ਜਦੋਂ ਉਤਪਾਦਨ ਦੇ ਸੰਦ ਬਦਲਦੇ ਹਨ ਤਾਂ ਮਨੁੱਖੀ ਸਮਾਜ ਲਈ ਇੱਕ ਨਵਾਂ ਯੁੱਗ ਆਪਣੇ ਦਰ ਖੋਲ੍ਹ ਦਿੰਦਾ ਹੈ। ਬੀਜਿੰਗ ਵਿੱਚ 17-18 ਅਕਤੂਬਰ ਨੂੰ ਬੈੱਲਟ ਐਂਡ ਰੋਡ ਇਨੀਸ਼ੀਏਟਿਵ (ਬੀ ਆਰ ਆਈ) ਦੇ ਤੀਜੇ ਮਹਾਂ-ਸੰਮੇਲਨ ਮੌਕੇ 100 ਤੋਂ ਵੱਧ ਦੇਸ਼ਾਂ ਦੇ ਇੱਕ ਹਜ਼ਾਰ ਦੇ ਕਰੀਬ ਜੁੜੇ ਮਹਾਂਰਥੀਆਂ ਨੇ ਜਿਹੜੇ ਟੀਚੇ ਤੈਅ ਕੀਤੇ ਹਨ, ਉਸ ਨੇ ਇੱਕ ਲੰਮੀ ਛਾਲ ਲਈ ਆਪਣੇ ਕਦਮ ਪੁੱਟ ਲਏ ਹਨ। ਇਸ ਸੰਮੇਲਨ ਨੇ ਦੱਸ ਦਿੱਤਾ ਹੈ ਕਿ ਦਿਮਾਗੀ ਸੰਦਾਂ (ਆਰਟੀਫੀਸ਼ੀਲ ਇੰਟੈਲੀਜੈਂਸ) ਦੇ ਵਿਕਾਸ ਨਾਲ ਚੌਥੇ ਸਨਅਤੀ ਇਨਕਲਾਬ ਦੀ ਸ਼ੁਰੂਆਤ ਹੋ ਚੁੱਕੀ ਹੈ।
ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਤੋਂ ਬਾਅਦ ਅਮਰੀਕਾ ਦੀ ਅਗਵਾਈ ਵਿੱਚ ਪੱਛਮੀ ਸਾਮਰਾਜੀ ਦੇਸ਼ਾਂ ਨੇ ਇਹ ਸਮਝ ਲਿਆ ਸੀ ਕਿ ਹੁਣ ਦੁਨੀਆ ਇੱਕ ਧਰੁਵੀ ਹੋ ਜਾਣ ਬਾਅਦ ਵਿਚਾਰਾਂ ਦੀ ਜੰਗ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਸਾਰੀ ਦੁਨੀਆ ਨੂੰ ਪੱਛਮ ਦੇ ਰੰਗ ਵਿੱਚ ਰੰਗਣ ਲਈ ਤਿੰਨ ਪਾਸੜ ਰਣਨੀਤੀ ਤਿਆਰ ਕੀਤੀ ਗਈ ਸੀ। ਨੰਬਰ ਇੱਕ, ‘ਪਾੜੋ ਤੇ ਰਾਜ ਕਰੋ’ ਤਹਿਤ ਅਮੀਰ ਵਿਕਾਸਸ਼ੀਲ ਦੇਸ਼ਾਂ ਦੇ ਸਰਹੱਦੀ ਝਗੜਿਆਂ ਨੂੰ ਤਿੱਖਾ ਕਰਕੇ ਦੋਹਾਂ ਪਾਸਿਆਂ ਨੂੰ ਹਥਿਆਰ ਵੇਚ ਕੇ ਉਨ੍ਹਾਂ ਦੀ ਆਰਥਿਕਤਾ ਨੂੰ ਕਮਜ਼ੋਰ ਕੀਤਾ ਗਿਆ। ਨਵੇਂ ਝਗੜੇ ਪੈਦਾ ਕਰਨ ਲਈ ਅੱਤਵਾਦੀ ਗਰੁੱਪਾਂ ਨੂੰ ਸਹਾਇਤਾ ਦੇ ਕੇ ਉਤਸ਼ਾਹਤ ਕੀਤਾ ਗਿਆ। ਨੰਬਰ ਦੋ, ਦੁਨੀਆ ਨੂੰ ਪੱਛਮੀ ਸੱਭਿਅਤਾ ਵਿੱਚ ਰੰਗਣ ਲਈ ਦੂਜੀਆਂ ਸਭਿਅਤਾਵਾਂ ਦੇ ਕਾਇਦੇ-ਕਾਨੂੰਨਾਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਨਾਂਅ ਉਤੇ ਕੁਚਲਣ ਦਾ ਰਾਹ ਫੜਿਆ ਗਿਆ। ਇਸ ਦਾ ਪਹਿਲਾ ਸ਼ਿਕਾਰ ਮੱਧ ਏਸ਼ੀਆ ਦੇ ਅਰਬ ਦੇਸ਼ਾਂ ਨੂੰ ਬਣਾਇਆ ਗਿਆ। ਇਰਾਕ ਤੇ ਅਫ਼ਗਾਨਿਸਤਾਨ ਦੀਆਂ ਜੰਗਾਂ ਇਸ ਦਾ ਸਬੂਤ ਹਨ। ਤੀਜੇ ਨੰਬਰ ’ਤੇ ਸੰਸਾਰ ਬੈਂਕ ਰਾਹੀਂ ਵਿਕਾਸ ਦੇ ਨਾਂਅ ’ਤੇ ਵਿਕਾਸਸ਼ੀਲ ਦੇਸ਼ਾਂ ਉੱਤੇ ਅਜਿਹੀਆਂ ਸ਼ਰਤਾਂ ਮੜ੍ਹੀਆਂ ਗਈਆਂ, ਤਾਂ ਜੋ ਉਹ ਬਹੁਕੌਮੀ ਕਾਰਪੋਰੇਸ਼ਨਾਂ ਦੇ ਆਰਥਕ ਗੁਲਾਮ ਬਣ ਜਾਣ।
ਇਸ ਦੌਰਾਨ ਜਦੋਂ ਚੀਨ ਨੇ ਬਹੁਕੌਮੀ ਕਾਰਪੋਰੇਸ਼ਨਾਂ ਲਈ ਆਪਣੇ ਦਰਵਾਜੇ ਖੋਲ੍ਹੇ ਤਾਂ ਪੱਛਮੀ ਦੇਸ਼ਾਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ। ਜਦੋਂ ਚੀਨ ਆਪਣੇ ਨਿਵੇਕਲੇ ਵਿਕਾਸ ਮਾਡਲ ਰਾਹੀਂ ਇੱਕ ਵੱਡੀ ਆਰਥਕ ਤਾਕਤ ਬਣ ਗਿਆ ਤਾਂ ਪੱਛਮੀ ਦੇਸ਼ਾਂ ਦੀ ਨੀਂਦ ਖੁੱਲ੍ਹੀ ਕਿ ਚੀਨ ਤਾਂ ਸਾਰੀਆਂ ਕਾਮਯਾਬੀਆਂ ਆਪਣੇ ਨਵੇਂ ਸਮਾਜਵਾਦੀ ਮਾਡਲ ਨੂੰ ਕਾਇਮ ਰੱਖਦਿਆਂ ਕਰ ਰਿਹਾ ਹੈ। ਅਸਲ ਵਿੱਚ ਚੀਨ ਡੇਂਗ ਜ਼ਿਆਓ ਪਿੰਗ ਦੇ ਇਸ ਮੰਤਰ ‘ਆਪਣੀ ਤਾਕਤ ਛਿਪਾਓ, ਸਮਾਂ ਬਰਬਾਦ ਨਾ ਕਰੋ’ ਅਧੀਨ ਆਪਣੇ ਵਿਕਾਸ ਮਾਡਲ ਨੂੰ ਪਰਦੇ ਹੇਠ ਰੱਖਣ ਦੀ ਨੀਤੀ ਉੱਤੇ ਚੱਲ ਰਿਹਾ ਸੀ।
