ਦੋਹਾ : ਕਤਰ ਦੀ ਅਦਾਲਤ ਨੇ ਭਾਰਤ ਦੇ 8 ਸਾਬਕਾ ਨੇਵੀ ਅਫਸਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਉੱਥੇ ਇਕ ਸਾਲ ਤੋਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਫੈਸਲੇ ’ਤੇ ਹੈਰਾਨੀ ਤੇ ਪ੍ਰੇਸ਼ਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੂਰੇ ਫੈਸਲੇ ਦੀ ਉਡੀਕ ਕਰ ਰਿਹਾ ਹੈ। ਭਾਰਤ ਸਰਕਾਰ ਇਸ ਬਾਰੇ ਕਤਰ ਦੀ ਸਰਕਾਰ ਨਾਲ ਗੱਲ ਕਰੇਗੀ। ਕਤਰ ਸਰਕਾਰ ਨੇ ਨੇਵੀ ਅਫਸਰਾਂ ’ਤੇ ਲੱਗੇ ਦੋਸ਼ ਜਨਤਕ ਨਹੀਂ ਕੀਤੇ । ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿਚ ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਸੌਰਭ ਵਸ਼ਿਸ਼ਟ, ਕੈਪਟਨ ਬੀਰੇਂਦਰ ਕੁਮਾਰ ਵਰਮਾ, ਕਮਾਂਡਰ ਪੂਰਣੇਂਦੂ ਤਿਵਾੜੀ, ਕਮਾਂਡਰ ਸੁਗਨਾਕਰ ਪਕਾਲਾ, ਕਮਾਂਡਰ ਸੰਜੀਪ ਗੁਪਤਾ, ਕਮਾਂਡਰ ਅਮਿਤ ਨਾਗਪਾਲ ਤੇ ਸੇਲਰ ਰਾਗੇਸ਼ ਸ਼ਾਮਲ ਹਨ।
ਕਤਰ ਦੀ ਇੰਟੈਲੀਜੈਂਸ ਏਜੰਸੀ ਦੇ ਸਟੇਟ ਸਕਿਉਰਿਟੀ ਬਿਊਰੋ ਨੇ ਇਨ੍ਹਾਂ ਨੂੰ 30 ਅਗਸਤ 2022 ਨੂੰ ਗਿ੍ਰਫਤਾਰ ਕੀਤਾ ਸੀ। ਭਾਰਤੀ ਦੂਤਘਰ ਨੂੰ ਸਤੰਬਰ ਦੇ ਅੱਧ ਵਿਚ ਪਹਿਲੀ ਵਾਰ ਗਿ੍ਰਫਤਾਰੀਆਂ ਬਾਰੇ ਦੱਸਿਆ ਗਿਆ। 30 ਸਤੰਬਰ ਨੂੰ ਇਨ੍ਹਾਂ ਨੂੰ ਪਰਵਾਰਕ ਮੈਂਬਰਾਂ ਨਾਲ ਥੋੜ੍ਹੀ ਦੇਰ ਲਈ ਫੋਨ ’ਤੇ ਗੱਲਬਾਤ ਕਰਨ ਦੀ ਆਗਿਆ ਦਿੱਤੀ ਸੀ। ਦੂਤਘਰ ਵਾਲਿਆਂ ਨੂੰ ਇਕ ਮਹੀਨੇ ਬਾਅਦ ਤਿੰਨ ਅਕਤੂਬਰ ਨੂੰ ਮਿਲਣ ਦਿੱਤਾ ਗਿਆ। ਇਸ ਦੇ ਬਾਅਦ ਇਨ੍ਹਾਂ ਨੂੰ ਹਰ ਹਫਤੇ ਪਰਵਾਰਕ ਮੈਂਬਰਾਂ ਨਾਲ ਫੋਨ ’ਤੇ ਗੱਲਬਾਤ ਦੀ ਆਗਿਆ ਦਿੱਤੀ ਗਈ ਅਤੇ ਦੂਤਘਰ ਵਾਲਿਆਂ ਨੂੰ ਦੂਜੀ ਵਾਰ ਦਸੰਬਰ ਵਿਚ ਮਿਲਣ ਦਿੱਤਾ ਗਿਆ। ਇਹ ਕਤਰ ਵਿਚ ਦਾਹਰਾ ਗਲੋਬਲ ਟੈਕਨਾਲੋਜੀਜ਼ ਐਂਡ ਕੰਸਲਟੈਂਸੀ ਨਾਂਅ ਦੀ ਨਿੱਜੀ ਕੰਪਨੀ ਵਿਚ ਕੰਮ ਕਰਦੇ ਸਨ। ਇਹ ਕੰਪਨੀ ਡਿਫੈਂਸ ਸਰਵਿਸ ਦਿੰਦੀ ਹੈ। ਓਮਾਨ ਏਅਰ ਫੋਰਸ ਦਾ ਰਿਟਾਇਰਡ ਸਕੁਐਡਰਨ ਲੀਡਰ ਖਮਿਸ ਅਲ ਆਜ਼ਮੀ ਇਸ ਦਾ ਮੁਖੀ ਹੈ। ਉਸ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਸੀ, ਪਰ ਨਵੰਬਰ ਵਿਚ ਛੱਡ ਦਿੱਤਾ ਗਿਆ। ਭਾਰਤੀਆਂ ਦੀ ਗਿ੍ਰਫਤਾਰੀ ਤੋਂ ਬਾਅਦ ਕੰਪਨੀ ਦੀ ਵੈੱਬਸਾਈਟ ਬੰਦ ਹੋ ਗਈ ਸੀ। ਨਵੀਂ ਵੈੱਬਸਾਈਟ ਦਾ ਨਾਂਅ ਦਾਹਰਾ ਗਲੋਬਲ ਹੈ, ਇਸ ਦਾ ਪਹਿਲੀ ਕੰਪਨੀ ਨਾਲ ਕੋਈ ਰਿਸ਼ਤਾ ਨਹੀਂ ਦਿਖਾਇਆ ਗਿਆ। ਦਾਹਰਾ ਕੰਪਨੀ ਵਿਚ ਮੈਨੇਜਿੰਗ ਡਾਇਰੈਕਟਰ ਰਹੇ ਕਮਾਂਡਰ ਪੂਰਣੇਂਦੂ ਤਿਵਾੜੀ ਨੂੰ ਭਾਰਤ ਤੇ ਕਤਰ ਵਿਚਾਲੇ ਦੁਵੱਲੇ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਉਨ੍ਹਾ ਦੀਆਂ ਸੇਵਾਵਾਂ ਬਦਲੇ 2019 ਵਿਚ ਪ੍ਰਵਾਸੀ ਭਾਰਤੀ ਸਨਮਾਨ ਮਿਲਿਆ ਸੀ।
ਹਾਲਾਂਕਿ ਕਤਰ ਨੇ 8 ਭਾਰਤੀਆਂ ਦੇ ਦੋਸ਼ਾਂ ਬਾਰੇ ਕੁਝ ਨਹੀਂ ਦੱਸਿਆ, ਪਰ ਉਨ੍ਹਾਂ ਨੂੰ ਇਕੱਲੇ-ਇਕੱਲੇ ਜੇਲ੍ਹ ਵਿਚ ਰੱਖਣ ਕਾਰਨ ਚਰਚਾ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਸੰਬੰਧੀ ਅਪਰਾਧ ਦੇ ਸਿਲਸਿਲੇ ਵਿਚ ਗਿ੍ਰਫਤਾਰ ਕੀਤਾ ਗਿਆ। ਸਥਾਨਕ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਲੋਕ ਇਜ਼ਰਾਈਲ ਲਈ ਕਤਰ ਦੇ ਪਣਡੁੱਬੀ ਪ੍ਰੋਜੈਕਟ ਦੀ ਜਾਸੂਸੀ ਕਰ ਰਹੇ ਸਨ। ਹਾਲਾਂਕਿ ਰਿਪੋਰਟਾਂ ਵਿਚ ਕੋਈ ਤੱਥ ਨਹੀਂ ਪੇਸ਼ ਕੀਤੇ ਗਏ।





