ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਦੀ ਨਵੀਂ ਰਿਪੋਰਟ ਅਨੁਸਾਰ ਭਾਰਤ ਵਿਚ ਸਿੰਧੂ-ਗੰਗਾ ਦੇ ਮੈਦਾਨ ਦੇ ਕੁਝ ਖੇਤਰ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੀ ਕਮੀ ਦੇ ਖਤਰਨਾਕ ਪੱਧਰ ਨੂੰ ਪਾਰ ਕਰ ਚੁੱਕੇ ਹਨ ਅਤੇ ਪੂਰੇ ਉੱਤਰ-ਪੱਛਮੀ ਖੇਤਰ ਵਿਚ 2025 ਤੱਕ ਧਰਤੀ ਹੇਠਲੇ ਪਾਣੀ ਦੇ ਖਤਰਨਾਕ ਢੰਗ ਨਾਲ ਡਿੱਗਣ ਕਾਰਨ ਪਾਣੀ ਦਾ ਗੰਭੀਰ ਸੰਕਟ ਪੈਦਾ ਹੋਣ ਦਾ ਖਦਸ਼ਾ ਹੈ। ਸੰਯੁਕਤ ਰਾਸ਼ਟਰ ਯੂਨੀਵਰਸਿਟੀ-ਇੰਸਟੀਚਿਊਟ ਫਾਰ ਇਨਵਾਇਰਨਮੈਂਟ ਐਂਡ ਹਿਊਮਨ ਸਕਿਓਰਿਟੀ ਵੱਲੋਂ ਪ੍ਰਕਾਸ਼ਤ ‘ਇੰਟਰਕਨੈਕਟਡ ਡਿਜ਼ਾਸਟਰ ਰਿਸਕ ਰਿਪੋਰਟ 2023’ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਦੁਨੀਆ ਧਰਤੀ ਹੇਠਲੇ ਪਾਣੀ ਦੀ ਕਮੀ, ਪਿਘਲਦੇ ਪਹਾੜੀ ਗਲੇਸ਼ੀਅਰ, ਪੁਲਾੜੀ ਮਲਬੇ, ਅਸਹਿ ਗਰਮੀ ਕਾਰਨ ਅਨਿਸਚਿਤ ਭਵਿੱਖ ਵੱਲ ਵਧ ਰਹੀ ਹੈ।