ਅੱਜ ਚੀਨ ਖੁੱਲ੍ਹੇ ਤੌਰ ਉੱਤੇ ਪੱਛਮੀ ਵਿਕਾਸ ਮਾਡਲ ਤੇ ਆਪਣੇ ਮਾਡਲ ਵਿੱਚ ਫ਼ਰਕ ਨੂੰ ਪ੍ਰਚਾਰ ਰਿਹਾ ਹੈ। ਇਸ ਨੇ ਉਸ ਵਿਚਾਰਧਾਰਕ ਸੰਘਰਸ਼ ਨੂੰ ਮੁੜ ਸਾਹਮਣੇ ਲੈ ਆਂਦਾ ਹੈ, ਜੋ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਅਲੋਪ ਹੋ ਗਿਆ ਸੀ। ਚਾਲੂ ਸਦੀ ਦੇ ਦੂਜੇ ਦਹਾਕੇ ਦੇ ਸ਼ੁਰੂ ਵਿੱਚ ਚੀਨੀ ਵਿਵਸਥਾ ਪੱਛਮ ਦੀਆਂ ਨਵੀਂਆਂ ਉਦਾਰਵਾਦੀ ਨੀਤੀਆਂ ਲਈ ਮੁੱਖ ਚੁਣੌਤੀ ਬਣ ਗਈ ਸੀ। ਇਸ ਕਾਰਨ ਪੱਛਮ ਨੇ ਅਰਬ ਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਹਊਏ ਨੂੰ ਚੀਨ ਵਿਰੁੱਧ ਬਦਲ ਦਿੱਤਾ ਸੀ। ਕੋਵਿਡ ਮਹਾਂਮਾਰੀ ਨੂੰ ਵੀ ਚੀਨ ਮੱਥੇ ਮੜ੍ਹਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ।
ਉਪਰੋਕਤ ਸੰਦਰਭ ਵਿੱਚ ਅਸੀਂ ‘ਬੈੱਲਟ ਐਂਡ ਰੋਡ ਪਹਿਲ’ ਦੀ ਗੱਲ ਕਰਦੇ ਹਾਂ। ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ 2013 ਵਿੱਚ ਇਸ ਪਹਿਲ ਦਾ ਐਲਾਨ ਕੀਤਾ ਸੀ। 2017 ਵਿੱਚ ਇਸ ਨੂੰ ਚੀਨ ਦੇ ਸੰਵਿਧਾਨ ਵਿੱਚ ਦਰਜ ਕੀਤਾ ਗਿਆ। ਬੀ ਆਰ ਆਈ ਦਾ ਪਹਿਲਾਂ ਫੋਰਮ 2017 ਤੇ ਦੂਜਾ 2019 ਵਿੱਚ ਹੋਇਆ। ਇਸ ਤੋਂ ਬਾਅਦ ਇਸ ਨੂੰ ਵਿਸਥਾਰ ਦਿੱਤਾ ਗਿਆ। ਪੱਛਮੀ ਦੇਸ਼ਾਂ ਦੀ ਤਿੰਨ ਪਾਸੜ ਰਣਨੀਤੀ ਦੇ ਜਵਾਬ ਵਿੱਚ ਤਿੰਨ ਹੋਰ ‘ਪਹਿਲਾਂ’ ਇਸ ਨਾਲ ਜੋੜੀਆਂ ਗਈਆਂ। ਗਲੋਬਲ ਡਿਵੈੱਲਪਮੈਂਟ ਪਹਿਲ ਰਾਹੀਂ ਗਰੀਬੀ ਦਾ ਖਾਤਮਾ, ਖੁਰਾਕ ਸੁਰੱਖਿਆ, ਜਲਵਾਯੂ ਸੁਰੱਖਿਆ ਤੇ ਸਨਅਤੀਕਰਨ ਦੇ ਨਿਸ਼ਾਨੇ ਮਿਥੇ ਗਏ। ਗਲੋਬਲ ਸਕਿਉਰਿਟੀ ਪਹਿਲ ਰਾਹੀਂ ਸਾਂਝੀ ਸੁਰੱਖਿਆ, ਸਭ ਦੇਸ਼ਾਂ ਦੀ ਖੁਦਮੁਖਤਿਆਰੀ, ਵਿਵਾਦ ਦਾ ਗੱਲਬਾਤ ਰਾਹੀਂ ਹੱਲ ਤੇ ਵਿਸ਼ਵ ਅਮਨ ਲਈ ਕੰਮ ਕਰਨ ਦਾ ਸੰਕਲਪ ਲਿਆ ਗਿਆ। ਗਲੋਬਲ ਸਭਿਅਤਾ ਪਹਿਲ ਰਾਹੀਂ ਸਭ ਸਭਿਅਤਾਵਾਂ ਦਾ ਸਨਮਾਨ, ਸਭ ਦੇਸ਼ਾਂ ਦੀਆਂ ਇਤਿਹਾਸਕ ਤੇ ਸਭਿਆਚਾਰਕ ਕਦਰਾਂ ਦਾ ਸਨਮਾਨ ਤੇ ਸੰਸ�ਿਤਕ ਆਦਾਨ-ਪ੍ਰਦਾਨ ਨੂੰ ਇਸ ਦਾ ਹਿੱਸਾ ਬਣਾਇਆ ਗਿਆ।
ਹੁਣ ਹੋਏ ‘ਬੈੱਲਟ ਐਂਡ ਰੋਡ’ ਮਹਾਂਸੰਮੇਲਨ ਵਿੱਚ ਉਪਰੋਕਤ ਸਭ ਟੀਚਿਆਂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਇਸ ਮੌਕੇ ਚੀਨ ਦੇ ਰਾਸ਼ਟਰਪਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸੁਨਹਿਰੀ ਦਹਾਕੇ ਦੌਰਾਨ ਬੀ ਆਰ ਆਈ ਇੱਕ ਨਵੀਂ ਪੁਲਾਂਘ ਪੁੱਟੇਗਾ। ਉਨ੍ਹਾ ਕਿਹਾ ਕਿ ਭਾਵੇਂ ਇਹ ਯੋਜਨਾ ਚੀਨ ਨੇ ਸ਼ੁਰੂ ਕੀਤੀ ਹੈ, ਪਰ ਹੁਣ ਇਹ ਪੂਰੀ ਦੁਨੀਆ ਦੀ ਆਪਣੀ ਯੋਜਨਾ ਹੈ। ਬੀ ਆਰ ਆਈ ਨੇ ਬੀਤੇ ਦਸ ਸਾਲਾਂ ਦੌਰਾਨ ਵਿਕਾਸ ਦਾ ਇੱਕ ਨਵਾਂ ਨਜ਼ਰੀਆ ਪੇਸ਼ ਕੀਤਾ ਹੈ। ਇਸ ਨਾਲ ਏਸ਼ੀਆ, ਅਫ਼ਰੀਕਾ, ਲਾਤੀਨੀ ਅਮਰੀਕਾ ਤੇ ਕੁਝ ਯੂਰਪੀ ਦੇਸ਼ਾਂ ਅੰਦਰ ਵੀ ਚੀਨ ਦਾ ਪ੍ਰਭਾਵ ਵਧਿਆ ਹੈ। ਇਸ ਯੋਜਨਾ ਅਧੀਨ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੇ ਬੁਨਿਆਦੀ ਢਾਂਚੇ ਉਸਾਰੇ ਜਾ ਚੁੱਕੇ ਹਨ। ਇਸ ਮਹਾਂਸੰਮੇਲਨ ਦੌਰਾਨ ਜਿਸ ਗੱਲ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ, ਉਹ ਹੈ ਵਿਕਾਸ਼ਸੀਲ ਦੇਸ਼ਾਂ ਲਈ ਆਰਟੀਫੀਸ਼ੀਲ ਇੰਟੈਲੀਜੈਂਸ ਨੂੰ ਸਾਂਝਾ ਕਰਨ ਦਾ ਫੈਸਲਾ। ਚੀਨ ਨੇ ਕਿਹਾ ਹੈ ਕਿ ਉਹ ਇਸ ਨਵੀਂ ਵਿਕਸਤ ਹੋ ਰਹੀ ਤਕਨੀਕ ਦੇ ਸੰਚਾਲਨ ਦਾ ਇੱਕ ਖੁੱਲ੍ਹਾ ਤੇ ਨਿਆਂ ਅਧਾਰਤ ਤਰੀਕਾ ਪੇਸ਼ ਕਰੇਗਾ। ਇਸ ਨੂੰ ਇਸ ਲਈ ਅਹਿਮ ਸਮਝਿਆ ਜਾਂਦਾ ਹੈ, ਕਿਉਂਕਿ ਇਸ ਨਵੀਂ ਤਕਨੀਕ ਨੇ ਹੀ ਚੌਥੀ ਸਨਅਤੀ ਕਰਾਂਤੀ ਦਾ ਜ਼ਰੀਆ ਬਣਨਾ ਹੈ। ਇਸ ਤਕਨੀਕ ਵਿੱਚ ਚੀਨ ਅਮਰੀਕਾ ਤੋਂ ਅੱਗੇ ਲੰਘ ਚੁੱਕਾ ਹੈ। ਇਸ ਮਹਾਂਸੰਮੇਲਨ ਦੌਰਾਨ ਜਿਹੜੇ ਅੱਠ ਕਦਮਾਂ ਦਾ ਐਲਾਨ ਕੀਤਾ ਗਿਆ, ਉਹ ਇਸ ਤਰ੍ਹਾਂ ਹਨ: 1. ਬਹੁਮੁਖੀ ਸੰਪਰਕ ਨੈੱਟਵਰਕ ਦੀ ਉਸਾਰੀ, 2. ਮੁਕਤ ਵਿਸ਼ਵ ਵਪਾਰ ਵਿਵਸਥਾ ਵੱਲ ਕਦਮ, 3. ਉੱਚ ਗੁਣਵਤਾ ਵਾਲੇ ਬੈੱਲਟ ਐਂਡ ਰੋਡ ਦਾ ਨਿਰਮਾਣ, 4. ਗਰੀਨ ਵਿਕਾਸ, 5. ਉਨਤ ਵਿਗਿਆਨਕ ਤੇ ਤਕਨੀਕੀ ਖੋਜਾਂ, 6. ਜਨਤਾ ਪੱਧਰੀ ਅਦਾਨ-ਪ੍ਰਦਾਨ, 7 ਭਰੋਸੇਮੰਦ ਸਹਿਯੋਗ ਤੇ 8. ਅੰਤਰਰਾਸ਼ਟਰੀ ਬੈੱਲਟ ਐਂਡ ਰੋਡ ਲਈ ਸੰਸਥਾਵਾਂ ਦੀ ਨਿਯੁਕਤੀ। ਇਹ ਨਿਸ਼ਾਨਾ ਤੈਅ ਕੀਤਾ ਗਿਆ ਕਿ ਬੀ ਆਰ ਆਈ ਨਾਲ ਸੰਬੰਧਤ ਦੇਸ਼ਾਂ ਦਰਮਿਆਨ ਵਸਤੂ ਵਪਾਰ 2024-28 ਦੌਰਾਨ 320 ਖਰਬ ਡਾਲਰ ਤੇ ਸੇਵਾਵਾਂ ਦਾ ਵਪਾਰ 50 ਖਰਬ ਡਾਲਰ ਤੱਕ ਪਹੁੰਚਾਇਆ ਜਾਵੇਗਾ।
