ਐੱਸ ਜੀ ਪੀ ਸੀ ਚੋਣਾਂ ਲਈ ਪੰਥਕ ਆਗੂਆਂ ਦੀ ਅਹਿਮ ਬੈਠਕ

0
178

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨਾਲ ਬੁੱਧਵਾਰ ਉਨ੍ਹਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਪੰਥਕ ਆਗੂਆਂ ਦੀ ਅਹਿਮ ਮੀਟਿੰਗ ਹੋਈ।
ਮੀਟਿੰਗ ’ਚ ਅਕਾਲ ਤਖਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਬਲਬੀਰ ਸਿੰਘ ਘੁੰਨਸ, ਜਸਟਿਸ ਨਿਰਮਲ ਸਿੰਘ, ਭਾਈ ਗੁਰਦੀਪ ਸਿੰਘ, ਜਥੇਦਾਰ ਬਲਦੇਵ ਸਿੰਘ ਚੁੰਘਾ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਅਤੇ ਓ ਐੱਸ ਡੀ ਜਸਵਿੰਦਰ ਸਿੰਘ ਮੌਜੂਦ ਸਨ।
ਇਸ ਦੌਰਾਨ ਪੰਥਕ ਆਗੂਆਂ ਨੇ 8 ਨਵੰਬਰ ਨੂੰ ਐੱਸ ਜੀ ਪੀ ਸੀ ਦੇ ਅਹੁਦੇਦਾਰਾਂ ਦੀ ਹੋਣ ਵਾਲੀ ਚੋਣ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਢੀਂਡਸਾ ਨੇ ਕਿਹਾ ਕਿ ਢੁਕਵਾਂ ਮੌਕਾ ਆਉਣ ’ਤੇ ਉਨ੍ਹਾ ਵੱਲੋਂ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵਜੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਪੰਥਕ ਆਗੂਆਂ ਨੇ 21 ਅਕਤੂਬਰ ਤੋਂ ਐੱਸ ਜੀ ਪੀ ਸੀ ਚੋਣਾਂ ਲਈ ਵੋਟਾਂ ਬਣਾਉਣ ਦੀ ਸ਼ੁਰੂ ਹੋਈ ਪ੍ਰਕਿਰਿਆ ਵਿਚ ਗੁਰਸਿੱਖ ਪਰਵਾਰਾਂ ਨੂੰ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਆਗੂਆਂ ਵਲੋਂ ਐੱਸ ਜੀ ਪੀ ਸੀ ਚੋਣਾਂ ਵਿਚ ਗੁਰਮਤਿ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੇ ਯੋਗ ਅਤੇ ਸਾਫ-ਸੁਥਰੇ ਅਕਸ ਵਾਲੇ ਗੈਰ-ਰਾਜਨੀਤਕ ਉਮੀਦਵਾਰਾਂ ਨੂੰ ਖੜ੍ਹੇ ਕਰਨ ’ਤੇ ਜ਼ੋਰ ਦਿੱਤਾ ਗਿਆ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ‘ਭਿ੍ਰਸ਼ਟਾਚਾਰ ਕਰਕੇ’ ਸ਼੍ਰੋਮਣੀ ਕਮੇਟੀ ’ਤੇ ਆਪਣੀ ਇਜਾਰੇਦਾਰੀ ਕਾਇਮ ਕਰਕੇ ਬੈਠੇ ਬਾਦਲ ਪਰਵਾਰ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਤੋਂ ਲਾਂਭੇ ਕੀਤਾ ਜਾ ਸਕੇ। ਇਸ ਦੌਰਾਨ ਸਮੂਹ ਆਗੂਆਂ ਨੇ ਇੱਕਜੁੱਟ ਹੋ ਕੇ ਸਿੱਖ ਸੰਸਥਾਵਾਂ ਦਾ ਵਕਾਰ ਬਹਾਲ ਕਰਨ ਲਈ ਪੰਥਕ ਵਿਚਾਰਧਾਰਾ ਨੂੰ ਉਭਾਰਨ ’ਤੇ ਵੀ ਜ਼ੋਰ ਦਿੱਤਾ।
ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਅਪੀਲ ਕੀਤੀ ਕਿ ਉਹ ਕੌਮ ਦੀ ਬਿਹਤਰੀ ਲਈ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ। ਉਨ੍ਹਾਂ ਸਮੂਹ ਪੰਥਕ ਆਗੂਆਂ ਨੂੰ ਇੱਕਜੁੱਟ ਹੋ ਕੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ, ਤਾਂ ਜੋ ਪੰਥ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲਾਂ ਦੇ ਘੇਰੇ ’ਚੋਂ ਕੱਢ ਕੇ ਮੁੜ ਕੌਮ ਦੀ ਸੇਵਾ ਲਈ ਇਕ ਉੱਤਮ ਸੰਸਥਾ ਬਣਾਉਣ ’ਚ ਸਹਾਈ ਹੋਇਆ ਜਾਏ।

LEAVE A REPLY

Please enter your comment!
Please enter your name here