ਸ਼ਾਹਕੋਟ (ਗਿਆਨ ਸੈਦਪੁਰੀ)
ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕਾਮਰੇਡ ਪ੍ਰੀਤਮ ਸਿੰਘ ਨਿਆਮਤਪੁਰਾ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਲੁਧਿਆਣਾ ਵਿਖੇ ਹੋਈ। ਇਸ ਨੂੰ ਸੰਬੋਧਨ ਕਰਦਿਆਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਪੰਜਾਬ ਖੇਤ ਮਜ਼ਦੂਰ ਸਭਾ ਦਾ 33ਵਾਂ ਸੂਬਾ ਅਜਲਾਸ 25 ਅਤੇ 26 ਨਵੰਬਰ ਨੂੰ ਅਮਰ ਪੈਲੇਸ (ਰੈੱਡ ਕਰਾਸ ਭਵਨ) ਫਰੀਦਕੋਟ ਵਿਖੇ ਹੋਏਗਾ। ਪਹਿਲੇ ਦਿਨ 25 ਨਵੰਬਰ ਨੂੰ ਵਿਸ਼ਾਲ ਖੇਤ ਮਜ਼ਦੂਰ ਰੈਲੀ ਕੀਤੀ ਜਾਏਗੀ। ਇਸ ਨੂੰ ਸੰਬੋਧਨ ਕਰਨ ਲਈ ਕਾਮਰੇਡ ਡੀ ਰਾਜਾ ਜਨਰਲ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਉਚੇਚੇ ਤੌਰ ’ਤੇ ਆ ਰਹੇ ਹਨ। ਕਾਮਰੇਡ ਗੋਰੀਆ ਨੇ ਕਿਹਾ ਕਿ ਮੋਦੀ ਸਰਕਾਰ ਪਿੰਡਾਂ ਦੇ ਕਾਮਿਆਂ ਦੇ ਹੱਕ ਵਿੱਚ ਮਨਰੇਗਾ ਕਾਨੂੰਨ ਸਹੀ ਲਾਗੂ ਕਰਨ ਲਈ ਤਿਆਰ ਨਹੀਂ। ਇਸ ਦੇ ਬਜਟ ਵਿੱਚ ਕਟੌਤੀ ਨੇ ਖੇਤ ਮਜ਼ਦੂਰਾਂ ਲਈ ਰੁਜ਼ਗਾਰ ਦੇ ਹੱਕ ’ਤੇ ਪਾਣੀ ਫੇਰ ਦਿੱਤਾ ਹੈ। ਇਨ੍ਹਾਂ ਵਾਸਤੇ ਸਾਲ ਵਿੱਚ 200 ਦਿਨ ਕੰਮ ਅਤੇ ਘੱਟੋ-ਘੱਟ 700 ਰੁਪਏ ਦਿਹਾੜੀ ਨਹੀਂ ਕੀਤੀ ਜਾ ਰਹੀ। ਸਮਾਜਕ ਸੁਰੱਖਿਆ ਅਧੀਨ 5000 ਰੁਪਏ ਪੈਨਸ਼ਨ ਨਹੀਂ ਦਿੱਤੀ ਜਾ ਰਹੀ। ਪਿੰਡਾਂ ਦੇ ਕਾਮਿਆਂ ਲਈ ਖੇਤੀ ਅਧਾਰਤ ਸਨਅਤਾਂ ਲਗਾ ਕੇ ਬਦਲਵੇਂ ਕੰਮ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ, ਦੇਸ਼ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਉੱਪਰ ਅੱਤਿਆਚਾਰ ਵਧੇ ਹਨ। ਇਸ ਸੂਬਾ ਅਜਲਾਸ ਵਿੱਚ ਇਨ੍ਹਾਂ ਮੁੱਦਿਆਂ ’ਤੇ ਵਿਚਾਰ ਕਰਕੇ ਆਉਣ ਵਾਲੇ ਦਿਨਾਂ ਵਿੱਚੋਂ ਪੰਜਾਬ ਵਿੱਚ ਖੇਤ ਮਜ਼ਦੂਰਾਂ ਦਾ ਵਿਸ਼ਾਲ ਥੜ੍ਹਾ ਉਸਾਰ ਕੇ ਘੋਲਾਂ ਨੂੰ ਤੇਜ਼ ਕਰਨ ਦੇ ਫੈਸਲੇ ਲਏ ਜਾਣਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਕੰਮ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਹੁਕਮ ਨੂੰ ਤੁਰੰਤ ਵਾਪਸ ਲਏ। ਪੰਜਾਬ ਦੇ ਖੇਤ ਮਜ਼ਦੂਰਾਂ ਨਾਲ ਕੀਤੇ ਵਾਅਦੇ ਬਿਨਾਂ ਦੇਰੀ ਤੋਂ ਪੂਰੇ ਕਰੇ। ਉਨ੍ਹਾ ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ 25 ਨਵੰਬਰ ਨੂੰ ਫਰੀਦਕੋਟ ਵਿਖੇ ਹੋ ਰਹੀ ਖੇਤ ਮਜ਼ਦੂਰ ਰੈਲੀ ਵਿੱਚ ਪਰਵਾਰਾਂ ਸਮੇਤ ਵਧ-ਚੜ੍ਹ ਕੇ ਸ਼ਾਮਲ ਹੋਣ। ਸੂਬਾ ਅਜਲਾਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਬੰਤ ਬਰਾੜ ਸਕੱਤਰ ਸੂਬਾ ਕੌਂਸਲ ਸੀ ਪੀ ਆਈ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਖੇਤ ਮਜ਼ਦੂਰਾਂ ਦੇ ਸਵਾਲਾਂ ਦਾ ਜ਼ੋਰਦਾਰ ਸਮਰਥਨ ਕਰਦੀ ਹੈ ਅਤੇ ਅਪੀਲ ਕਰਦੀ ਹੈ ਕਿ ਪੰਜਾਬ ਦੀ ਪਾਰਟੀ ਦੇ ਸਾਰੇ ਸਾਥੀ ਪਿੰਡਾਂ ਦੀ ਸਭ ਤੋਂ ਪੀੜਤ ਜਮਾਤ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਰੈਲੀ ਅਤੇ ਅਜਲਾਸ ਨੂੰ ਕਾਮਯਾਬ ਕਰਨ ਲਈ ਤਨ, ਮਨ ਤੇ ਧਨ ਨਾਲ ਮਦਦ ਕਰਨ।
ਮੀਟਿੰਗ ’ਚ ਸੁਰਿੰਦਰ ਸਿੰਘ ਭੈਣੀ, ਮਲਕੀਤ ਚੰਦ ਨਵਾਂਸ਼ਹਿਰ, ਸੰਤੋਖ ਪਾਲ ਨਵਾਂ ਸ਼ਹਿਰ, ਬਲਬੀਰ ਸਿੰਘ ਮੱਲ੍ਹੀ, ਮੋਹਣ ਸਿੰਘ ਲੁਧਿਆਣਾ, ਰਾਣਾ ਸਿੰਘ, ਦਰਸ਼ਨ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ ਲੁਧਿਆਣਾ, ਸੁਖਦੇਵ ਸਿੰਘ, ਲਾਲ ਸਿੰਘ ਤਰਨ ਤਾਰਨ, �ਿਸ਼ਨ ਚੌਹਾਨ ਮਾਨਸਾ, ਕਰਨੈਲ ਸਿੰਘ ਨਾਹਰ ਸਿੰਘ ਲੁਧਿਆਣਾ, ਗੁਰਨਾਮ ਸਿੰਘ ਫਰੀਦਕੋਟ, ਪ੍ਰੀਤਮ ਸਿੰਘ ਸੰਗਰੂਰ, ਸਿਮਰ ਕੌਰ, ਪ੍ਰਗਟ ਸਿੰਘ ਫਤਿਹਗੜ੍ਹ ਸਾਹਿਬ, ਪ੍ਰਮੋਦ ਕੁਮਾਰ, ਭਰਪੂਰ ਸਿੰਘ, ਰੁੱਗਾ ਰਾਮ ਫਾਜ਼ਿਲਕਾ, ਗੁਰਮੇਲ ਸਿੰਘ ਲੁਧਿਆਣਾ, ਮਲਕੀਤ ਸਿੰਘ, ਸੁਨੀਲ ਕੁਮਾਰ ਰਾਜੇਵਾਲ ਤੇ ਸਵਰਨ ਸਿੰਘ ਕਾਕੜਾ ਕਲਾਂ ਆਦਿ ਮੌਜੂਦ ਸਨ।





