ਬਰਨਾਲਾ : ਧਨੌਲਾ ਲਾਗੇ ਹਰੀਗੜ੍ਹ ਪੁਲ ਕੋਲ ਅਣਪਛਾਤਿਆਂ ਨੇ ਸੰਗਰੂਰ ਦੇ ਵਪਾਰੀ ਅਤੇ ਉਸ ਦੇ ਡਰਾਈਵਰ ਨੂੰ ਕਾਰ ਸਣੇ ਅਗਵਾ ਕਰ ਲਿਆ ਅਤੇ ਕਈ ਘੰਟੇ ਪਿੰਡਾਂ ਦੇ ਕੱਚੇ ਰਾਹਾਂ ’ਤੇ ਘੁੰਮਾਉਣ ਪਿੱਛੋਂ ਫਿਰੌਤੀ ਵਜੋਂ 7 ਲੱਖ ਰੁਪਏ ਲੈ ਕੇ ਫਰਾਰ ਹੋ ਗਏ।
ਵਿਕਰਮ ਗਰਗ ਨੇ ਪੁਲਸ ਨੂੰ ਦੱਸਿਆ ਕਿ ਉਹ ਮਾਨਸਾ ਰੋਡ ਬਠਿੰਡਾ ਤੋਂ ਆਪਣੀ ਬੁਲੇਟ ਮੋਟਰਸਾਈਕਲ ਦੀ ਏਜੰਸੀ ਦਾ ਕੰਮ ਨਬੇੜ ਕੇ ਵਾਪਸ ਸੰਗਰੂਰ ਆਪਣੇ ਘਰ ਇਨੋਵਾ ’ਤੇ ਜਾ ਰਹੇ ਸਨ। ਇਨੋਵਾ ਨੂੰ ਡਰਾਈਵਰ ਬਡਰੁੱਖਾਂ ਵਾਸੀ ਬਲਜੀਤ ਸਿੰਘ ਚਲਾ ਰਿਹਾ ਸੀ। ਜਦੋਂ ਉਹ ਹਰੀਗੜ੍ਹ ਪੁਲ ਲਾਗੇ ਪੁੱਜੇ ਤਾਂ ਕੁਝ ਵਿਅਕਤੀਆਂ ਨੇ ਗੱਡੀ ਮੂਹਰੇ ਆਪਣੀ ਗੱਡੀ ਲਾ ਕੇ ਘੇਰ ਲਿਆ ਅਤੇ ਡਰਾਈਵਰ ਨੂੰ ਧੱਕਾ ਦੇ ਕੇ ਡਰਾਈਵਰ ਸੀਟ ’ਤੇ ਕਬਜ਼ਾ ਕਰ ਲਿਆ। ਦੋ ਵਿਅਕਤੀ ਪਿਛਲੀ ਸੀਟ ’ਤੇ ਉਸ ਦੇ ਆਲੇ-ਦੁਆਲੇ ਆ ਕੇ ਬੈਠ ਗਏ।
ਗਰਗ ਨੇ ਦੱਸਿਆਨਕਾਬਪੋਸ਼ ਅਗਵਾਕਾਰਾਂ ਨੇ ਗੱਡੀ ’ਚ ਬੈਠਦਿਆਂ ਹੀ ਮੇਰੀ ਅਤੇ ਡਰਾਈਵਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕਰੀਬ ਡੇਢ ਤੋਂ ਦੋ ਘੰਟੇ ਤੱਕ ਪਿੰਡਾਂ ਦੇ ਕੱਚੇ ਰਾਹਾਂ ’ਤੇ ਘੁੰਮਾਉਂਦੇ ਰਹੇ। ਅਗਵਾਕਾਰਾਂ ਨੇ ਧੱਕੇ ਨਾਲ ਮੇਰੀ ਮਾਤਾ ਦੇ ਐਕਸੀਡੈਂਟ ਦਾ ਬਹਾਨਾ ਕਰਕੇ 7 ਲੱਖ ਰੁਪਏ ਲਿਆਉਣ ਲਈ ਕਿਹਾ। ਮੇਰੇ ਡਰਾਈਵਰ ਬਲਜੀਤ ਸਿੰਘ ਨਾਲ ਕਿਸੇ ਵਿਅਕਤੀ ਨੂੰ 7 ਲੱਖ ਰੁਪਏ ਲਿਆਉਣ ਲਈ ਮੇਰੇ ਘਰ ਸੰਗਰੂਰ ਵਿਖੇ ਭੇਜਿਆ ਗਿਆ। ਡਰਾਈਵਰ ਨਾਲ ਫਿਰੌਤੀ ਦੀ ਰਕਮ ਲੈਣ ਗਿਆ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੇਰਾ ਡਰਾਈਵਰ 7 ਲੱਖ ਰੁਪਏ ਲੈ ਕੇ ਮੋਟਰਸਾਈਕਲ ਰਾਹੀ ਬਡਰੁੱਖਾਂ ਪੁੱਜਾ, ਜਿੱਥੇ ਅਣਪਛਾਤੇ ਵਿਅਕਤੀਆਂ ਨੇ ਮੇਰਾ ਅਤੇ ਡਰਾਈਵਰ ਬਲਜੀਤ ਸਿੰਘ ਦਾ ਫੋਨ ਖੋਹ ਲਿਆ ਅਤੇ 7 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਥਾਣਾ ਧਨੌਲਾ ਇੰਚਾਰਜ ਲਖਵਿੰਦਰ ਸਿੰਘ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ ਐੱਸ ਪੀ ਬਰਨਾਲਾ ਸੰਦੀਪ ਮਲਿਕ ਨੇ ਕਿਹਾ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਵਿਸ਼ੇਸ਼ ਟੀਮਾਂ ਬਣਾ ਦਿੱਤੀਆਂ ਗਈਆਂ ਹਨ।