ਜਲੰਧਰ (ਗਿਆਨ ਸੈਦਪੁਰੀ)
‘ਮੋਦੀ ਸਰਕਾਰ ਨੇ ਹਰੇਕ ਵਿਰੋਧੀ ਨੂੰ ਕੁਚਲ ਦੇਣ ਦਾ ਤਹੱਈਆ ਕੀਤਾ ਹੋਇਆ ਹੈ। ਜਿਹੜਾ ਵੀ ਇਸ ਸਰਕਾਰ ਦੀਆਂ ਕੁਚਾਲਾਂ ਬਾਰੇ ਲਿਖਦਾ ਜਾਂ ਬੋਲਦਾ ਹੈ, ਉਸ ਨੂੰ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਨੇ ਕੀਤਾ। ਉਹ ਸੀ ਪੀ ਆਈ ਦੇ ਜ਼ਿਲ੍ਹਾ ਸਦਰ ਮੁਕਾਮ ’ਤੇ ਕਮਿਊਨਿਸਟ ਕਾਰਕੁਨਾਂ ਨੂੰ ਸੰਬੋਧਨ ਕਰ ਰਹੇ ਸਨ। ਪਾਰਟੀ ਵੱਲੋਂ ਪੱਤਰਕਾਰਾਂ ਅਤੇ ਬੁੱਧੀਜੀਵੀਆਂ ਵਿਰੁੱਧ ਮੋਦੀ ਸਰਕਾਰ ਦੀ ਦਮਨ ਦੀ ਨੀਤੀ ਵਿਰੁੱਧ ਰੋਸ ਪ੍ਰਦਰਸ਼ਨ ਅਤੇ ਪੁਤਲੇ ਫੂਕਣ ਦੇ ਸਿਲਸਿਲੇ ਤਹਿਤ ਪਾਰਟੀ ਕਾਰਕੁਨ ਇੱਥੇ ਇਕੱਤਰ ਹੋਏ ਸਨ। ਕਾਮਰੇਡ ਕੈਲੇ ਨੇ ਕਿਹਾ ਕਿ ‘ਨਿਊਜ਼ਕਲਿੱਕ’ ਅਦਾਰੇ ਦੇ ਪੱਤਰਕਾਰਾਂ ਨੂੰ ਸੱਚ ਬੋਲਣ ਤੇ ਲਿਖਣ ਤੋਂ ਰੋਕਣ ਲਈ ਉਨ੍ਹਾਂ ਵਿਰੁੱਧ ਪਰਚੇ ਦਰਜ ਕੀਤੇ ਗਏ ਹਨ। ਸੀ ਪੀ ਆਈ ਇਸ ਘਿਨਾਉਣੀ ਕਾਰਵਾਈ ਵਿਰੁੱਧ ਪੱਤਰਕਾਰਾਂ ਨਾਲ ਡਟ ਕੇ ਖੜੀ ਹੈ। ਕਾਮਰੇਡ ਕੈਲੇ ਨੇ ਕਿਹਾ ਕਿ ਸਨਅਤੀ ਮਜ਼ਦੂਰਾਂ ਦੀ ਕੰਮ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨਾ ਤੇ ਉਜਰਤ ਅੱਠ ਘੰਟੇ ਦੀ ਹੀ ਦੇਣੀ, ਮਜ਼ਦੂਰ ਵਰਗ ਨਾਲ ਸਰਾਸਰ ਧੱਕਾ ਹੈ। ਉਨ੍ਹਾ ਕਿਹਾ ਕਿ ਉਨ੍ਹੀਵੀਂ ਸਦੀ ਵਿੱਚ ਮਜ਼ਦੂਰ ਜਮਾਤ ਨੇ ਲਹੂ ਵੀਟਵੇਂ ਸੰਘਰਸ਼ ਨਾਲ ਕੰਮ ਦਿਹਾੜੀ ਦੇ ਘੰਟੇ ਘੱਟ ਕਰਵਾਏ ਸਨ। ਮੌਜੂਦਾ ਕੇਂਦਰ ਅਤੇ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਪਿਛਲਖੁਰੀ ਚੱਲ ਪਈਆਂ ਹਨ। ਇਸ ਮੌਕੇ ਕਾਮਰੇਡ ਜਸਵਿੰਦਰ ਜੰਡਿਆਲਾ, ਕਾਮਰੇਡ ਕਿਰਪਾਲ ਸਿੰਘ, ਕਾਮਰੇਡ ਹਰਜਿੰਦਰ ਸਿੰਘ ਮੌਜੀ, ਕਾਮਰੇਡ ਵੀਰ ਕੁਮਾਰ ਅਤੇ ਕਾਮਰੇਡ ਸਿਕੰਦਰ ਸੰਧੂ ਨੇ ਵੀ ਸੰਬੋਧਨ ਕੀਤਾ।
ਬਾਅਦ ਵਿੱਚ ਪਾਰਟੀ ਦਫ਼ਤਰ ਤੋਂ ਸ਼ੁਰੂ ਹੋ ਕੇ ਬੀ ਐੱਮ ਸੀ ਚੌਕ ਤੱਕ ਰੋਸ ਮੁਜ਼ਾਹਰਾ ਕੀਤਾ ਗਿਆ। ਚੌਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇੱਥੇ ਵੀ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਮੋਦੀ ਤੇ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਤਰਸੇਮ ਜੰਡਿਆਲਾ, ਕਾਮਰੇਡ ਸੰਦੀਪ ਅਰੋੜਾ, ਸੰਤੋਸ਼ ਬਰਾੜ, ਸੁਖਵਿੰਦਰ ਕੁੱਦੋਵਾਲ, ਪਰਵਿੰਦਰ ਫਲਪੋਤਾ ਤੇ ਜਰਨੈਲ ਸਿੰਘ ਬਾਂਗੀਵਾਲ ਸ਼ਾਮਲ ਸਨ।