ਇਸ ਯੋਜਨਾ ਨੇ ਪਿਛਲੇ 400 ਸਾਲਾਂ ਤੋਂ ਦੁਨੀਆ ਨੂੰ ਲੁੱਟ ਰਹੇ ਪੱਛਮੀ ਦੇਸ਼ਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਪਹਿਲਾਂ ਤਾਂ ਉਨ੍ਹਾਂ ਇਸ ਨੂੰ ਸ਼ੀ ਜਿੰਨਪਿੰਗ ਦੀ ਖਾਮਖਿਆਲੀ ਕਹਿ ਕਿ ਇਸ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇੱਕ ਹੀ ਦਹਾਕੇ ਵਿੱਚ ਇਸ ਯੋਜਨਾ ਨਾਲ 155 ਦੇਸ਼ ਜੁੜ ਜਾਣਗੇ। ਫਿਰ ਉਨ੍ਹਾਂ ਦਾ ਸਾਰਾ ਜ਼ੋਰ ਇਸ ਨੂੰ ਬਦਨਾਮ ਕਰਨ ’ਤੇ ਲੱਗਾ ਰਿਹਾ। ਇਸ ਦੇ ਬਾਵਜੂਦ ਹਾਲੇ ਤੱਕ ਇੱਕ ਵੀ ਦੇਸ਼ ਇਸ ਯੋਜਨਾ ਤੋਂ ਬਾਹਰ ਨਹੀਂ ਹੋਇਆ। ਹੁਣ ਪੱਛਮ ਨੇ ਇਸ ਯੋਜਨਾ ਦੇ ਮੁਕਾਬਲੇ ਆਪਣੀਆਂ ਬਦਲਵੀਂਆਂ ਯੋਜਨਾਵਾਂ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਅਮਰੀਕੀ ਰਾਸ਼ਟਰਪਤੀ ਨੇ 2021 ਵਿੱਚ ‘ਗਲੋਬਲ ਪਾਰਟਨਰਸ਼ਿਪ ਆਫ਼ ਇਨਫਰਾਸਟਰੱਕਚਰ ਐਂਡ ਇਨਵੈੱਸਟਮੈਂਟ’ ਦਾ ਐਲਾਨ ਕੀਤਾ। ਇਸ ਉਪਰੰਤ ਇੰਡੋ-ਪੈਸੇਫਿਕ ਇਕਨਾਮਿਕਸ ਫਰੇਮਵਰਕ ਦਾ ਐਲਾਨ ਕੀਤਾ ਗਿਆ। ਜੀ-20 ਸਿਖ਼ਰ ਸੰਮੇਲਨ ਦੌਰਾਨ ਅਮਰੀਕਾ ਦੀ ਪਹਿਲ ’ਤੇ ਇੰਡੀਆ-ਮਿਡਲ ਈਸਟ-ਯੂਰਪ ਇਕਨਾਮਿਕ ਕਾਰੀਡੋਰ ਦੇ ਨਿਰਮਾਣ ਦਾ ਐਲਾਨ ਹੋਇਆ। ਅਸਲੀਅਤ ਇਹ ਹੈ ਕਿ ਹਾਲੇ ਤੱਕ ਇਨ੍ਹਾਂ ਯੋਜਨਾਵਾਂ ਵਿੱਚੋਂ ਕੋਈ ਵੀ ਧਰਾਤਲ ਉੱਤੇ ਨਹੀਂ ਉੱਤਰ ਸਕੀ।
-ਚੰਦ ਫਤਿਹਪੁਰੀ