ਸੁਰਖੀ ਤਰਾਸ਼ ਸੁਰਖੀ ਬਣ ਗਏ

0
288

ਜਲੰਧਰ : ‘ਨਵਾਂ ਜ਼ਮਾਨਾ’ ਦੀਆਂ ਸੁਰਖੀਆਂ ਜ਼ੀਰਵੀ ਸਾਹਿਬ ਹੀ ਤਰਾਸ਼ਦੇ ਹੁੰਦੇ ਸਨ। ਉਨ੍ਹਾ ਦੇ ਤੁਰ ਜਾਣ ਦੀ ਖਬਰ ਦੀ ਅਜਿਹੀ ਸੁਰਖੀ ਔਹੜੀ ਨਹੀਂ, ਜਿਹੜੀ ਉਨ੍ਹਾ ਦੀ ਸ਼ਖਸੀਅਤ ਨਾਲ ਮੁਕੰਮਲ ਇਨਸਾਫ ਕਰਦੀ। ‘ਨਵਾਂ ਜ਼ਮਾਨਾ’ ਅਖਬਾਰ ਨੂੰ ਦਿਲੋ-ਜਾਨ ਨਾਲ ਸਿੰਜਣ ਵਾਲੇ ਸੁਰਜਨ ਜ਼ੀਰਵੀ ਕੈਨੇਡਾ ’ਚ ਵਿਛੋੜਾ ਦੇ ਗਏ।
ਹਾਲਾਂਕਿ ਉਨ੍ਹਾ ਨੂੰ ਵੱਡੀਆਂ-ਵੱਡੀਆਂ ਪੇਸ਼ਕਸ਼ਾਂ ਹੋਈਆਂ, ਪਰ ਉਹ ‘ਨਵਾਂ ਜ਼ਮਾਨਾ’ ਨਾਲ ਹੀ ਪ੍ਰਤੀਬੱਧ ਰਹੇ। ਕੈਨੇਡਾ ਚਲੇ ਜਾਣ ਤੋਂ ਬਾਅਦ ਵੀ ਉਹ ਆਖਰੀ ਸਾਹਾਂ ਤੱਕ ‘ਨਵਾਂ ਜ਼ਮਾਨਾ’ ਨਾਲ ਜੁੜੇ ਰਹੇ। ਲਾਸਾਨੀ ਪੱਤਰਕਾਰ ਜ਼ੀਰਵੀ ਸਾਹਿਬ ਦੀ ਸੰਗਤ ਵਿਚ ਅਨੇਕਾਂ ਅਜਿਹੇ ਪੱਤਰਕਾਰ ਪੈਦਾ ਹੋਏ, ਜਿਨ੍ਹਾਂ ਮੀਡੀਆ ਦੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਿਆ।
94 ਸਾਲ ਦੇ ਜ਼ੀਰਵੀ ਸਾਹਿਬ ਟੋਰਾਂਟੋ ’ਚ ਬੇਟੀ ਕੋਲ ਰਹਿ ਰਹੇ ਸਨ। ਉਹ ਸੁਰੀਲੇ ਪੰਜਾਬੀ ਗਾਇਕ ਮਰਹੂਮ ਜਗਜੀਤ ਸਿੰਘ ਜ਼ੀਰਵੀ ਦੇ ਵੱਡੇ ਵੀਰ ਸਨ।
ਪੰਜਾਬ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਾਮਰੇਡ ਸੁਰਜਨ ਸਿੰਘ ਜ਼ੀਰਵੀ ਦੇ ਦਿਹਾਂਤ ਉਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾ ਕਿਹਾ ਕਿ ਸੁਰਜਨ ਸਿੰਘ ਜ਼ੀਰਵੀ ਨੇ ਪਾਰਟੀ ਦੇ ਅਖਬਾਰ ‘ਨਵਾਂ ਜ਼ਮਾਨਾ’ ਦੇ ਸੰਪਾਦਕੀ ਬੋਰਡ ਵਿਚ ਸੀਨੀਅਰ ਸੰਪਾਦਕ ਵਜੋਂ ਜਗਜੀਤ ਸਿੰਘ ਆਨੰਦ, ਗੁਰਬਖਸ਼ ਸਿੰਘ ਬੰਨੂਆਣਾ ਨਾਲ ਲੰਮਾ ਸਮਾਂ ਅਖਬਾਰ ਨੂੰ ਅਗਵਾਈ ਦਿੱਤੀ। 30 ਕੁ ਸਾਲ ਪਹਿਲਾਂ ਉਹ ਕੈਨੇਡਾ ਚਲੇ ਗਏ ਸਨ। ਉਥੇ ਹੀ ਉਹਨਾ ਅੱਜ ਆਖਰੀ ਸਾਹ ਲਏ। ਉਹ ਲੰਮਾ ਸਮਾਂ ਪਾਰਟੀ ਦੀ ਸੂਬਾ ਕੌਂਸਲ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਰਹੇ। ਭੁਪਿੰਦਰ ਸਾਂਬਰ ਮੁੱਖ ਸੰਪਾਦਕ ਅਤੇ ਗੁਰਨਾਮ ਕੰਵਰ ਸੰਪਾਦਕ ‘ਸਾਡਾ ਜੁਗ’ ਨੇ ਸਾਥੀ ਜ਼ੀਰਵੀ ਦੀ ਸਿਰਮੌਰ ਪੱਤਰਕਾਰੀ ਨੂੰ ਸਲਾਮ ਪੇਸ਼ ਕੀਤੀ। ਉਹ ਦੋਵੇਂ ਵੱਖ-ਵੱਖ ਸਮਿਆਂ ਉਤੇ ਜ਼ੀਰਵੀ ਦੀ ਸੁਚੱਜੀ ਅਗਵਾਈ ਹੇਠ ਪੱਤਰਕਾਰੀ ਕਰਦੇ ਰਹੇ। ਸਾਥੀ ਸਾਂਬਰ 12 ਸਾਲ ਸਾਥੀ ਜ਼ੀਰਵੀ ਨਾਲ ਇਕੋ ਟੇਬਲ ਉਤੇ ਕੰਮ ਕਰਦੇ ਰਹੇ।
ਉਪਰੋਕਤ ਆਗੂਆਂ ਨੇ ਉਹਨਾ ਦੀ ਪਤਨੀ ਅੰਮਿ੍ਰਤ ਜ਼ੀਰਵੀ ਅਤੇ ਬੇਟੀ, ਜਿਸ ਕੋਲ ਉਹ ਹੁਣ ਰਹਿ ਰਹੇ ਸਨ, ਨਾਲ ਦੁੱਖ ਸਾਂਝਾ ਕੀਤਾ ਅਤੇ ਉਹਨਾ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
ਪੰਜਾਬੀ ਪੱਤਰਕਾਰਤਾ ਦੇ ਥੰਮ੍ਹ, ਪੱਤਰਕਾਰਾਂ ਦੀ ਨਰਸਰੀ ਪੈਦਾ ਕਰਨ ਵਾਲੇ ਦੂਰ-ਅੰਦੇਸ਼, ਖੋਜੀ, ਸਿਰੜੀ, ਵਿਗਿਆਨਕ ਦਿ੍ਰਸ਼ਟੀ ਵਾਲੇ ਸੁਰਜਨ ਜ਼ੀਰਵੀ, ਜੋ ਸਾਡੇ ਦਰਮਿਆਨ ਨਹੀਂ ਰਹੇ, ਕਲਮਾਂ ਦੇ ਕਾਫ਼ਲੇ ਦੇ ਕਪਤਾਨ ਨੂੰ ਸਿਜਦਾ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਸ਼ੋਕ ਸਭਾ ਕੀਤੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ‘ਇਹ ਹੈ ਬਾਰਬੀ ਸੰਸਾਰ’ ਵਰਗੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ ਚੋਟੀ ਦੇ ਵਿਦਵਾਨ, ਖੋਜਕਾਰ, ਕਲਮਕਾਰ ਅਤੇ ਪੱਤਰਕਾਰਤਾ ਦੇ ਬਾਗ਼ ਦੇ ਚਿੰਤਨਸ਼ੀਲ ਮਾਲੀ ਦੇ ਵਿਛੋੜੇ ’ਤੇ ਅੱਜ ਸ਼ੋਕ ਸਭਾ ਨੇ ਉਹਨਾ ਦੇ ਪਰਵਾਰ, ਸਾਕ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਤੇ ਉਨ੍ਹਾਂ ਦੀ ਅਮਿੱਟ ਸਾਹਿਤਕ ਦੇਣ ਨੂੰ ਸੰਭਾਲਣ ਦਾ ਹਲਫ਼ ਲਿਆ।
ਸ਼ੋਕ ਸਭਾ ’ਚ ਸੁਨੇਹੇ ਸਾਂਝੇ ਕਰਨ ਵਾਲਿਆਂ ’ਚ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਮੰਗਤ ਰਾਮ ਪਾਸਲਾ, ਕੁਲਬੀਰ ਸੰਘੇੜਾ, ਹਰਵਿੰਦਰ ਭੰਡਾਲ, ਡਾ. ਸੈਲੇਸ਼, ਪ੍ਰੋ. ਤੇਜਿੰਦਰ ਵਿਰਲੀ ਅਤੇ ਐਡਵੋਕੇਟ ਰਾਜਿੰਦਰ ਮੰਡ ਸ਼ਾਮਲ ਸਨ।
ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜ਼ੀਰਵੀ ਜੀ ਲਿਆਕਤ, ਸਾਹਿਤ ਸੂਝ ਅਤੇ ਵਿਅੰਗ ਨਸ਼ਤਰ ਨੂੰ ਇੱਕੋ ਜਿਹੀ ਮੁਹਾਰਤ ਨਾਲ ਵਾਰਤਕ ਲਿਖਣ ਵਾਲੇ ਸਿਰਜਕਾਂ ’ਚੋਂ ਸਿਰਮੌਰ ਸਨ।

LEAVE A REPLY

Please enter your comment!
Please enter your name here