ਜਲੰਧਰ (ਕੇਸਰ) : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਵਿਰਸਾ ਵਿਹਾਰ ਅੰਮਿ੍ਰਤਸਰ, ਮੁਹਾਲੀ, ਚੰਡੀਗੜ੍ਹ, ਨਗਰ ਅਤੇ ਮੋਗਾ ਵਿਖੇ ਝੰਡੇ ਦੇ ਗੀਤ ਅਤੇ ਨਾਟਕਾਂ ਦੀ ਤਿਆਰੀ ਲਈ ਚੱਲ ਰਹੀਆਂ ਵਰਕਸ਼ਾਪਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਥਾਓਂ-ਥਾਈਂ ਗੀਤ-ਸੰਗੀਤ ਮੰਡਲੀਆਂ ਵੀ ਮੇਲੇ ਵਿੱਚ ਸੰਗੀਤ ਦੇ ਰੰਗ ਭਰਨ ਲਈ ਜ਼ੋਰਦਾਰ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਮੇਲੇ ਲਈ ਦਦੇਹਰ ਸਾਹਿਬ (ਤਰਨ ਤਾਰਨ) ਸਮੂਹ ਨਗਰ ਨਿਵਾਸੀ ਲੰਗਰ ਦੀਆਂ ਸੇਵਾਵਾਂ ਭੇਟ ਕਰਨ ਦੇਸ਼ ਭਗਤ ਯਾਦਗਾਰ ਹਾਲ ਪੁੱਜੇ। ਕਮੇਟੀ ਦਦੇਹਰ ਸਾਹਿਬ ਨਗਰ ਤੋਂ ਆਏ ਲੋਕਾਂ ਦਾ ਮੇਲੇ ’ਚ ਸਨਮਾਨ ਕਰੇਗੀ।
ਦੇਸ਼ ਭਗਤ ਯਾਦਗਾਰ ਹਾਲ ਅੰਦਰ ਸ਼ੁੱਕਰਵਾਰ ਸਾਰਾ ਦਿਨ ਚਹਿਲ-ਪਹਿਲ, ਜੋਸ਼-ਖਰੋਸ਼ ਅਤੇ ਰੌਣਕਾਂ ਰਹੀਆਂ। ਮੇਲੇ ਦੀ ਸਫ਼ਲਤਾ ਲਈ ਚੱਲ ਰਹੀਆਂ ਤਿਆਰੀਆਂ ਵਿੱਚ ਟੀਮਾਂ ਲੱਗੀਆਂ ਰਹੀਆਂ। ਜੀ.ਟੀ. ਰੋਡ ਤੋਂ ਲੈ ਕੇ ਹਾਲ ਦੇ ਅੰਦਰ ਤੱਕ ਵਿਸ਼ੇਸ਼ ਕਰਕੇ ਚਿੱਤਰ ਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਲਾਉਣ ਲਈ ਢੁਕਵੇਂ ਪ੍ਰਬੰਧ ਕਰਨ ਲਈ ਸਾਰਾ ਦਿਨ ਜੰਗੀ ਪੱਧਰ ’ਤੇ ਕੰਮ ਹੋਇਆ।
ਪੰਡਾਲ, ਫਲੈਕਸਾਂ, ਝੰਡੇ, ਝੰਡੀਆਂ, ਟੂਕਾਂ, ਲਾਈਟ, ਸਾਊਂਡ ਅਤੇ ਸਫ਼ਾਈ ਦੇ ਕੰਮ ਨੇਪਰੇ ਚਾੜ੍ਹਨ ਲਈ ਟੀਮਾਂ ਵੱਲੋਂ ਜ਼ੋਰਦਾਰ ਉੱਦਮ ਜੁਟਾਏ ਜਾ ਰਹੇ ਹਨ। ਪ੍ਰਦੇਸਾਂ ’ਚ ਵਸਦੇ ਪਰਵਾਰ ਮੇਲੇ ’ਚ ਸ਼ਮੂਲੀਅਤ ਲਈ ਪੁੱਜਣੇ ਸ਼ੁਰੂ ਹੋ ਗਏ ਹਨ। ਪੁਸਤਕ ਪ੍ਰਦਰਸ਼ਨੀ ਘਾਹ ਪਾਰਕ ਵਿੱਚ ਤਿੰਨ ਦਿਨ ਲੱਗੀ ਰਹੇਗੀ। ਝੰਡੇ ਦਾ ਗੀਤ, ਗ਼ਦਰੀ ਬੀਬੀ ਗੁਲਾਬ ਕੌਰ ਮੁੱਖ ਪੰਡਾਲ ਵਿੱਚ ਜਿਸ ਅੰਦਾਜ਼ ਵਿੱਚ ਹੋ ਰਿਹੈ, ਉਸ ਲਈ ਆਰਜ਼ੀ ਤੌਰ ’ਤੇ ਮੁੱਖ ਸਟੇਜ ਹੋਰ ਵੱਡੀ ਕੀਤੀ ਜਾ ਰਹੀ ਹੈ। ਪੰਜਾਬ ਭਰ ਦੀਆਂ ਜਨਤਕ ਜੱਥੇਬੰਦੀਆਂ ਦੇ ਦੇਸ਼ ਭਗਤ ਯਾਦਗਾਰ ਹਾਲ ਲਗਾਤਾਰ ਫੋਨ ਆਉਂਦੇ ਰਹੇ। ਉਹਨਾਂ ਦੱਸਿਆ ਕਿ ਉਹ ਕਾਫ਼ਲੇ ਬੰਨ੍ਹ ਕੇ ਮੇਲੇ ’ਚ ਸ਼ਾਮਲ ਹੋ ਰਹੇ ਹਨ। ਪੰਜਾਬ ’ਚ ਲੱਗਦੇ ਆਮ ਮੇਲਿਆਂ ਨਾਲੋਂ ਨਿਵੇਕਲੀ ਤੋਰ ਦਾ ਮੇਲਾ ਜਿੱਥੇ ਇਤਿਹਾਸ ਦੀ ਲੋਅ ਜਗਦੀ ਰੱਖਣ ਦਾ ਅਹਿਦ ਲਏਗਾ, ਉਥੇ ਨਵੀਂ ਤਰਜ਼ ਦੇ ਮੇਲੇ ਦਾ ਮੁਕਾਮ ਸਿਰਜੇਗਾ।





