੁਰਨਾਮ ਸਿੰਘ ਨੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਟੀਚਰਾਂ ਦੀ ਜੱਦੋ-ਜਹਿਦ ਦੀ ਭਰਪੂਰ ਹਮਾਇਤ ਕੀਤੀ ਅਤੇ ਬਲਵਿੰਦਰ ਕੌਰ ਨੂੰ ਮੁਲਾਜ਼ਮਾਂ ਅਤੇ ਔਰਤਾਂ ਦੀ ਜੱਦੋ-ਜਹਿਦ ਦੀ ਸ਼ਹੀਦ ਆਖਿਆ।