ਸੁਰਜਨ ਸਿੰਘ ਜ਼ੀਰਵੀ ਦੇ ਚਲੇ ਜਾਣ ਨਾਲ ਪੱਤਰਕਾਰੀ ਦਾ ਇੱਕ ਯੁੱਗ ਬੀਤ ਗਿਆ ਹੈ। ਲੋਕ ਪੱਖੀ, ਪ੍ਰਤੀਬੱਧ ਪੱਤਰਕਾਰਤਾ ਦੀਆਂ ਜਿਹੜੀਆਂ ਪੈੜਾਂ ਜ਼ੀਰਵੀ-ਯੁੱਗ ਦੀ ਪੱਤਰਕਾਰੀ ਨੇ ਪਾਈਆਂ ਹਨ, ਵਰਤਮਾਨ ਸਮਿਆਂ ਵਿੱਚ ਉਸ ਦੀ ਮਿਸਾਲ ਬਹੁਤ ਵਿਰਲੀ ਹੈ। ਮਿਆਰੀ ਅਤੇ ਪ੍ਰਤੀਬੱਧ ਪੱਤਰਕਾਰੀ ਗੋਦੀ ਮੀਡੀਆ ਦੇ ਜ਼ਮਾਨੇ ਤੱਕ ਪਹੁੰਚਦੀ ਹੋਈ, ਆਪਣਾ ਉਹ ਵਕਾਰ ਗੁਆ ਚੁੱਕੀ ਹੈ, ਜਿਸ ਦਾ ਮੁੱਢ ਅਰਜਨ ਸਿੰਘ ਗੜਗੱਜ, ਸੋਹਣ ਸਿੰਘ ਜੋਸ਼, ਜਗਜੀਤ ਸਿੰਘ ਆਨੰਦ ਅਤੇ ਸੁਰਜਨ ਜ਼ੀਰਵੀ ਵਰਗੇ ਦਿਗਜ਼ਾਂ ਨੇ ਬੰਨ੍ਹਿਆ ਸੀ।
1952 ਤੋਂ ਉਰਦੂ ਵਿੱਚ ਸ਼ੁਰੂ ਹੋਇਆ ‘ਨਯਾ ਜ਼ਮਾਨਾ’ ਜਦੋਂ ਦੋ ਕੁ ਸਾਲਾਂ ਵਿੱਚ ਹੀ ‘ਨਵਾਂ ਜ਼ਮਾਨਾ’ ਬਣ ਕੇ ਪੰਜਾਬੀ ਵਿੱਚ ਛਪਣਾ ਸ਼ੁਰੂ ਹੋਇਆ ਤਾਂ ਸਿਵਲ ਸਪਲਾਈ ਵਿਭਾਗ ਦੀ ਨੌਕਰੀ ਛੱਡ ਕੇ ਸੁਰਜਨ ਜ਼ੀਰਵੀ ਵੀ ਇਸ ਦਾ ਅੰਗ ਬਣ ਚੁੱਕਿਆ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਉਨ੍ਹਾਂ ਕੁਲਵਕਤੀ ਕਾਰਕੁਨਾਂ ਵਿੱਚੋਂ ਸੀ, ਜਿਨ੍ਹਾਂ ਵਿੱਚ ਸਾਹਿਤ ਅਤੇ ਪੱਤਰਕਾਰੀ ਰਾਹੀਂ ਸਮਾਜ ਦੀ ਸੇਵਾ ਕਰਨ ਦਾ ਜਨੂੰਨ ਵੀ ਸੀ।
ਲੱਗਭੱਗ ਚਾਲੀ ਸਾਲਾਂ ਤੱਕ ਨਵਾਂ ਜ਼ਮਾਨਾ ਦੇ ਖ਼ਬਰਾਂ ਵਾਲੇ ਮੇਜ਼ ਦੀ ਸਰਵਉੱਚ ਕੁਰਸੀ ਉਤੇ ਬਿਰਾਜਮਾਨ ਰਿਹਾ ਸੁਰਜਨ ਜ਼ੀਰਵੀ, ਪੰਜਾਬੀ ਦੀ ਲੋਕ ਪੱਖੀ ਪੱਤਰਕਾਰੀ ਦੀ ਉੱਘੜਵੀਂ ਪਛਾਣ ਸੀ। ਸਮੇਂ-ਸਮੇਂ ’ਤੇ ਇਸ ਮੇਜ਼ ’ਤੇ ਆਉਣ ਵਾਲੇ ਪੱਤਰਕਾਰ, ਪੱਤਰਕਾਰੀ ਦੇ ਨਿਪੁੰਨ ਖਿਡਾਰੀ ਬਣ-ਬਣ ਦੇਸ਼ ਭਰ ਵਿੱਚ ਫੈਲਦੇ ਰਹੇ ਹਨ। ਉੱਤਰੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਛਪਣ ਵਾਲੀਆਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੀਆਂ ਅਖ਼ਬਾਰਾਂ ਵਿੱਚੋਂ ਕੋਈ ਵਿਰਲੀ ਹੀ ਹੋਵੇਗੀ, ਜਿਸ ਦੇ ਕਰਮੀਆਂ ਵਿੱਚ ਜ਼ੀਰਵੀ ਸਾਹਿਬ ਦਾ ਕੋਈ ਸ਼ਾਗਿਰਦ ਸ਼ਾਮਲ ਨਾ ਹੋਵੇ। ਮੈਨੂੰ 26 ਸਤੰਬਰ 1976 ਤੋਂ ਤੀਹ ਅਪ੍ਰੈਲ 1984 ਤੱਕ ਸਾਢੇ ਸੱਤ ਸਾਲ ਜ਼ੀਰਵੀ ਸਾਹਿਬ ਦੇ ਸਾਹਮਣੇ ਬੈਠ ਕੇ ਖ਼ਬਰਾਂ ਬਣਾਉਣ ਦਾ ਤਜਰਬਾ ਹਾਸਲ ਹੋਇਆ। ਉਹ ਬੇਹੱਦ ਸਹਿਜ ਨਾਲ ਵਿਚਰਦੇ ਹੋਏ, ਹਾਸਾ-ਮਖੌਲ ਕਰਦੇ ਹੋਏ, ਸਾਹਮਣੇ ਵਾਲਿਆਂ ਨੂੰ ਪੱਤਰਕਾਰੀ ਦੇ ਉਹ ਨੁਕਤੇ ਸਮਝਾ ਦਿੰਦੇ ਸਨ, ਜੋ ਕਿਸੇ ਨਿਯਮਤ ਪਾਠਸ਼ਾਲਾ ਵਿੱਚੋਂ ਕਦੇ ਵੀ ਸਮਝ ਸਕਣੇ ਮੁਸ਼ਕਲ ਹਨ। ਟੈਲੀਪਿ੍ਰੰਟਰ ਦੀ ਟਿਕ ਟਿਕ ਵਿੱਚੋਂ ਨਿਕਲ ਕੇ, ਟੇਬਲ ਤੱਕ ਪਹੁੰਚਣ ਵਾਲੇ ਏਜੰਸੀ ਸਲੱਗ, ਪਲਾਂ ਵਿੱਚ ਹੀ ਅਨੁਵਾਦ ਹੋ ਕੇ, ਸਹਿਜ ਰੂਪ ਵਿੱਚ ਹੀ ਸਿੱਕੇ ਦੇ ਅੱਖਰਾਂ ਵਿੱਚ ਬੱਝ ਕੇ, ਦਿਨ ਚੜ੍ਹਦੇ ਨੂੰ ਇਨਕਲਾਬੀ ਪੱਤਰਕਾਰੀ ਦੇ ਵਾਹਕ ਬਣ ਕੇ, ਸਮਾਜ ਦੀ ਸੋਚ ਬਦਲਣ ਦੇ ਕਾਰਜ ਵਿੱਚ ਕਿਵੇਂ ਜੁਟ ਜਾਂਦੇ ਸਨ, ਇਸ ਦਾ ਅਹਿਸਾਸ ਹੀ ਨਾ ਹੁੰਦਾ।
ਸੁਰਜਨ ਜ਼ੀਰਵੀ ਦਾ ਜਨਮ ਮਾਲਵੇ ਦੇ ਮਸ਼ਹੂਰ ਕਸਬੇ ਜ਼ੀਰਾ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਬਲਵੰਤ ਸਿੰਘ ਠੇਕੇਦਾਰ ਦੇ ਘਰ ਇੱਕ ਦਸੰਬਰ 1929 ਨੂੰ ਹੋਇਆ। ਉਹ ਆਪਣੇ ਦੋ ਭਰਾਵਾਂ ਅਤੇ ਚਾਰ ਭੈਣਾਂ ਵਿੱਚੋਂ ਸਭ ਤੋਂ ਵੱਡੇ ਸਨ। ਬਾਈ ਮਾਰਚ 1960 ਨੂੰ ਇਨ੍ਹਾਂ ਦਾ ਵਿਆਹ ਡਾਕਟਰ ਜਸਵੰਤ ਸਿੰਘ ਨੇਕੀ ਦੀ ਭੈਣ ਅੰਮਿ੍ਰਤ ਕੌਰ ਨਾਲ ਹੋਇਆ। ਜ਼ੀਰਵੀ ਸਾਹਿਬ 1990 ਵਿੱਚ ਕੈਨੇਡਾ ਚਲੇ ਗਏ ਸਨ। ਅੰਮਿ੍ਰਤ ਜ਼ੀਰਵੀ, ਬੇਟੀ ਸੀਰਤ ਅਤੇ ਦਾਮਾਦ ਨਵਤੇਜ ਸਿੰਘ ਵੀ ਕੈਨੇਡਾ ਉਨ੍ਹਾਂ ਦੇ ਅੰਗ-ਸੰਗ ਹੀ ਰਹਿੰਦੇ ਸਨ। ਕੈਨੇਡਾ ਜਾ ਕੇ ਵੀ ਉਨ੍ਹਾਂ ਨੇ ਲੋਕ-ਪੱਖੀ ਰਚਨਾਕਾਰੀ ਦਾ ਕਾਰਜ ਬਾਦਸਤੂਰ ਜਾਰੀ ਰੱਖਿਆ। ਸਾਮਰਾਜੀ ਅਲਾਮਤਾਂ ਅਤੇ ਕਾਰਪੋਰੇਟ ਸੈਕਟਰ ਦੀਆਂ ਲੋਕ ਵਿਰੋਧੀ ਕਾਰਸ਼ਤਾਨੀਆਂ ’ਤੇ ਉਨ੍ਹਾਂ ਵੱਲੋਂ ਲਿਖੀ ਗਈ ਵਾਰਤਕ ਰਚਨਾ-‘ਇਹ ਹੈ ਬਾਰ ਬੀ ਸੰਸਾਰ’ ਬੇਹੱਦ ਮਕਬੂਲ ਹੋਈ। ਅਜਿਹੇ ਹੀ ਵਿਸ਼ੇ ਉੱਤੇ ਉਨ੍ਹਾਂ ਦੀ ਇੱਕ ਹੋਰ ਪੁਸਤਕ ‘ਆਓ ਸੱਚ ਜਾਣੀਏ’ ਨੂੰ ਵੀ ਭਰਪੂਰ ਹੰੁਗਾਰਾ ਮਿਲਿਆ। ਉਨ੍ਹਾ ਵੱਲੋਂ ਵੱਖ-ਵੱਖ ਅਖਬਾਰਾਂ ਅਤੇ ਕੈਨੇਡਾ ਦੇ ਮੀਡੀਆ ਵਿੱਚ ਲਿਖੇ ਗਏ ਲੇਖਾਂ ਵਿੱਚ ‘ਕਾਰਲ ਮਾਰਕਸ ਇੱਕ ਅਦਭੁੱਤ ਗਾਥਾ’ ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਅਨੁਵਾਦ, ‘ਜਮਹੂਰੀਅਤ, ਕੁਝ ਪ੍ਰਸ਼ਨ’, ਖ਼ੂਬਸੂਰਤੀ ਦੇ ਮਖੌਟੇ ਪਿੱਛੇ ਲੁਕੀ ਦਰਿੰਦਗੀ’, ‘ਦੋ ਗੱਲਾਂ ਮੇਰੀ ਪੱਤਰਕਾਰੀ ਦੇ ਰੰਗ ਬਾਰੇ’, ‘ਸਾਡਾ ਦੇਸ਼ ਬਿਮਾਰ ਹੈ’ ਆਦਿ ਸ਼ਾਮਲ ਹਨ। ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਉਨ੍ਹਾਂ ਦੀ ਮੁਹਾਰਤ ਚਮਤਕਾਰੀ ਸੀ-ਉਹ ਸਰਸਰੀ ਨਜ਼ਰ ਨਾਲ ਸਫ਼ਾ ਪੜ੍ਹਦੇ ਅਤੇ ਮੁੜ ਕੇ ਬਿਨਾਂ ਵੇਖੇ ਆਪਣੇ ਸ਼ਬਦਾਂ ਵਿੱਚ ਲਿਖ ਦੇਂਦੇ। ਏਜੰਸੀ ਤੋਂ ਆਈ ਖ਼ਬਰ ਨੂੰ ਜਦੋਂ ਅਸੀਂ ਦੂਸਰੀਆਂ ਅਖ਼ਬਾਰਾਂ ਨਾਲ ਦੂਸਰੇ ਦਿਨ ਮੇਚ ਕੇ ਵੇਖਦੇ ਤਾਂ ਦੰਗ ਰਹਿ ਜਾਂਦੇ ਕਿ ਖ਼ਬਰ ਦੇ ਉਸੇ ਟੈਕਸਟ ਵਿੱਚੋਂ ਉਸ ਲੁਕੀ ਹੋਈ ਗੱਲ ਨੂੰ ਜ਼ੀਰਵੀ ਸਾਹਿਬ ਕਿਵੇਂ ਲੱਭ ਲੈਂਦੇ ਸਨ, ਜਿਹੜੀ ਕਿਸੇ ਹੋਰ ਅਖ਼ਬਾਰ ਦੀ ਮੇਜ਼ ਉੱਤੇ ਬੈਠੇ ਸਮਾਚਾਰ ਸੰਪਾਦਕਾਂ ਨੂੰ ਨਹੀਂ ਲੱਭਦੀ ਸੀ। ਟੋਰਾਂਟੋ ਦੀ ਵਿਰਾਸਤ ਪੀਸ ਸੰਸਥਾ ਵੱਲੋਂ ਉਨ੍ਹਾਂ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਾਲ 2023 ਦਾ ਕਾਮਰੇਡ ਜਗਜੀਤ ਸਿੰਘ ਆਨੰਦ ਯਾਦਗਾਰੀ ਵਾਰਤਕ ਪੁਰਸਕਾਰ ਵੀ ਐਲਾਨ ਕੀਤਾ ਗਿਆ ਸੀ, ਜਿਹੜਾ ਨਵੰਬਰ 2023 ਦੇ ਸਮਾਗਮ ਵਿੱਚ ਭੇਟ ਕੀਤਾ ਜਾਣਾ ਸੀ, ਪਰ ਪੁਰਸਕਾਰ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਉਹ ਵਿੱਛੜ ਗਏ। ਉਨ੍ਹਾਂ ਦੀ ਸ਼ਖਸੀਅਤ ਦੇ ਮੀਰੀ ਗੁਣਾਂ ਵਿੱਚ ਸਹਿਜ, ਸਿਰੜ, ਨਿਡਰਤਾ ਅਤੇ ਖੁਸ਼ਮਿਜਾਜ਼ੀ ਦਾ ਉਹ ਆਲਮ ਸੀ, ਜਿਸ ਦੀ ਕੋਈ ਹੋਰ ਮਿਸਾਲ ਨਹੀਂ ਹੈ। ਉਸ ਦੀ ਨੇਕ-ਦਿਲੀ ਅਤੇ ਸੁਹਿਰਦਤਾ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵਿੱਚ ਵੀ ਉਸ ਤੋਂ ਲਾਂਭੇ ਨਹੀਂ ਸੀ ਹੁੰਦੀ। ਪਾਰਟੀ ਵੇਜ਼ ਉੱਤੇ ਉਮਰ ਬਿਤਾਅ ਦੇਣੀ ਕੋਈ ਸੌਖਾ ਕਾਰਜ ਨਹੀਂ ਹੁੰਦਾ। ਕਪੂਰਥਲਾ ਤੋਂ ਜਲੰਧਰ ਤੱਕ ਰੇਲ ਗੱਡੀ ਦਾ ਸਫ਼ਰ ਕਰਕੇ, ਸਟੇਸ਼ਨ ਤੋਂ ਨਵਾਂ ਜ਼ਮਾਨਾ ਤੱਕ ਪੈਦਲ ਚੱਲ ਕੇ ਆਉਣ ਦੀ ਦਿਨ ਚਰਿਆ ਵਿੱਚ ਉਸ ਨੇ ਲੰਮੀ ਘਾਲਣਾ ਘਾਲੀ ਹੈ-ਇਸ ਸਾਰੇ ਸਫ਼ਰ ਵਿੱਚ ਕਿਤਾਬਾਂ ਹਮੇਸ਼ਾ ਉਸ ਦੇ ਅੰਗ-ਸੰਗ ਰਹੀਆਂ। ਚਿਹਰੇ ’ਤੇ ਮੁਸਕਾਨ, ਜ਼ੁਬਾਨ ’ਤੇ ਹਾਸੇ-ਮਜ਼ਾਕ ਨਾਲ ਭਰਪੂਰ ਚੁਟਕਲੇ, ਦਿਮਾਗ਼ ਵਿੱਚ ਦਗ਼ਦੇ ਵਿਚਾਰਾਂ ਵਾਲਾ ਜ਼ੀਰਵੀ ‘ਨਵਾਂ ਜ਼ਮਾਨਾ’ ਦਾ ਉਹ ਮਾਣ ਸੀ, ਜਿਸ ਨੂੰ ਭੁੱਲਣਾ ਬਹੁਤ ਮੁਸ਼ਕਲ ਹੈ।
ਉਸ ਦੀਆਂ ਇਨ੍ਹਾਂ ਖੂਬੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਆਪਣੇ ਵਜੂਦ ਵਿੱਚ ਸਮਾ ਸਕੀਏ ਤਾਂ ਇਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।




